ਡਿਵੀਜ਼ਨਲ ਕਮਿਸ਼ਨਰ ਵਲੋਂ ਜ਼ਿਲ੍ਹੇ 'ਚ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਕੰਮ ਦੀ ਸਮੀਖਿਆ
ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 26 ਨਵੰਬਰ 2021- ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੇ ਨਿਰਦੇਸ਼ਾਂ 'ਤੇ, ਡਵੀਜ਼ਨਲ ਕਮਿਸ਼ਨਰ ਮਨਵੇਸ਼ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਮਤਦਾਤਾ ਰਜਿਸਟ੍ਰੇਸ਼ਨ ਅਫਸਰਾਂ (ਈ.ਆਰ.ਓਜ਼) ਅਤੇ ਸਹਾਇਕ ਮਤਦਾਤਾ ਰਜਿਸਟ੍ਰੇਸ਼ਨ ਅਫਸਰਾਂ (ਏ.ਈ.ਆਰ.ਓਜ਼) ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੋਈ ਵੀ ਯੋਗ ਨਾਗਰਿਕ ਆਗਾਮੀ ਵਿਧਾਨ ਸਭਾ ਚੋਣਾਂ-2022 ਲਈ ਵੋਟਰ ਬਣਨ ਤੋਂ ਵਾਂਝਾ ਨਾ ਰਹੇ।
ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਨਾਲ ਈ.ਆਰ.ਓਜ਼ ਅਤੇ ਏ. ਈ.ਆਰ.ਓਜ਼ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ 1 ਜਨਵਰੀ, 2022 ਦੀ ਉਮਰ ਯੋਗਤਾ ਮਿਤੀ ਦੇ ਆਧਾਰ 'ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਕੰਮ ਨੂੰ ਪੂਰੀ ਸੁਹਿਰਦਤਾ ਅਤੇ ਜ਼ਿੰਮੇਵਾਰੀ ਨਾਲ ਸੰਪੂਰਨ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਨਵੇਂ ਵੋਟਰ ਵਜੋਂ ਨਾਮ ਦਰਜ ਕਰਵਾਉਣ, ਮਰੇ ਹੋਏ ਵੋਟਰਾਂ ਦੇ ਨਾਮ ਹਟਾਉਣ ਅਤੇ ਰਿਹਾਇਸ਼ੀ ਪਤੇ ਦੀ ਤਬਦੀਲੀ ਜਾਂ ਹੋਰ ਕਾਰਨਾਂ ਲਈ ਫਾਰਮ 30 ਨਵੰਬਰ ਤੱਕ ਦਿੱਤੇ ਜਾ ਸਕਦੇ ਹਨ ਅਤੇ ਅੰਤਿਮ ਵੋਟਰ ਸੂਚੀ 1 ਜਨਵਰੀ, 2022 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਅਧਿਕਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਤਾਕੀਦ ਕਰਦਿਆਂ ਡਵੀਜ਼ਨਲ ਕਮਿਸ਼ਨਰ ਨੇ ਮੁਕੰਮਲ ਤੇ ਸ਼ੁੱਧ ਵੋਟਰ ਸੂਚੀਆਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਦਾ ਆਧਾਰ ਦੱਸਿਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਨਵੀਆਂ ਪਹਿਲ ਕਦਮੀਆਂ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਹਾਇਕ ਸਿੱਧ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਇਹ ਤਬਦੀਲੀਆਂ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਕੋਲ ਆਪਣੇ ਆਪ ਨੂੰ ਰਜਿਸਟਰ ਕਰਨ ਤੋਂ ਇਲਾਵਾ, ਨਵੇਂ ਵੋਟਰ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਰਾਹੀਂ ਆਪਣੇ ਆਪ ਨੂੰ ਆਨਲਾਈਨ ਵੀ ਰਜਿਸਟਰ ਕਰ ਸਕਦੇ ਹਨ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਮੋਬਾਈਲ ਫੋਨ 'ਤੇ ਚੋਣ ਕਮਿਸ਼ਨ ਦੀ ਐਪ ਲੋਡ ਕਰਕੇ ਵੀ ਨਵੀਂ ਵੋਟ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਡਿਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਦੀ ਸਹੂਲਤ ਲਈ, ECI ਨੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (NVSP) ਅਤੇ ਵੋਟਰ ਹੈਲਪਲਾਈਨ ਐਪ ਲਾਂਚ ਕੀਤੀ ਹੈ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਵੇਂ ਵੋਟਰ ਵਜੋਂ ਰਜਿਸਟਰੇਸ਼ਨ ਕਰਵਾਉਣ ਲਈ www.nvsp.in ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਇਸੇ ਤਰ੍ਹਾਂ, ਉਨ੍ਹਾਂ ਕਿਹਾ ਕਿ ਨੌਜਵਾਨ ਵੋਟਰ ਹੈਲਪਲਾਈਨ ਐਪ ਨੂੰ ਵੀ ਆਪਣੇ ਫੋਨ ਵਿੱਚ ਡਾਊਨਲੋਡ ਕਰ ਸਕਦੇ ਹਨ ਤਾਂ ਜੋ ਵੋਟਰਾਂ ਵਜੋਂ ਆਪਣਾ ਨਾਮ ਦਰਜ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਤਾਜ਼ਾ ਰਿਕਾਰਡ ਅਨੁਸਾਰ ਜ਼ਿਲ੍ਹੇ ਵਿੱਚ 2,51,907 ਪੁਰਸ਼, 2,35,608 ਔਰਤਾਂ ਅਤੇ 20 ਦੂਸਰੇ ਮਤਦਾਤਾਵਾਂ ਸਮੇਤ 4,87,535 ਦੇ ਕਰੀਬ ਵੋਟਰ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਦੀਪ ਸਿੰਘ ਬੈਂਸ,ਐਸ ਡੀ ਐਮ ਵਿਰਾਜ ਐਸ ਤਿੜਕੇ,
ਬਲਜਿੰਦਰ ਸਿੰਘ ਢਿੱਲੋਂ, ਦੀਪਕ ਰੋਹੇਲਾ ਤੇ ਚੋਣ ਕਾਨੂੰਗੋ ਦਲਜੀਤ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।