ਯੂਕੇ ਪੁਲਿਸ ਵੱਲੋਂ ਸਿੱਖਸ ਫਾਰ ਜਸਟਿਸ ਦੇ ਦਫਤਰ 'ਤੇ ਛਾਪੇ ਦੀ ਰਿਪੋਰਟ- 'ਪੰਜਾਬ ਰੈਫਰੈਂਡਮ' ਵਿੱਚ ਫਰਜ਼ੀ ਵੋਟਾਂ ਦਾ ਸ਼ੱਕ - ਇਲੈਕਟ੍ਰਾਨਿਕ ਡਿਵਾਈਸ ਅਤੇ ਦਸਤਾਵੇਜ਼ ਕਬਜ਼ੇ 'ਚ ਲਏ -ਸੀ ਐਨ ਐਨ ਨਿਊਜ਼-18 ਰਿਪੋਰਟ
ਨਵੀਂ ਦਿੱਲੀ, 25 ਨਵੰਬਰ 2021 - ਬ੍ਰਿਟਿਸ਼ ਪੁਲਿਸ ਨੇ ਸਿੱਖਸ ਫਾਰ ਜਸਟਿਸ ਦੇ ਹੰਸਲੋ ਦਫਤਰ 'ਤੇ ਕੁਝ ਦਿਨ ਪਹਿਲਾਂ ਛਾਪੇਮਾਰੀ ਕੀਤੀ ਸੀ ਜੋ ਕਿ 'ਪੰਜਾਬ ਰੈਫਰੈਂਡਮ' ਦੇ ਫਰਜ਼ੀਵਾੜੇ ਹੋਣ ਦੇ ਸ਼ੱਕ ਕਰ ਕੇ ਕੀਤੀ ਸੀ।
ਸੀ ਐਨ ਐਨ ਨਿਊਜ਼-18 ਦੀ ਖ਼ਬਰ ਅਨੁਸਾਰ ਸੂਤਰਾਂ ਅਨੁਸਾਰ ਇਹ ਛਾਪੇ 15 ਨਵੰਬਰ ਨੂੰ ਸਦਾ ਸੁਪਰਸਟੋਰ, 356 ਬਾਥ ਰੋਡ, ਹੰਸਲੋ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਐਸ ਐਫ ਜੇ ਦੇ ਦਫ਼ਤਰ 'ਤੇ ਮਾਰੇ ਗਏ ਸਨ। ਪੁਲਿਸ ਨੇ ਹਾਲ ਹੀ ਵਿੱਚ ਸੰਗਠਨ ਦੁਆਰਾ ਕਰਵਾਏ ਗਏ 'ਪੰਜਾਬ ਰੈਫਰੈਂਡਮ' ਨਾਲ ਸਬੰਧਤ ਸਾਈਟ ਤੋਂ ਇਲੈਕਟ੍ਰਾਨਿਕ ਡਿਵਾਈਸਾਂ ਅਤੇ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ।
ਇਸ ਰਿਪੋਰਟ ਅਨੁਸਾਰ ਸੂਤਰਾਂ ਅਨੁਸਾਰ ਸਿੱਖਸ ਫਾਰ ਜਸਟਿਸ ਮੈਂਬਰ ਫਰਜ਼ੀ ਪਛਾਣ ਪੱਤਰ ਬਣਾਉਣ ਲਈ ਵੱਖ-ਵੱਖ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਕਰ ਰਹੇ ਸਨ। 'ਰੈਫਰੈਂਡਮ' ਲਈ ਵੋਟਿੰਗ ਨੰਬਰਾਂ ਨੂੰ ਵਧਾਉਣ ਲਈ ਜਾਅਲੀ ਵੋਟਰਾਂ ਨਾਲ ਸਬੰਧਤ ਕਈ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
ਸਿੱਖਸ ਫਾਰ ਜਸਟਿਸ ਨੂੰ ਭਾਰਤ ਸਰਕਾਰ ਨੇ 2019 ਵਿੱਚ ਪੰਜਾਬ ਵਿੱਚ ਵੱਖਵਾਦ ਅਤੇ ਹਿੰਸਕ ਖਾੜਕੂਵਾਦ ਨੂੰ ਉਤਸ਼ਾਹਿਤ ਕਰਨ ਲਈ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਪਾਬੰਦੀ ਲਗਾਈ ਸੀ।
2007 ਵਿੱਚ ਸਥਾਪਿਤ, ਸਿੱਖਸ ਫਾਰ ਜਸਟਿਸ ਇੱਕ ਮੁੱਖ ਤੌਰ 'ਤੇ ਯੂਐਸ-ਅਧਾਰਤ ਸੰਗਠਨ ਹੈ ਜੋ ਪੰਜਾਬ ਵਿੱਚ ਸਿੱਖਾਂ ਲਈ ਇੱਕ ਵੱਖਰੇ ਹੋਮਲੈਂਡ ਦੀ ਮੰਗ ਕਰ ਰਿਹਾ ਹੈ, ਜਿਸਨੂੰ "ਖਾਲਿਸਤਾਨ" ਕਿਹਾ ਜਾਂਦਾ ਹੈ।
ਭਾਰਤ ਦੇ ਉੱਚ ਸਰਕਾਰੀ ਸੂਤਰਾਂ ਨੇ ਕਿਹਾ ਕਿ ਹੰਸਲੋ ਐਡਰੈੱਸ ਭਾਰਤ ਵਿਰੋਧੀ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਇਸ ਮਹੀਨੇ ਕੈਨੇਡੀਅਨ ਸਰਕਾਰ ਨੂੰ ਸਿੱਖਸ ਫਾਰ ਜਸਟਿਸ ਨੂੰ ਦੇਸ਼ ਵਿੱਚ ਇੱਕ ਅੱਤਵਾਦੀ ਸੰਸਥਾ ਘੋਸ਼ਿਤ ਕਰਨ ਦੀ ਬੇਨਤੀ ਕੀਤੀ ਸੀ।