ਕਾਂਗਰਸੀ ਅਬਜ਼ਰਵਰ ਹਰਸ਼ਵਰਧਨ ਸਪਕਲ ਨੇ ਟ੍ਰੈਕ ਕੀਤੀ ਕੋਟਕਪੂਰਾ ਤੋਂ ਕਾਂਗਰਸ ਟਿਕਟ ਦੇ ਦਾਅਵੇਦਾਰਾਂ ਦੀ ਨਬਜ਼
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਲੱਗ ਪਾਰਟੀ ਬਣਾਏ ਜਾਣ ਦੇ ਚਲਦੇ ਟਿਕਟ ਨਾ ਮਿਲਣ ਤੇ ਨਿਰਾਸ਼ ਹੋਣ ਵਾਲੇ ਆਗੂਆਂ ਨੂੰ ਸ਼ਾਂਤ ਕਰਨਾ ਬਣ ਸਕਦਾ ਹੈ ਟੇਢੀ ਖੀਰ
ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 26 ਨਵੰਬਰ 2021-ਹਰਸ਼ਵਰਧਨ ਸਪਕਲ ਜੋ ਆਲ ਇੰਡੀਆ ਕਾਂਗਰਸ ਕਮੇਟੀ ਦੇ ਰਾਸ਼ਟਰੀ ਸਕੱਤਰ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਹਨ। ਜੋ ਕੋਟਕਪੂਰਾ ਵਿਖੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਰਜਕਰਤਾਵਾਂ ਦੀ ਨਬਜ਼ ਟਟੋਲਨ ਲਈ ਅਬਜ਼ਰਬਰ ਬਣਕੇ ਆਏ ਸਨ। ਉਹ ਕਾਰਕਰਤਾਵਾਂ ਨਾਲ ਬੈਠਕ ਕਰਕੇ ਚਲੇ ਗਏ ਹਨ।
ਬੇਸ਼ੱਕ ਸਥਾਨਕ ਕਾਂਗਰਸੀ ਆਗੂਆਂ ਨੇ ਪੱਤਰਕਾਰਾਂ ਅੱਗੇ ਦਾਅਵਾ ਕੀਤਾ ਕਿ ਪਾਰਟੀ ਵਿੱਚ ਸਥਾਨਕ ਲੈਬਲ ਤੇ ਕੋਈ ਧੜੇਬੰਦੀ ਨਹੀਂ ਹੈ। ਕਾਰਜਕਤਾਵਾਂ ਵਿੱਚ ਮਤਭੇਦ ਹੋ ਸਕਦੇ ਹਨ, ਪਰ ਵਿਚਾਰਾਂ ਦਾ ਕੋਈ ਭੇਦ ਨਹੀਂ ਹੈ। ਸਾਰੇ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹਨ। ਅਜਿਹੇ 'ਚ ਸਾਰੇ ਕਾਰਜਕਰਤਾ ਆਉਣ ਵਾਲੀਆਂ ਚੋਣਾਂ 2022 ਲਈ ਕਮਰ ਕੱਸ ਚੁੱਕੇ ਹਨ ਅਤੇ ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ, ਸਾਰੇ ਕਾਂਗਰਸੀ ਵਰਕਰ ਉਸ ਲਈ ਕੰਮ ਕਰਨਗੇ। ਤਾਂ ਜੋ ਉਹ ਸੀਟ ਜਿੱਤ ਕੇ ਪੰਜਾਬ ਵਿੱਚ ਕਾਂਗਰਸ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣਾ ਸਕੀਏ।
ਕਿੰਤੂ ਇਹ ਗੁੱਟਬਾਜੀ ਲੁੱਕ ਨਹੀਂ ਸਕੀ । ਕਾਂਗਰਸੀ ਸੂਤਰਾਂ ਮੁਤਾਬਿਕ ਜ਼ਿਲ੍ਹਾ ਪ੍ਰਧਾਨ ਅਜੇਪਾਲ ਸੰਧੂ, ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਅਤੇ ਧੰਨਜੀਤ ਸਿੰਘ ਧਨੀ ਵਿਰਕ ਵਲੋਂ ਦਾਅਵੇਦਾਰੀ ਜਤਾਈ ਜਾ ਰਹੀ ਹੈ। ਹਾਲਾਂਕਿ ਵਿਧਾਨ ਸਭਾ ਹਲਕੇ ਤੋਂ ਬਾਹਰ ਦੇ ਦੋ ਹੋਰ ਚਰਚਿਤ ਦਾਅਵੇਦਾਰ ਇਸ ਮੌਕੇ ਹਾਜ਼ਰ ਨਹੀਂ ਦਿਖੇ।
ਸੂਤਰਾਂ ਮੁਤਾਬਿਕ ਕਾਂਗਰਸ ਦੇ ਚੋਣ ਅਬਜ਼ਰਵਰਾਂ ਵਲੋਂ ਵਧ ਰਹੀ ਧੜੇਬੰਦੀ ਨੂੰ ਖਤਮ ਕਰਨ ਲਈ ਰਣਨੀਤੀ ਵੀ ਘੜੀ ਜਾ ਰਹੀ ਹੈ। ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਵਧੀਆ ਪ੍ਰਦਰਸ਼ਨ ਕਰਕੇ ਚੋਣਾਂ ਜਿੱਤ ਕੇ ਸਰਕਾਰ ਬਣਾ ਸਕੇ।
ਅਬਜ਼ਰਵਰ ਦੀ ਰਾਇ ਇਹ ਵੀ ਤੈਅ ਕਰੇਗੀ ਕਿ ਕਿਹੜਾ ਉਮੀਦਵਾਰ ਕਿੰਨੇ ਡੂੰਘੇ ਪਾਣੀਆਂ ਵਿੱਚ ਹੈ। ਅੰਦਰੋਂ ਖਬਰਾਂ ਮਿਲੀਆਂ ਹਨ ਕਿ ਦਾਅਵੇਦਾਰਾਂ ਵਲੋਂ ਆਪੋ ਆਪਣੇ ਹੱਕ ਵਿੱਚ ਲਾਬਿੰਗ ਵੀ ਕੀਤੀ ਗਈ ਸੀ।
ਜਾਣਕਾਰੀ ਮੁਤਾਬਿਕ ਸਮੂਹ ਵਰਕਰਾਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਅਤੇ ਦਾਅਵੇਦਾਰਾਂ ਬਾਰੇ ਜਾਣਕਾਰੀ ਲਈ ਗਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੀਨੀਅਰ ਕਾਂਗਰਸੀ ਆਗੂਆਂ ਤੋਂ ਵੀ ਸੁਝਾਅ ਵੀ ਮੰਗੇ ਗਏ। ਅਂਬਜ਼ਰਵਰ ਨੇ ਵਰਕਰਾਂ ਤੋਂ ਟਿਕਟਾਂ ਦੀ ਮੰਗ ਕਰਨ ਵਾਲੇ ਦਾਅਵੇਦਾਰਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ ਤਾਂ ਜੋ ਉਹ ਆਪਣੀ ਵਿਸਤ੍ਰਿਤ ਰਿਪੋਰਟ ਸੂਬਾ ਇੰਚਾਰਜ ਨੂੰ ਸੌਂਪ ਸਕਣ।
ਮੰਨਿਆ ਜਾ ਰਿਹਾ ਹੈ ਕਿ ਦਸੰਬਰ ਦੇ ਅੰਤ ਤੱਕ ਪੰਜਾਬ ਵਿੱਚ ਹੋਣ ਵਾਲੀਆਂ ਆਗਾਮੀ 2022 ਚੋਣਾਂ ਲਈ ਕਾਂਗਰਸ ਪਾਰਟੀ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਤਾਂ ਜੋ ਉਮੀਦਵਾਰ ਆਪੋ ਆਪਣੇ ਵਿਧਾਨ ਸਭਾ ਖੇਤਰ ਵਿੱਚ ਸਖ਼ਤ ਮਿਹਨਤ ਕਰ ਸਕਣ।
