ਸਮਾਰਟ ਵਿਲੇਜ ਕੈਂਪੇਨ ਤੇ 15 ਵੇਂ ਵਿੱਤ ਕਮਿਸ਼ਨ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ
ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 26 ਨਵੰਬਰ 2021-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਸਮਾਰਟ ਵਿਲੇਜ ਕੈਂਪੇਨ ਅਤੇ 15ਵੇਂ ਵਿੱਤ ਕਮਿਸ਼ਨ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜੁਆਇੰਟ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵੱਲੋਂ ਜਾਇਜ਼ਾ ਲੈਂਦਿਆਂ, ਵਿਭਾਗ ਦੇ ਜ਼ਿਲ੍ਹੇ ’ਚ ਤਾਇਨਾਤ ਅਧਿਕਾਰੀਆਂ ਨੂੰ ਇਨ੍ਹਾਂ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਆਖਿਆ ਗਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਵੱਖ-ਵੱਖ ਸਕੀਮਾਂ ਤਹਿਤ ਪਿੰਡਾਂ ’ਚ ਵਿਕਾਸ ਕਾਰਜ ਆਰੰਭੇ ਗਏ ਹਨ, ਜਿਨ੍ਹਾਂ ’ਚ ਲੋਕਾਂ ਦੀ ਸਹੂਲਤ ਅਤੇ ਸਿਹਤ ਨੂੰ ਧਿਆਨ ’ਚ ਰੱਖਦਿਆਂ ਪਾਰਕਾਂ ਦੀ ਉਸਾਰੀ, ਖੇਡ ਮੈਦਾਨ, ਓਪਨ ਜਿੰਮ, ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਲਾਈਟਾਂ, ਸੀਵਰੇਜ ਸਿਸਟਮ, ਇੰਟਰਲਾਕਿੰਗ ਟਾਈਲਾਂ ਆਦਿ ਪ੍ਰਮੁੱਖ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ਨੂੰ ਜੰਗੀ ਪੱਧਰ ’ਤੇ ਨੇਪਰੇ ਚਾੜ੍ਹਨ ਲਈ ਵਿਭਾਗ ਦੇ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀਆਂ ਜ਼ਿਲ੍ਹਾ ਵਾਰ ਡਿਊਟੀਆਂ ਵੀ ਲਾਈਆਂ ਹੋਈਆਂ ਹਨ, ਜਿਸ ਤਹਿਤ ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਆਏ ਹਨ।
ਸ੍ਰੀ ਭੁੱਲਰ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਸਮਾਰਟ ਵਿਲੇਜ ਕੈਂਪੇਨ ਦੇ ਪਹਿਲੇ ਪੜਾਅ ਤਹਿਤ 583 ਕੰਮਾਂ ਲਈ 24 ਕਰੋੜ ਅਤੇ ਦੂਸਰੇ ਪੜਾਅ ਤਹਿਤ 3486 ਕੰਮਾਂ ਲਈ 102 ਕਰੋੜ ਰੁਪਏ ਦੇਣ ਤੋਂ ਇਲਾਵਾ 15ਵੇਂ ਵਿੱਤ ਕਮਸ਼ਿਨ ਤਹਿਤ 47 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਇਨ੍ਹਾਂ ਸਕੀਮਾਂ ਤਹਿਤ ਹੋ ਰਹੇ ਕਾਰਜਾਂ ਦਾ ਨਿਰੰਤਰ ਜਾਇਜ਼ਾ ਲੈਂਦੇ ਰਹਿਣ ਲਈ ਆਖਿਆ। ਉਨ੍ਹਾਂ ਇਸ ਮੌਕੇ ਮਨਰੇਗਾ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੇ ਕੰਮਾਂ ਦੇ ਮਿਆਰ ਅਤੇ ਵਰਤੀ ਜਾਣ ਵਾਲੀ ਸਮੱਗਰੀ ਦੀ ਗੁਣਵੱਤਾ ਦਾ ਖਾਸ ਤੌਰ ’ਤੇ ਧਿਆਨ ਰੱਖਣ ਲਈ ਆਖਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਏ ਡੀ ਸੀ (ਡੀ) ਅਮਰਦੀਪ ਸਿੰਘ ਬੈਂਸ, ਡੀ ਡੀ ਪੀ ਓ ਦਵਿੰਦਰ ਕੁਮਾਰ ਸ਼ਰਮਾ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਧਰਮਪਾਲ ਸਿੱਧੂ, ਬੀ ਡੀ ਪੀ ਓਜ਼ ਸ੍ਰੀ ਹਰਬਿਲਾਸ ਬੰਗਾ, ਸ੍ਰੀਮਤੀ ਗੁਰਵਿੰਦਰ ਕੌਰ ਔੜ, ਸ੍ਰੀਮਤੀ ਕੁਲਵਿੰਦਰ ਕੌਰ ਨਵਾਂਸ਼ਹਿਰ ਅਤੇ ਸ੍ਰੀ ਦਰਸ਼ਨ ਸਿੰਘ ਬਲਾਚੌਰ ਮੌਜੂਦ ਸਨ।