ਬਜ਼ੁਰਗ ਔਰਤ ਕੋਲੋਂ ਘਰ 'ਚੋਂ ਮੋਬਾਈਲ ਫੋਨ ਖੋਹ ਕੇ ਭੱਜੇ ਲੁਟੇਰਿਆਂ ਨੂੰ ਗਤਕਾ ਕੋਚ ਸਿੰਘਣੀ ਨੇ ਦਲੇਰੀ ਨਾਲ ਕੀਤਾ ਕਾਬੂ
ਬਲਵਿੰਦਰ ਸਿੰਘ ਧਾਲੀਵਾਲ
- ਸੁਲਤਾਨਪੁਰ ਲੋਧੀ ਖੇਤਰ ਵਿੱਚ ਆਏ ਦਿਨ ਲਗਾਤਾਰ ਹੋ ਰਹੀਆਂ ਨੇ ਚੋਰੀ ਦੀਆਂ ਵਾਰਦਾਤਾਂ, ਪੁਲਿਸ ਸੁਸਤ ਹੈ ਤੇ ਲੁਟੇਰੇ ਚੁਸਤ
ਸੁਲਤਾਨਪੁਰ ਲੋਧੀ 25 ਨਵੰਬਰ 2021 - ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਲੇ-ਦੁਆਲੇ ਪਿੰਡਾਂ ਵਿੱਚ ਆਏ ਦਿਨ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜਿਸ ਦੀ ਤਾਜ਼ਾ ਮਿਸਾਲ ਅੱਜ ਉਸ ਵੇਲੇ ਮਿਲੀ ਜਦੋਂ ਥਾਣਾ ਸੁਲਤਾਨਪੁਰ ਲੋਧੀ ਤੋਂ ਕੁਝ ਦੂਰੀ ਤੇ ਸਥਿਤ ਅਤੇ ਸ਼ਹਿਰ ਦੇ ਐਨ ਵਿਚਕਾਰ ਪੈਂਦੇ ਸਿੱਖਾਂ ਮੁਹੱਲੇ ਵਿੱਚ ਆਏ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਘਰ ਵਿੱਚ ਬੈਠੀ ਬਜ਼ੁਰਗ ਔਰਤ ਕੋਲੋਂ ਸ਼ਾਮ ਵੇਲੇ ਮੋਬਾਈਲ ਫੋਨ ਖੋਹ ਕੇ ਭੱਜ ਗਏ।
ਤਦ ਬਜ਼ੁਰਗ ਔਰਤ ਨੇ ਹੁਸ਼ਿਆਰੀ ਵਰਤਦਿਆਂ ਆਪਣੇ ਦੂਸਰੇ ਮੋਬਾਈਲ ਫੋਨ ਰਾਹੀਂ ਇਸ ਘਟਨਾ ਦੀ ਸੂਚਨਾ ਆਪਣੀ ਗਤਕਾ ਕੋਚ ਬੇਟੀ ਗੁਰਵਿੰਦਰ ਕੋਰ ਨੂੰ ਦਿੱਤੀ । ਗਤਕਾ ਕੋਚ ਗੁਰਵਿੰਦਰ ਕੌਰ ਨੇ ਘਰ ਆ ਕੇ ਸੀ.ਸੀ.ਟੀ.ਵੀ ਕੈਮਰਿਆਂ ਵਿੱਚੋਂ ਲੁਟੇਰਿਆਂ ਦੀ ਫੋਟੋ ਕੱਢ ਕੇ ਸੋਸ਼ਲ ਮੀਡੀਆ ਅਤੇ ਵਟਸ ਐਪ ਗਰੁੱਪਾਂ ਵਿੱਚ ਪਾ ਦਿੱਤੀ। ਇਸੇ ਦੋਰਾਨ ਹੀ ਗੁਰਵਿੰਦਰ ਕੋਰ ਪੁਲਿਸ ਨੂੰ ਵੀ ਲੁੱਟ ਦੀ ਇਤਲਾਹ ਕਰਕੇ ਖੁਦ ਵੀ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੰਦੀ ਹੈ।ਇਸੇ ਦੌਰਾਨ ਹੀ ਜਾਣਕਾਰੀ ਮਿਲਦੀ ਹੈ ਕਿ ਲੁਟੇਰੇ ਦੂਜੀ ਲੁੱਟ ਦੀ ਨੀਯਤ ਵਿੱਚ ਸੁਲਤਾਨਪੁਰ ਲੋਧੀ ਵਿੱਚ ਹੀ ਘੁੰਮ ਰਹੇ ਨੇ।
ਗਤਕਾ ਕੋਚ ਗੁਰਵਿੰਦਰ ਕੋਰ ਵੱਲੋਂ ਲੁਟੇਰਿਆਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਦਬੋਚ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਲੁਟੇਰਿਆਂ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ। ਫ਼ਿਲਹਾਲ ਦੋਨੋ ਲੁਟੇਰੇ ਪੁਲਿਸ ਦੀ ਹਿਰਾਸਤ ਵਿੱਚ ਹਨ ਤੇ ਪੁਲਿਸ ਉਹਨਾਂ ਕੋਲ਼ੋਂ ਹੋਰ ਵਾਰਦਾਤ ਸੰਬੰਧੀ ਛਾਨਬੀਨ ਕਰ ਰਹੀ ਹੈ।