ਰੇਲਵੇ ਸਟੇਸ਼ਨ ਦੀ ਭੰਨ ਤੋੜ ਮਾਮਲੇ ’ਚ ਨਾਮਜਦ 13 ਡੇਰਾ ਪ੍ਰੇਮੀ ਬਰੀ
ਅਸ਼ੋਕ ਵਰਮਾ
ਬਠਿੰਡਾ,25 ਨਵੰਬਰ2021: ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੰਚਕੂਲਾ ਅਦਾਲਤ ਵੱਲੋਂ ਸਜ਼ਾ ਸੁਣੇ ਜਾਣ ਵਾਲੇ ਦਿਨ 25 ਅਗਸਤ 2017 ਨੂੰ ਬੱਲੂਆਣਾ ਰੇਲਵੇ ਸਟੇਸ਼ਨ ਦੀ ਭੰਨ ਤੋੜ ਕਰਨ ਦੇ ਮਾਮਲੇ ’ਚ ਨਾਮਜਦ 13 ਡੇਰਾ ਪ੍ਰੇਮੀਆਂ ਨੂੰ ਅੱਜ ਬਠਿੰਡਾ ਅਦਾਲਤ ਨੇ ਬਾਇੱਜਤ ਬਰੀ ਕਰ ਦਿੱਤਾ ਹੈ। ਕੇਂਦਰ ਸਰਕਾਰ ਦੀ ਮਾਲਕੀ ਵਾਲੇ ਰੇਲ ਵਿਭਾਗ ਦ ਥਾਣਾ ਜੀ ਆਰ ਪੀ ਬਠਿੰਡਾ ’ਚ ਇਸ ਸਬੰਧ ਵਿੱਚ ਮੁਕੱਦਮਾ ਨੰਬਰ 91 ਦਰਜ ਕੀਤਾ ਗਿਆ ਸੀ। ਪਤਾ ਲੱਗਿਆ ਹੈ ਕਿ ਰੇਲਵੇ ਪੁਲਿਸ ਇਸ ਸਬੰਧ ’ਚ ਅਦਾਲਤ ਅੱਗੇ ਕੋਈ ਸਬੂਤ ਹੀ ਨਹੀਂ ਪੇਸ਼ ਕਰ ਸਕੀ ਹੈ ਜਿਸ ਤੋਂ ਦੋਸ਼ ਸਿੱਧ ਹੁੰਦੇ ਹੋਣ।
ਅੱਜ ਬਰੀ ਕੀਤੇ 13 ਡੇਰਾ ਸ਼ਰਧਾਲੂਆਂ ਵਿੱਚ ਡੇਰਾ ਸਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਇੰਸਾਂ ਬਠਿੰਡਾ ਤੋਂ ਇਲਾਵਾ ਬਲਾਕ ਚੁੱਘੇ ਕਲਾਂ ਦੇ ਹਰਜੀਵਨ ਸਿੰਘ ਇੰਸਾਂ, ਗੁਰਤੇਜ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, ਕਾਕਾ ਸਿੰਘ ਇੰਸਾਂ, ਰਾਜਵੀਰ ਸਿੰਘ ਇੰਸਾਂ, ਪ੍ਰਤਾਪ ਸਿੰਘ ਉਰਫ ਡੀਸੀ ਇੰਸਾਂ, ਹਰਦਮ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਜਗਦੀਪ ਸਿੰਘ ਇੰਸਾਂ, ਮਹਾਂਦੇਵ ਸਿੰਘ ਇੰਸਾਂ, ਵੇਦ ਪ੍ਰਕਾਸ਼ ਇੰਸਾਂ ਅਤੇ ਗੁਰਮੇਲ ਸਿੰਘ ਇੰਸਾਂ ਸ਼ਾਮਲ ਹਨ। ਅੱਜ ਇਹ ਫੈਸਲਾ ਐਡੀਸ਼ਨਲ ਸੈਸ਼ਨ ਜੱਜ ਹੀਰਾ ਸਿੰਘ ਗਿੱਲ ਦੀ ਅਦਾਲਤ ਨੇ ਸੁਣਾਇਆ ਹੈ।
ਡੇਰਾ ਸਰਸਾ ਦੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਬਠਿੰਡਾ ਨੇ ਦੱਸਿਆ ਕਿ 25 ਅਗਸਤ ਨੂੰ ਜੀ ਆਰ ਪੀ ਨੇ ਇੰਨ੍ਹਾਂ 13 ਜਣਿਆਂ ਤੇ ਬੱਲੂਆਣਾ ਰੇਲਵੇ ਸਟੇਸ਼ਨ ਦੀ ਭੰਨ ਤੋੜ ਕਰਨ ਦਾ ਝੂਠਾ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਸੁਣਵਾਈ ਦੌਰਾਨ ਉਨਾਂ ਵੱਲੋਂ ਐਡਵੋਕੇਟ ਰਾਜੇਸ਼ ਸ਼ਰਮਾ, ਐਚ. ਐਸ. ਖੋਸਾ ਅਤੇ ਅੰਮ੍ਰਿਤਪਾਲ ਸਿੰਘ ਪੇਸ਼ ਹੋਏ ਸਨ। ਉਨ੍ਹਾਂ ਦੱਸਿਆ ਕਿ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅੱਜ ਐਡੀਸ਼ਨਲ ਸੈਸ਼ਨ ਜੱਜ ਹੀਰਾ ਸਿੰਘ ਗਿੱਲ ਦੀ ਅਦਾਲਤ ਨੇ ਇਸ ਕੇਸ ’ਚ ਨਾਮਜਦ ਕੀਤੇ ਡੇਰਾ ਪ੍ਰੇਮੀ ਬਾਇੱਜਤ ਬਰੀ ਕਰ ਦਿੱਤੇ ਹਨ। ਡੇਰਾ ਸ਼ਰਧਾਲੂਆਂ ਨੇ ਆਖਿਆ ਕਿ ਉਨਾਂ ਨੂੰ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਸੀ ਕਿ ਅਤੇ ਅੰਤ ਨੂੰ ਸੱਚ ਦੀ ਜਿੱਤ ਹੋਈ ਹੈ ।