ਅਕਾਲੀ ਆਗੂ ਤੇ ਪਰਚਾ ਦਰਜ ਕਰਨ ਖਿਲਾਫ ਸਰੂਪ ਸਿੰਗਲਾ ਵੱਲੋਂ ਧਰਨਾ
ਅਸ਼ੋਕ ਵਰਮਾ
ਬਠਿੰਡਾ,25 ਨਵੰਬਰ2021: ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਆਖਿਆ ਹੈ ਕਿ ਕੰਧ ਤੇ ਲਿਖੀ ਹਾਰ ਨੂੰ ਦੇਖ ਕੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਸ ਦਾ ਰਿਸ਼ਤੇਦਾਰ ਸ਼ਹਿਰ ਵਾਸੀਆਂ ਦੀ ਆਵਾਜ਼ ਨੂੰ ਧੱਕੇ ਨਾਲ ਦਬਾਉਣਾ ਚਾਹੁੰਦੇ ਹਨ ਅਤੇ ਅਕਾਲੀ ਦਲ ਦੇ ਵਰਕਰਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਦਾ ਉਹ ਡਟ ਕੇ ਮੁਕਾਬਲਾ ਕਰਨਗੇ। ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਬੀਤੀ ਰਾਤ ਤੋਂ ਵਰਧਮਾਨ ਚੌਕੀ ਦੇ ਕੀਤੇ ਗਏ ਘਿਰਾਓ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜੇਕਰ ਦੇਰ ਸ਼ਾਮ ਤੱਕ ਆਈ ਟੀ ਵਿੰਗ ਦੇ ਪ੍ਰਧਾਨ ਮਨਪ੍ਰੀਤ ਸਿੰਘ ਨੂੰ ਰਿਹਾਅ ਨਾ ਕੀਤਾ ਤਾਂ ਐੱਸਐੱਸਪੀ ਦਫਤਰ ਦਾ ਘਿਰਾਓ ਅਤੇ ਝੂਠਾ ਪਰਚਾ ਦਰਜ ਕਰਨ ਵਾਲੇ ਪੁਲੀਸ ਮੁਲਾਜਮਾਂ ਤੇ ਵੀ ਇਸਤਗਾਸਾ ਦਾਇਰ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਦੀ ਜਵਾਬਦੇਹੀ ਹੋ ਸਕੇ ਕਿ ਉਹ ਕਿਵੇਂ ਕਥਿਤ ਸਿਆਸੀ ਸ਼ਹਿ ਹੇਠ ਅਕਾਲੀ ਵਰਕਰਾਂ ਤੇ ਝੂਠੇ ਪਰਚੇ ਦਰਜ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਪਾਰਟੀ ਦੇ ਨਾਲ ਡਟ ਕੇ ਖੜ੍ਹੇ ਹਨ ਅਤੇ ਖਜਾਨਾ ਮੰਤਰੀ ਪੰਜਾਬ ਦੀਆਂ ਲੋਕ ਮਾਰੂ ਨੀਤੀਆਂ ਤੋਂ ਸ਼ਹਿਰ ਵਾਸੀ ਦੁਖੀ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਉਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਤੇ ਪੁਲਸ ਨੇ ਕਾਂਗਰਸੀ ਕੌਂਸਲਰ ਯਸ਼ੋਧਾ ਰਾਣੀ ਦੇ ਪਤੀ ਵਿਕਰਮ ਕ੍ਰਾਂਤੀ ਕਰਕੇ ਝੂਠਾ ਪਰਚਾ ਦਰਜ ਕੀਤਾ ਹੈ ਜਦੋਂਕਿ ਲੜਾਈ ਕਾਂਗਰਸੀ ਆਗੂ ਮੇਘ ਰਾਜ ਅਤੇ ਵਿਕਰਮ ਕ੍ਰਾਂਤੀ ਦੀ ਆਪਸੀ ਸੀ । ਉਨ੍ਹਾਂ ਦੱਸਿਆ ਕਿ ਇੱਟਾਂ ਗਾਇਬ ਕਰਨ ਕਰਕੇ ਦੋਨੋਂ ਲੜੇ ਸਨ, ਮਨਪ੍ਰੀਤ ਸਿੰਘ ਦਾ ਕੋਈ ਕਸੂਰ ਵੀ ਨਹੀਂ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਸਿਆਸੀ ਲੋਕਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ । ਇਸ ਮੌਕੇਸ਼ ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਕੌਂਸਲਰ ਮੱਖਣ ਸਿੰਘ, ਸਾਬਕਾ ਕੌਂਸਲਰ ਹਰਵਿੰਦਰ ਗੰਜੂ, ਕਿਰਨਦੀਪ ਸਿੰਘ ਗਹਿਰੀ ਸਮੇਤ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦ ਸੀ ।