ਪੰਜਾਬੀ ਫਿਲਮਾਂ ਦੇ ਨਾਮਵਰ ਅਦਾਕਾਰ ਕਾਕਾ ਕੌਤਕੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
ਅਸ਼ੋਕ ਵਰਮਾ
ਮਾਨਸਾ , 26 ਨਵੰਬਰ 2021: ਮਾਨਸਾ ਦੇ ਨਾਮਵਰ ਫਿਲ੍ਹਮੀ ਅਦਾਕਾਰ ‘ਕਾਕਾ ਕੌਤਕੀ’ ਜਿੰਨ੍ਹਾਂ ਦਾ ਅਸਲ ਨਾਮ ਅਰਵਿੰਦਰ ਸਿੰਘ ਉਰਫ਼ ਕਾਕਾ ਕੌਤਕੀ ਹੈ ਦੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਜਾਣ ਤੇ ਵੱਖ ਵੱਖ ਸ਼ਖਸ਼ੀਅਤਾਂ ਅਤੇ ਸਮਾਜਿਕ ਆਗੂਆਂ ਨੇ ਇੱਕ ਸ਼ੋਕ ਸਭਾ ਦੌਰਾਨ ਉਨ੍ਹਾਂ ਦੀ ਮਾਤਾ ਤੇ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੀ ਕੌਮੀ ਕਾਰਜਕਾਰਨੀ ਦੀ ਸਾਬਕਾ ਮੈਂਬਰ ਰਜਿੰਦਰ ਕੌਰ ਦਾਨੀ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਲਈ ਅਰਦਾਸ ਕੀਤੀ ਹੈ। ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਅਤੇ ਪੰਜਾਬ ਯੂਨਿਟ ਦੇ ਸਕੱਤਰ ਬਲਰਾਜ ਸਿੰਘ ਨੰਗਲ ਨੇ ਦੱਸਿਆ ਕਿ ਇਸ ਸ਼ੋਕ ਸਭਾ ਵਿੱਚ ਉਨ੍ਹਾਂ ਤੋਂ ਇਲਾਵਾ ਐਡ.ਕੁਲਦੀਪ ਸਿੰਘ ਪਰਮਾਰ,ਬਲਜਿੰਦਰ ਸੰਗੀਲਾ, ਐਡ. ਜਗਤਾਰ ਸਿੰਘ ਧਾਲ਼ੀਵਾਲ, ਬਲਰਾਜ ਮਾਨ,ਹਰਦੀਪ ਸਿੰਘ ਸਿੱਧੂ, ਚਰਨਜੀਤ ਸਿੰਘ ਚਾਨਾਂ,ਪ੍ਰਿਤਪਾਲ ਸਿੰਘ ,ਗੁਰਿੰਦਰ ਸਿੰਘ ਬੱਬੂ ਅਤੇ ਸਰਬਜੀਤ ਕੌਸ਼ਲ ਹਾਜ਼ਰ ਸਨ।
ਉਨ੍ਹਾਂ ਆਖਿਆ ਕਿ ਕਾਕਾ ਕੌਤਕੀ ਮਾਂ ਬੋਲੀ ਦਾ ਸੱਚਾ ਪੁੱਤ ਹੋ ਨਿਬੜਿਆ ਹੈ ਜਿਸ ਨੇ ਪ੍ਰਸਿੱਧੀ ਦੇ ਬਾਵਜੂਦ ਹਮੇਸ਼ਾ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਕਰਨ ਨੂੰ ਪਹਿਲ ਦਿੱਤੀ ਹੈ। ਇਸੇ ਦੌਰਾਨ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਯੂਨਿਟ ਦੇ ਸਰਪ੍ਰਸਤ ਬਲਵੰਤ ਸਿੰਘ ਖੇੜਾ ਅਤੇ ਜਨਰਲ ਸਕੱਤਰ ਓਮ ਸਿੰਘ ਸਟਿਆਣਾ ਨੇ ਵੀ ਦੁਖੀ ਪ੍ਰੀਵਾਰ ਨਾਲ ਫ਼ੋਨ ਤੇ ਸੰਵੇਦਨਾ ਪ੍ਰਗਟ ਕੀਤੀ ਹੈ। ਕਾਕਾ ਕੌਤਕੀ ਦੇ ਅਚਾਨਕ ਵਿਛੋੜੇ ਤੇ ਸਮੁੱਚੀ ਸੋਸ਼ਲਿਸਟ ਪਾਰਟੀ ਆਫ ਇੰਡੀਆ ਨੇ ਰਜਿੰਦਰ ਕੌਰ ਦਾਨੀ ਅਤੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਕੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ। ਦੱਸਣਯੋਗ ਹੈ ਕਿ ਕਾਕਾ ਕੌਤਕੀ ਦੇ ਫ਼ਿਲਮੀ ਨਾਮ ਹੇਠ ਅਰਵਿੰਦਰ ਸਿੰਘ ਨੇ ਪੰਜਾਬ ਦੇ ਨਾਮਵਰ ਡਾਇਰੈਕਟਰਾਂ ਦੀ ਨਿਰਦੇਸ਼ਨਾਂ ਹੇਠ ਬਹੁਤ ਸਾਰੀਆਂ ਕਾਮਯਾਬ ਫ਼ਿਲਮਾਂ ਵਿੱਚ ਉੱਚ ਕੋਟੀ ਦੇ ਸਫ਼ਲ ਹੀਰੋਆਂਂ ਨਾਲ ਨਾ-ਭੁੱਲਣਯੋਗ ਅਦਾਕਾਰੀ ਕੀਤੀ ਹੈ ਜਿਸ ਨੂੰ ਪੰਜਾਬੀ ਫਿਲਮਾ ਦੇ ਇਤਿਹਾਸ ’ਚ ਹਮੇਸ਼ਾ ਯਾਦ ਰੱਖਿਆ ਜਾਏਗਾ।
ਇੰਨ੍ਹਾਂ ਫਿਲਮਾਂ ਵਿੱਚ ‘ਭੱਜੋ ਵੀਰੋ ਵੇ’,ਸੁਪਨਾ, ਸੁਰਖੀ ਬਿੰਦੀ, ਗੁੱਡੀਆਂ ਪਟੋਲੇ ,ਅੜਬ ਮੁਟਿਆਰਾਂ ਅਤੇ ਕਰਮਜੀਤ ਅਨਮੋਲ ਨਾਲ ਕੁੜੀਆਂ ਜੁਆਨ-ਬਾਪੂ ਪਰੇਸ਼ਾਨ ਆਦਿਕ ਫ਼ਿਲਮਾਂ ਖਾਸ ਤੌਰ ਤੇ ਜ਼ਿਕਰਯੋਗ ਹਨ। ਕਾਕਾ ਕੌਤਕੀ ਕੁੱਝ ਦਿਨ ਪਹਿਲਾਂ ਹੀ ਐਮੀ ਵਿਰਕ ਨਾਲ ਇੰਗਲੈਂਡ ਤੋਂ ਉਸਦੀ ਫਿਲਮ ਦੀ ਸ਼ੂਟਿੰਗ ਮੁਕੰਮਲ ਕਰਕੇ ਪਰਤਿਆ ਸੀ। ਫਿਲਮੀ ਹਲਕਿਆਂ ’ਚ ਮੰਨਿਆ ਜਾਂਦਾ ਸੀ ਕਿ ਕਾਕਾ ਕੌਤਕੀ ਨੂੰ ਜੋ ਵੀ ਭੂਮਿਕਾ ਦਿੱਤੀ ਜਾਂਦੀ ਸੀ ਉਹ ਉਸ ਨੂੰ ਸਜੀਵ ਤੌਰ ਤੇ ਚਿਤਰਦਾ ਸੀ ਜਿਵੇਂ ਉਹ ਅਦਾਕਾਰ ਨਹੀਂ ਬਲਕਿ ਅਸਲ ਜਿੰਦਗੀ ਹੋਵੇ। ਕਾਕਾ ਕੌਤਕੀ ਅਤੇ ਉਸਦੀ ਮਾਤਾ ਰਜਿੰਦਰ ਕੌਰ ਦਾਨੀ ਨਾਮਵਰ ਨਾਟਕਕਾਰ ਸਵਰਗੀ ਅਜ਼ਮੇਰ ਸਿੰਘ ਔਲਖ ਦੀ ਨਾਟਕ ਮੰਡਲੀ ਦੇ ਵੀ ਅਹਿਮ ਕਲਾਕਾਰ ਰਹੇ ਹਨ। ਕਾਕਾ ਕੌਤਕੀ ਦੇ ਸਦੀਵੀ ਵਿਛੋੜੇ ਕਾਰਨ ਪੰਜਾਬੀ ਫਿਲਮ ਸਨਅਤ ,ਕਲਾ ਜਗਤ ਅਤੇ ਮਾਨਸਾ ਵਿਚਲੇ ਉਨ੍ਹਾਂ ਦੇ ਸੰਗੀਆਂ ਸਾਥੀਆਂ ਦੇ ਨਾਲ ਨਾਲ ਸਮਾਜਿਕ ਹਲਕਿਆਂ ’ਚ ਸੋਗ ਦੀ ਲਹਿਰ ਦੌੜ ਗਈ ਹੈ।