ਅਬਜ਼ਰਵਰਾਂ ਦੀ ਰਿਪੋਰਟ ਤੋਂ ਬਾਅਦ ਵੀ ਜ਼ਿਲ੍ਹਾ ਫਰੀਦਕੋਟ ਵਿੱਚ ਕਾਂਗਰਸ ਟਿਕਟ ਲਈ ਉਮੀਦਵਾਰਾਂ ਦੀ ਚੋਣ ਕਾਫੀ ਟੇਢੀ ਖੀਰ ਸਾਬਿਤ ਹੋਵੇਗੀ। ਕਿਓਂਕਿ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਜ਼ਿਲ੍ਹਾ ਫਰੀਦਕੋਟ ਨਾਲ ਉਨ੍ਹਾਂ ਦੇ ਓਐਸਡੀ ਰਹੇ ਸੰਦੀਪ ਸਿੰਘ ਸੰਨੀ ਬਰਾੜ ਉਨ੍ਹਾਂ ਨਾਲ ਸਾਏ ਦੀ ਤਰਾਂ ਖੜੇ ਦਿਖ ਰਹੇ ਹਨ। ਜ਼ਿਲ੍ਹਾ ਫਰੀਦਕੋਟ ਹੀ ਨਹੀਂ ਆਸ ਪਾਸ ਦੇ ਜ਼ਿਲਿਆਂ ਵਿੱਚ ਵੀ ਸੰਨੀ ਬਰਾੜ ਦਾ ਕਾਫੀ ਅਸਰ ਰਸੂਖ ਦੱਸਿਆ ਜਾ ਰਿਹਾ ਹੈ। ਫਰੀਦਕੋਟ ਅਤੇ ਕੋਟਕਪੂਰਾ ਵਿੱਚ ਤਾਂ ਟੀਮ ਸੰਨੀ ਬਰਾੜ ਪਹਿਲਾਂ ਦੀ ਤਰਾਂ ਸਰਗਰਮ ਹੈ ?
ਚਰਚਾ ਇਹ ਵੀ ਹੈ ਕਿ ਟਿਕਟ ਨਾ ਮਿਲਣ ਤੇ ਕੁਝ ਆਗੂਆਂ ਦਾ ਨਿਰਾਸ਼ ਅਤੇ ਨਾਰਾਜ ਹੋਣਾ ਸੁਭਾਵਿਕ ਹੈ। ਅਜਿਹੀ ਹਾਲਤ ਵਿੱਚ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨਿਰਾਸ਼ ਅਤੇ ਨਾਰਾਜ ਕਾਰਕਰਤਾਵਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਜ਼ਰੂਰ ਕਰੇਗੀ। ਹਾਲਾਂਕਿ ਬੀਜੇਪੀ ਸੂਤਰਾਂ ਦਾ ਦਾਅਵਾ ਹੈ ਕਿ ਕੈਪਟਨ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਜੇਕਰ ਬੀਜੇਪੀ ਦਾ ਕੋਈ ਗਠਜੋੜ ਹੁੰਦਾ ਹੈ ਤਾਂ ਪਹਿਲੀ ਗੱਲ ਪੰਜਾਬ ਲੋਕ ਕਾਂਗਰਸ ਨੂੰ ਜਿਆਦਾ ਸੀਟਾਂ ਨਹੀਂ ਦਿੱਤੀਆਂ ਜਾਣਗੀਆਂ। ਦੂਜਾ ਜ਼ਿਲਾ ਫਰੀਦਕੋਟ, ਮੋਗਾ, ਫਿਰੋਜ਼ਪੁਰ ਅਤੇ ਸ਼੍ਰੀ ਮੁਕਤਸਰ ਸਾਹਿਬ ਦੀਆਂ ਵਿਧਾਨ ਸਭਾ ਸੀਟਾਂ ਤੇ ਦਾਅਵੇਦਾਰੀ ਨਹੀਂ ਛੱਡੀ ਜਾਵੇਗੀ, ਕਿਉਂਕਿ ਇਥੇ ਪਾਰਟੀ ਕੋਲ ਪਹਿਲਾਂ ਹੀ ਮਜ਼ਬੂਤ ਦਾਅਵੇਦਾਰ ਮੌਜੂਦ ਹਨ। ਅੱਜੇ ਤਕ ਪੰਜਾਬ ਲੋਕ ਕਾਂਗਰਸ ਨੂੰ ਚੋਣ ਕਮਿਸ਼ਨ ਵਲੋਂ ਮਨਜ਼ੂਰੀ ਅਤੇ ਚੋਣ ਨਿਸ਼ਾਨ ਵੀ ਨਹੀਂ ਮਿਲਿਆ ਹੈ ?