ਨਹਿਰੂ ਯੁਵਾ ਕੇਂਦਰ ਮਾਨਸਾ ਨੇ ਭਾਰਤ ਦੇ ਸੰਵਿਧਾਨ ਦਾ 72ਵਾਂ ਸੰਵਿਧਾਨ ਦਿਵਸ ਮਨਾਇਆ
ਸੰਜੀਵ ਜਿੰਦਲ, ਬਾਬੂਸ਼ਾਹੀ ਨੈੱਟਵਰਕ
ਮਾਨਸਾ, 26 ਨਵੰਬਰ 2021 : ਅੱਜ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਭਾਰਤ ਦੇ ਸੰਵਿਧਾਨ ਦਾ 72ਵਾਂ ਸੰਵਿਧਾਨ ਦਿਵਸ ਦਫਤਰ ਯੁਵਾ ਕੇਂਦਰ ਮਾਨਸਾ ਵਿੱਚ ਯੂਥ ਕਲੱਬਾਂ ਅਤੇ ਵਲੰਟੀਅਰਜ ਦੀ ਸ਼ਮੂਲੀਅਤ ਨਾਲ ਮਨਾਇਆ ਗਿਆ।ਸੈਮੀਨਾਰ ਦੇ ਆਰੰਭ ਵਿੱਚ ਮੁੱਖ ਮਹਿਮਾਨ ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਵੱਲੋਂ ਸਮੂਹ ਭਾਗੀਦਾਰਾਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਕੇ ਸੁਣਾਈ । ਸਭ ਨੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਮੰਨਣ ਦਾ ਸਕਲੰਪ ਲਿਆ। ਉਹਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ ਸ਼ਬਦ ਭਾਰਤ ਦੇ ਸੰਵਿਧਾਨ ਦੀ ਆਤਮਾ ਹਨ ਅਤੇ ਪ੍ਰਸਤਾਵਨਾ ਰਾਹੀਂ ਭਾਰਤ ਨੂੰ ਧਰਮ ਨਿਰਪੱਖ ਦੇਸ਼ ਐਲਾਨਿਆ ਗਿਆ ਹੈ।ਉਹਨਾਂ ਕਿਹਾ ਕਿ ਮਜਬੂਤ ਭਾਰਤੀ ਸੰਵਿਧਾਨ ਕਾਰਨ ਹੀ ਸਾਡੇ ਦੇਸ਼ ਦਾ ਲੋਕਤੰਤਰ ਮਜਬੂਤ ਹੈ ਅਤੇ ਹਮੇਸ਼ਾ ਸਰਕਾਰਾਂ ਦੀ ਤਬਦੀਲੀ ਸ਼ਾਂਤੀਪੁੂਰਨ ਢੰਗ ਨਾਲ ਹੁੰਦੀ ਹੈ ਜਦਕਿ ਅਸੀ ਦੇਖਦੇ ਹਾਂ ਕਿ ਸਾਡੇ ਗੁਆਂਢੀ ਮੁਲਕਾਂ ਅਤੇ ਹੋਰ ਕਈ ਦੇਸ਼ਾਂ ਵਿੱਚ ਸਰਕਾਰਾਂ ਦੀ ਤਬਦੀਲੀ ਸਮੇ ਕਿੰਨਾਂ ਖੁੂਨ ਖਰਾਬਾ ਹੁੰਦਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਦਕਰ ਦੀ ਉਸਾਰੂ ਅਤੇ ਅਗਾਂਹਵਧੂ ਸੋਚ ਕਾਰਨ ਹੀ ਅਜਿਹਾ ਸੰਵਿਧਾਨ ਅੱਜ ਭਾਰਤ ਨੂੰ ਮਿਲਿਆ ਹੈ ।ਜਿਸ ਵਿੱਚ ਲਚਕੀਲਾ ਪਣ ਵੀ ਹੈ ਅਤੇ ਨਾਗਿਰਕਾਂ ਦੀ ਰਾਖੀ ਲਈ ਵਚਨਬੱਧ ਹੈ।ਇਸੇ ਕਾਰਨ ਇਸ ਵਿੱਚ ਪਹਿਲੀ ਸੋਧ ਸੰਵਿਧਾਨ ਲਾਗੂ ਹੋਣ ਤੇ ਕੁਝ ਸਮੇਂ ਬਾਅਦ ਹੀ ਲਿਆਂਦੀ ਗਈ ਅਤੇ ਹੁਣ ਤੱਕ 105 ਸੋਧਾਂ ਇਸ ਵਿੱਚ ਲਿਆਦੀਆਂ ਗਈਆਂ ਹਨ।ਡਾ.