‘ਨਰੋਆ ਪੰਜਾਬ’ ਸੰਸਥਾ ਵਲੋਂ ਗ੍ਰੰਥੀ ਸਿੰਘਾਂ ਤੇ ਪ੍ਰਚਾਰਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਤੇ ਖਾਲਸਾ ਏਡ ਨੂੰ ਪੱਤਰ
ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 26 ਨਵੰਬਰ 2021- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸੰਸਥਾ ‘ਨਰੋਆ ਪੰਜਾਬ’ ਦੇ ਸਰਪ੍ਰਸਤ ਸ. ਬਰਜਿੰਦਰ ਸਿੰਘ ਹੁਸੈਨਪੁਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਏਡ ਨੂੰ ਪੱਤਰ ਲਿਖ ਕੇ ਗ੍ਰੰਥੀ ਸਿੰਘਾਂ, ਰਾਗੀਆਂ ਅਤੇ ਪ੍ਰਚਾਰਕਾਂ ਦੀ ਆਰਥਿਕ ਮਦਦ ਲਈ ਵਿਸ਼ੇਸ਼ ਫੰਡ ਕਾਇਮ ਕਰਨ ਦੀ ਅਪੀਲ ਕੀਤੀ ਹੈ।
ਭੇਜੇ ਗਏ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਸੰਸਥਾ ‘ਨਰੋਆ ਪੰਜਾਬ’ ਵਲੋਂ ਪਿਛਲੇ ਦਿਨੀਂ ਇਲਾਕੇ ਦੇ ਗ੍ਰੰਥੀ ਸਿੰਘ ਸਾਹਿਬਾਨ, ਰਾਗੀ ਸਿੰਘਾਂ ਅਤੇ ਪ੍ਰਚਾਰਕਾਂ ਦੀ ਇਕ ਇਕੱਤਰਤਾ ਕੀਤੀ ਗਈ ਜਿਸ ਵਿੱਚ ਸਾਰਿਆਂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ‘ਗੁਰੂ ਘਰ ਦੇ ਵਜ਼ੀਰ’ ਅਖਵਾਉਣ ਵਾਲੇ ਇਹ ਸਿੰਘ ਭਾਵੇਂ ਪੰਥ ਦੀ ਚੜ੍ਹਦੀਕਲਾ ਲਈ ਹਰ ਰੋਜ਼ ਅਰਦਾਸਾਂ ਕਰਦੇ ਹਨ ਪਰ ਖੁਦ ਇਹ ਆਰਥਿਕ ਪੱਖੋਂ ਕਾਫੀ ਕਮਜ਼ੋਰ ਹਨ।ਕਰੋਨਾ ਪਿੱਛੋਂ ਤਾਂ ਇਹਨਾਂ ਦੀ ਸਮੱਸਿਆ ਹੋਰ ਵੀ ਵਧ ਗਈ ਹੈ।
ਉਹਨਾਂ ਦੇ ਸਬਰ ਸੰਤੋਖ ਦਾ ਨਤੀਜਾ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹਨ ਪਰ ਹਾਲਾਤ ਇਹ ਬਣ ਗਏ ਹਨ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਦੀ ਬਾਂਹ ਫੜ੍ਹਨ ਵਾਲਾ ਕੋਈ ਹੋਵੇ।ਸ. ਬਰਜਿੰਦਰ ਸਿੰਘ ਹੁਸੈਨਪੁਰ ਹੁਰਾਂ ਨੇ ਇਹ ਵੀ ਲਿਖਿਆ ਹੈ ਕਿ ਸਿੱਖ ਕੌਮ ਦੀ ਮਾਨਵ ਸੇਵਾ ਕਰਕੇ ਸੰਸਾਰ ਭਰ ਵਿੱਚ ਵੱਖਰੀ ਪਛਾਣ ਹੀ ਨਹੀਂ ਸਗੋਂ ਸਤਿਕਾਰ ਵੀ ਹੈ ਪਰ ਆਪਣੇ ਹੀ ਭਾਈਚਾਰੇ ‘ਚ ਆਰਥਿਕ ਤੰਗੀਆਂ ਨਾਲ ਜੂਝ ਰਹੇ ਲੋਕਾਂ ਦੀ ਹਾਲਤ ਪੂਰੀ ਕੌਮ ਲਈ ਚਿੰਤਾ ਦਾ ਵਿਸ਼ਾ ਹੋਣੀ ਚਾਹੀਦੀ ਹੈ।ਪੱਤਰ ਦੀਆਂ ਕਾਪੀਆਂ ਦੇਸ਼ ਵਿਦੇਸ਼ ਵਿੱਚ ਕੰਮ ਕਰ ਰਹੀਆਂ ਸਮੂਹ ਸਿੱਖ ਸੰਸਥਾਵਾਂ ਨੂੰ ਵੀ ਭੇਜੀਆਂ ਜਾ ਰਹੀਆਂ ਹਨ।ਉਧਰ ਗ੍ਰੰਥੀ ਸਿੰਘਾਂ ਦੇ ਨੁਮਾਇੰਦੇ ਭਾਈ ਵਜ਼ੀਰ ਸਿੰਘ ਨੇ ਸ. ਬਰਜਿੰਦਰ ਸਿੰਘ ਹੁਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਨੇ ਸਮੂਹਿਕ ਤੌਰ ‘ਤੇ ਪਾਠੀ ਸਿੰਘਾਂ ਤੇ ਹੋਰ ਪ੍ਰਚਾਰਕਾਂ ਦੇ ਹਿਤ ਦੀ ਗੱਲ ਕੀਤੀ ਹੈ।