ਬਾਬਾ ਫ਼ਰੀਦ ਕਾਲਜਾਂ ਦੀਆਂ ਅਲੂਮਨੀ ਐਸੋਸੀਏਸ਼ਨਾਂ ਨੇ ਅਲੂਮਨੀ ਮੀਟ ਕਰਵਾਈ
ਅਸ਼ੋਕ ਵਰਮਾ
ਬਠਿੰਡਾ, 26 ਨਵੰਬਰ 2021: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਤੇ ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਮੈਨੇਜਮੈਂਟ ਐਂਡ ਕਾਮਰਸ ਤੇ ਫੈਕਲਟੀ ਆਫ਼ ਆਰਟਸ ਵੱਲੋਂ ਐਮ.ਬੀ.ਏ., ਐਮ.ਕਾਮ., ਐਮ.ਏ. (ਹਿਸਟਰੀ, ਅੰਗਰੇਜ਼ੀ, ਪੰਜਾਬੀ, ਇਕਨਾਮਿਕਸ, ਪੁਲਿਟੀਕਲ ਸਾਇੰਸ), ਬੀ.ਕਾਮ., ਬੀ.ਬੀ.ਏ., ਬੀ.ਏ., ਬੀ.ਐਸ.ਸੀ. (ਏ.ਟੀ.ਐਚ.ਐਮ.), ਐਮ.ਐਸ.ਸੀ.(ਜੌਗਰਫੀ) ਦੇ ਪਾਸ ਹੋ ਚੁੱਕੇ ਵਿਦਿਆਰਥੀਆਂ ਲਈ ਸੰਸਥਾ ਦੇ ਮੁੱਖ ਸੈਮੀਨਾਰ ਹਾਲ ਵਿੱਚ ਅਲੂਮਨੀ ਮੀਟ ਕਰਵਾਈ ਗਈ ਜਿਸ ਦਾ ਊਦਘਾਟਨ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਇਸ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਗੀਤ , ਡਾਂਸ, ਭਾਸ਼ਣ, ਕਵਿਤਾ, ਮਾਡਲਿੰਗ ਅਤੇ ਕਈ ਹੋਰ ਵੰਨਗੀਆਂ ਦਾ ਪ੍ਰਦਰਸ਼ਨ ਕੀਤਾ। ਐਮ.ਬੀ.ਏ. ਪਹਿਲਾ ਸਾਲ ਦੀ ਅਮਨਪ੍ਰੀਤ ਕੌਰ ਨੇ ਸਵਾਗਤੀ ਭਾਸ਼ਣ ਦਿੱਤਾ ਜਦੋਂ ਕਿ ਵੀਰਪਾਲ ਕੌਰ (ਐਮ.ਏ.-ਪੰਜਾਬੀ ) ਨੇ ਮੰਚ ਸੰਚਾਲਨ ਕੀਤਾ।
ਇਸ ਮੌਕੇ ਐਮ.ਬੀ.ਏ., ਬੀ.ਬੀ.ਏ. ਅਤੇ ਐਮ.ਏ. ਦੇ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਜਿਵੇਂ ਸਵਾਗਤੀ ਪੰਜਾਬੀ ਡਾਂਸ, ਹਰਿਆਣਵੀ ਡਾਂਸ, ਕਵਿਤਾ, ਸ਼ਾਰਟ ਰੈਪ ਅਤੇ ਭੰਗੜਾ ਆਦਿ ਪੇਸ਼ ਕੀਤੇ । ਅਲੂਮਨੀ ਜਸਕਰਨ ਸਿੰਘ ਅਤੇ ਮਿਸ ਹਰੀਮਾ ਨੇ ਹਾਜ਼ਰੀਨ ਨਾਲ ਆਪਣੇ ਵਿਦਿਆਰਥੀ ਜੀਵਨ ਦੇ ਸਫ਼ਰ ਅਤੇ ਸਬਕਾਂ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਉਪਰੰਤ ਸੰਗੀਤ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੇ ਕਵਾਲੀ ਅਤੇ ਗਿੱਧਾ ਪੇਸ਼ ਕੀਤਾ। ਇਸ ਮੌਕੇ ਅਲੂਮਨੀ ਮਾਡਲਿੰਗ ਰਾਊਂਡ ਕਰਵਾਏ ਗਏ । ਮਾਡਲਿੰਗ ਦੀ ਜੱਜਮੈਂਟ ਬੀ.ਐਫ.ਸੀ.ਈ.