ਘੰਡ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਜਿਕਰ ਕਰਦਿਆਂ ਦੱਸਿਆ ਕਿ ਭਾਰਤੀ ਕਾਨੂੰਨ ਅੁਨਸਾਰ ਕਿਸੇ ਵੀ ਵਿਅਕਤੀ ਨਾਲ ਜਾਤ-ਪਾਤ,ਧਰਮ ਜਾਂ ਨਸਲੀ ਭੇਦਭਾਵ ਨਹੀ ਕੀਤਾ ਜਾ ਸਕਦਾ ਅਤੇ ਹਰ ਵਿਅਕਤੀ ਕਿਸੇ ਵੀ ਖੇਤਰ ਬੇਸ਼ੱਕ ਉਹ ਰਾਜਨੀਤਕ ਹੋਵੇ ਜਾਂ ਸਾਮਜਿਕ ਜਾਂ ਆਰਿਥਕ ਉਸ ਵਿੱਚ ਉਹ ਭਾਗ ਲੈ ਸਕਦਾ ਹੈ।ਉਹਨਾਂ ਦੱਸਿਆ ਕਿ 73ਵੀ ਸੋਧ ਰਾਂਹੀ ਪੰਚਾਇਤਾਂ ਨੂੰ ਵੱਧ ਅਧਿਕਾਰ ਅਤੇ ਸਾਲ 2005 ਵਿੱਚ ਸੂਚਨਾ ਦਾ ਅਧਿਕਾਰ ਅਜਿਹੇ ਅਹਿਮ ਕਾਨੂੰਨ ਹਨ ਜਿੰਨਾਂ ਰਾਂਹੀ ਲੋਕਾਂ ਨੂੰ ਸਿੱਧੇ ਰੂਪ ਵਿੱਚ ਵੱਧ ਅਧਿਕਾਰ ਮਿਲੇ ਹਨ। ਡਾ.ਘੰਡ ਨੇ ਇਹ ਵੀ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਸੰਵਿਧਾਨ ਸਬੰਧੀ ਜਾਣਕਾਰੀ ਅਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਆਨਲਾਈਨ ਕੁਇਜ਼ ਮੁਕਾਬਲੇ ਕਰਵਾਏ ਗਏ ਅਤੇ ਸਮੂਹ ਭਾਗੀਦਾਰਾਂ ਨੂੰ ਸਾਰਟੀਫਿਕੇਟ ਦਿੱਤੇ ਗਏ।ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਕਾਨੂੰਨ ਮੰਤਰਾਲੇ ਦੀ ਵੈਬਸਾਈਟ ਤੇ ਵੀ ਨੌਜਵਾਨਾਂ ਨੇ ਸੰਵਿਧਾਨ ਦੀ ਪ੍ਰਸ਼ਤਾਵਨਾ ਪੜ੍ਹਕੇ ਸਾਰਟੀਫਿਕੇਟ ਪ੍ਰਾਪਤ ਕਰ ਰਹੇ ਹਨ।
ਇਸ ਮੌਕੇ ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋ ਨੌਜਵਾਨਾਂ ਨੂੰ ਸੰਵਿਧਾਨ ਸਬੰਧੀ ਜਾਗਰੂਕ ਕਰਨ ਲਈ ਸਟਿਕੱਰ ਜਾਰੀ ਕੀਤੇ ਗਏ ਜਿਹੜੇ ਯੂਥ ਕਲੱਬਾਂ ਅਤੇ ਵਲੰਟੀਅਰਜ ਵੱਲੋਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਲਗਾਏ ਜਾਣਗੇ।ਇਸ ਮੌਕੇ ਹੋਰਨਾਂ ਤੋ ਇਲਾਵਾ ਐਡਵੋਕੇਟ ਮੰਜੂ ਰਾਣੀ ਸਰਦੂਲਗੜ, ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ, ਮਨੋਜ ਕੁਮਾਰ ਛਾਪਿਆਂਵਾਲੀ, ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਗੁਰਸੇਵਕ ਸਿੰਘ ਸਰਦੂਲਗੜ, ਗੁਰਪ੍ਰੀਤ ਕੌਰ ਅਕਲੀਆ ਨੇ ਭਾਰਤੀ ਸੰਵਿਧਾਨ ਅਤੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾੳ ਅੰਬੇਦਕਰ ਦੀ ਜੀਵਨੀ ਬਾਰੇ ਆਪਣੇ ਵਿਚਾਰ ਯੂਥ ਕਲੱਬਾਂ ਨਾਲ ਸਾਂਝੇ ਕੀਤੇ।