ਸੰਵਿਧਾਨ ਦਿਵਸ ਤੇ ਏਕਤਾ ਅਤੇ ਅਖੰਡਤਾ, ਭਾਈਚਾਰਾ ਵਧਾਉਣ ਅਤੇ ਸੰਵਿਧਾਨਕ ਫਰਜਾਂ ਸਬੰਧੀ ਚੁਕਾਈ ਸਹੁੰ
ਪਰਵਿੰਦਰ ਸਿੰਘ ਕੰਧਾਰੀ
- ਡਾ. ਬੀ ਆਰ ਅੰਬੇਦਕਰ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ
ਫਰੀਦਕੋਟ 26 ਨਵੰਬਰ 2021 - ਅੱਜ ਸੰਵਿਧਾਨ ਦਿਵਸ ਦੇ ਸਬੰਧ ਵਿੱਚ ਇੱਥੋਂ ਦੇ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਦੀਪ ਸਿੰਘ ਬਰਾੜ, ਐਸ.ਡੀ,ਐਮ. ਮੈਡਮ ਬਲਜੀਤ ਕੌਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵਿਸ਼ੇਸ਼ ਤੌਰ ਤੇ ਹਾਜਰ ਸਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਨੂੰ ਬਰਾਬਰੀ, ਸਮਾਜਿਕ ਅਤੇ ਆਰਥਿਕ ਰਾਜਨੀਤਿਕ ਨਿਆਂ, ਵਿਚਾਰਾਂ ਦੀ ਅਭਿਵਿਅਕਤੀ, ਧਰਮ ਅਤੇ ਪੂਜਾ ਦੀ ਸਤੰਤਰਤਾ ਸਮੇਤ ਵੱਡੀ ਗਿਣਤੀ ਵਿੱਚ ਅਧਿਕਾਰ ਪ੍ਰਦਾਨ ਕਰਦਾ ਹੈ, ਉਥੇ ਹੀ ਸਾਡਾ ਸੰਵਿਧਾਨ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਅਤੇ ਫ਼ਰਜਾਂ ਪ੍ਰਤੀ ਵੀ ਸੁਚੇਤ ਕਰਦਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ 1949 ਨੂੰ ਭਾਰਤ ਦਾ ਸੰਵਿਧਾਨ ਬਣਿਆ ਅਤੇ ਸੰਵਿਧਾਨਕ ਅਸੈਂਬਲੀ ਜਿਸ ਦੇ 300 ਵੀ ਵੱਧ ਇਲੈਕਟਿਡ ਅਤੇ ਨਾਮੀਨੇਟਿਡ ਮੈਂਬਰ ਸਨ, ਵੱਲੋਂ ਸੰਵਿਧਾਨਕ ਖਰੜੇ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਇਹ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਪਹਿਲਾਂ ਕਾਨੂੰਨ ਦਿਵਸ ਵਜੋਂ ਜਾਣਿਆਂ ਜਾਂਦਾ ਸੀ ਜਦੋਂ ਕਿ 2015 ਤੋਂ ਇਸ ਨੂੰ ਸੰਵਿਧਾਨ ਦਿਵਸ ਵਜੋੰ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਿੱਥੇ ਆਪਣੇ ਸੰਵਿਧਾਨਕ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ,ਉਥੇ ਹੀ ਆਪਣੀਆਂ ਜ਼ਿੰਮੇਵਾਰੀ ਅਤੇ ਫਰਜ਼ਾਂ ਨੂੰ ਪਹਿਚਾਣ ਕੇ ਦੇਸ਼ ਦੀ ਏਕਤਾ, ਅਖੰਡਤਾ ਤੇ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਦੀਪ ਸਿੰਘ ਬਰਾੜ ਨੇ ਵੀ ਸੰਵਿਧਾਨ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਾਰਿਆ ਨੂੰ ਸੰਵਿਧਾਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈਣ ਲਈ ਪ੍ਰੇਰਿਆ। ਇਸ ਮੌਕੇ ਸਮੂਹ ਹਾਜ਼ਰੀਨ ਨੂੰ ਸੰਵਿਧਾਨ ਪ੍ਰਤੀ ਆਪਣੇ ਫਰਜ਼ ਨਿਭਾਉਣ ਲਈ ਵੀ ਪ੍ਰੇਰਿਆ ਗਿਆ।
ਇਸ ਮੌਕੇ ਜਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸ੍ਰੀ ਗੁਰਮੀਤ ਸਿੰਘ ਬਰਾੜ, ਤਹਿਸੀਲ ਸਮਾਜਿਕ ਨਿਆ ਤੇ ਅਧਿਕਾਰਤਾ ਅਫਸਰ ਸ੍ਰੀ ਗੁਰਮੀਤ ਕੜਿਆਲਵੀ, ਜਿਲਾ ਭਾਸ਼ਾ ਅਫਸਰ ਸ੍ਰੀ ਮਨਜੀਤ ਪੁਰੀ, ਸ੍ਰੀ ਮਹਿੰਦਰਪਾਲ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।