ਟੀ. ਦੀ ਸਹਾਇਕ ਪੋ੍ਰਫੈਸਰ ਡਾ. ਨਵਨੀਤ ਕੌਰ ਅਤੇ ਬਾਬਾ ਫ਼ਰੀਦ ਕਾਲਜ ਦੇ ਸਹਾਇਕ ਪੋ੍ਰਫੈਸਰ ਡਾ. ਦਵਿੰਦਰਪਾਲ ਸਿੰਘ ਨੇ ਕੀਤੀ। ਜਿਸ ਦੇ ਨਤੀਜੇ ਅਨੁਸਾਰ ਐਮ.ਬੀ.ਏ. (ਬੈਚ 2017-19) ਦੇ ਅੰਮ੍ਰਿਤਪਾਲ ਸਿੰਘ ਨੂੰ ‘ਮਿਸਟਰ ਅਲੂਮਨੀ’ ਅਤੇ ਐਮ.ਬੀ.ਏ. (ਬੈਚ 2015-17) ਦੀ ਹਰਪ੍ਰੀਤ ਕੌਰ ਨੂੰ ‘ਮਿਸ ਅਲੂਮਨੀ’ ਐਲਾਨਿਆ ਗਿਆ।
ਇਸੇ ਤਰ੍ਹਾਂ ਯੂ.ਜੀ. ਦੇ ਪੁਰਾਣੇ ਵਿਦਿਆਰਥੀਆਂ ਵਿੱਚੋਂ ਬੀ.ਬੀ.ਏ. (ਬੈਚ 2015-18) ਦੇ ਅੰਕੁਰ ਮਹੇਸ਼ਵਰੀ ਨੂੰ ‘ਮਿਸਟਰ ਅਲੂਮਨੀ’ ਅਤੇ ਬੀ.ਕਾਮ. (ਬੈਚ 2016-19) ਦੀ ਨਿਸ਼ਾਨਦੀਪ ਕੌਰ ਨੂੰ ‘ਮਿਸ ਅਲੂਮਨੀ’ ਦਾ ਖ਼ਿਤਾਬ ਦਿੱਤਾ ਗਿਆ। ਇਸ ਮੌਕੇ ’ਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬੀ ਗਾਇਕਾ ਰਜ਼ੀਆ ਸੁਲਤਾਨਾ (ਇੰਡੀਅਨ ਆਈਡਲ ਫੇਮ ਖ਼ੁਦਾ ਬਖ਼ਸ਼ ਦੀ ਭੈਣ), ਗਾਇਕ ਸੋਨੀ ਸਿੰਘ (ਵਾਇਸ ਆਫ਼ ਪੰਜਾਬ ਦੇ ਫਾਈਨਲਿਸਟ) ਅਤੇ ਹਰਮਨ ਵਾਲੀਆ (ਈਵੈਂਟ ਪਲਾਨਰ) ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਕੀਤਾ।
ਸੰਸਥਾ ਦੇ ਅਸਿਸਟੈਂਟ ਡਾਇਰੈਕਟਰ (ਐਡਮਨ) ਸ. ਰਜਿੰਦਰ ਸਿੰਘ ਧਨੋਆ, ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ, ਸ਼੍ਰੀਮਤੀ ਨੀਤੂ ਸਿੰਘ (ਡੀਨ , ਫੈਕਲਟੀ ਆਫ਼ ਮੈਨੇਜਮੈਂਟ ਐਂਡ ਕਾਮਰਸ) ਅਤੇ ਸ਼੍ਰੀਮਤੀ ਨਵਨਿੰਦਰ ਕੌਰ (ਡੀਨ, ਫੈਕਲਟੀ ਆਫ਼ ਆਰਟਸ) ਨੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਇਸ ਪ੍ਰੋਗਰਾਮ ਦੇ ਸਪਾਂਸਰ ਹਰਪ੍ਰੀਤ ਨੇਲ ਆਰਟ ਸਕੂਲ, ਗਰੇਸ ਬਿਊਟੀ ਸਲੂਨ ਐਂਡ ਇੰਸਟੀਚਿਊਟ , ਸਨੋਅ ਲੇਡੀ ਅਤੇ ਸਾਗਰ ਡਰੈਸ਼ਜ਼ ਨੂੰ ਵੀ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਬਾਬਾ ਫ਼ਰੀਦ ਕਾਲਜ ਦੀ ਸਹਾਇਕ ਪ੍ਰੋਫੈਸਰ (ਪੁਲਿਟੀਕਲ ਸਾਇੰਸ) ਰਮਨਦੀਪ ਕੌਰ ਨੇ ਸਾਰੇ ਆਏ ਹੋਏ ਮਹਿਮਾਨਾਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।