ਦੋ ਮੰਤਰੀਆਂ ਵੱਲੋਂ ਜ਼ਿਲ੍ਹਾ ਸ਼ਿਕਾਇਤ ਕਮੇਟੀ ਮੁਕਤਸਰ ਦੀ ਪ੍ਰਧਾਨਗੀ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 26 ਨਵੰਬਰ 2021: ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਮਿਲ ਕੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਆਮ ਬੰਦੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਤੱਤਪਰ ਹੈ। ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਦੋਵਾਂ ਮੰਤਰੀਆਂ ਨੇ ਜਿਥੇ ਮੀਟਿੰਗ ਦੌਰਾਨ ਸ਼ਹਿਰ ਅਤੇ ਪਿੰਡਾਂ ਦੀਆਂ ਵੱਖ ਵੱਖ ਕਿਸਮ ਦੀਆਂ ਸੱਮਸਿਆਵਾਂ ਨੂੰ ਮੌਕੇ ਤੇ ਹੀ ਸਮੂਹ ਵਿਭਾਗਾਂ ਦੇ ਮੁਖੀਆਂ ਦੀ ਹਾਜਰੀ ਵਿਚ ਹੱਲ ਕੀਤਾ, ਉਥੇ ਨਾਲ ਹੀ ਆਂਗਣਵਾੜੀ ਵਰਕਰਾਂ, ਮੁਲਾਜਮ ਜੱਥੇਬੰਦੀਆਂ, ਸਿਹਤ ਵਿਭਾਗ ਅਤੇ ਰਾਜਨੀਤਿਕ ਪਾਰਟੀਆਂ ਦੇ ਨੁੰਮਾਇੰਦਿਆਂ ਦੇ ਰੁਕੇ ਹੋਏ ਕੰਮਾਂ ਨੂੰ ਵੀ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।
ਮੀਟਿੰਗ ਦੌਰਾਨ ਰੰਧਾਵਾ ਨੇ ਸ਼ਹਿਰ ਵਿਚ ਸੀਵਰੇਜ, ਪਾਣੀ, ਮਕਾਨਾਂ ਤੇ ਪਲਾਟਾਂ ਦੀਆਂ ਰਜਿਸਟਰੀਆਂ, ਅਣਅਧਿਕਾਰਤ ਤੇ ਅਧਿਕਾਰਤ ਕਲੋਨੀਆਂ ਦੇ ਮਸਲੇ ਅਤੇ ਨਹਿਰ ਦੀ ਪਾਣੀ ਬੰਦੀ, ਬਿਜਲੀ ਜਿਹੀਆਂ ਸਮੱਸਿਆਵਾਂ ਨੂੰ ਫੌਰੀ ੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਦੋੋਸ਼ ਲਾਇਆ ਕਿ ਉਨ੍ਹਾਂ ਨੇ ਮੁਕਤਸਰ ਜ਼ਿਲ੍ਹੇ ਦੀ ਤਰੱਕੀ ਵੱਲ ਕੋਈ ਤਵੱਜੋ ਨਹੀਂ ਦਿੱਤੀ ਹੈ ਜਿਸ ਕਾਰਨ ਹੀ ਇਸ ਇਲਾਕੇ ਦਾ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਆਖਿਆ ਕਿ ਜੁਰਮ ਸਬੰਧੀ ਕਿਸੇ ਵੀ ਸ਼ਿਕਾਇਤ ਦਾ ਨਿਪਟਾਰਾ ਬਿਨਾਂ ਸਮਾਂ ਗਵਾਏ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਹਰਪੀ੍ਰਤ ਸੂਦਨ ਨੇ ਅੱਜ ਭਾਰਤੀ ਸਵਿਧਾਨ ਦਿਵਸ ਮੌਕੇ ਸਮੂਹ ਹਾਜ਼ਰੀਨ ਨੂੰ ਭਾਰਤੀ ਸਵਿਧਾਨ ਸਬੰਧੀ ਸੌਂਹ ਵੀ ਚੁਕਾਈ ।
ਡਿਪਟੀ ਮੁੱਖ ਮੰਤਰੀ ਦੀ ਮੁਕਤਸਰ ਫੇਰੀ ਦੌਰਾਨ ਉਨਾਂ ਦੇ ਨਾਲ ਰੁਪਿੰਦਰ ਕੌਰ ਰੂਬੀ ਵਿਧਾਇਕਾ, ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਸ੍ਰੀਮਤੀ ਕਰਨ ਕੌਰ ਬਰਾੜ, ਜ਼ਿਲਾ ਕਾਂਗਰਸ ਪ੍ਰਧਾਨ ਹਰਚਰਨ ਸਿੰਘ ਸੋਥਾ, ਸਰਬਜੀਤ ਸਿੰਘ ਐਸ.ਐਸ.ਪੀ., ਏਡੀਸੀ ਮੈਡਮ ਰਾਜਦੀਪ ਕੌਰ, ਏਡੀਸੀ ਵਿਕਾਸ ਅਰੁਣ ਸ਼ਰਮਾ, ਡੀਪੀਆਰਓ ਗੁਰਦੀਪ ਸਿੰਘ ਮਾਨ, ਅਮਨਪ੍ਰੀਤ ਸਿੰਘ ਭੱਟੀ, ਨਰਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲਾ ਪ੍ਰੀਸ਼ਦ, ਕਿ੍ਰਸ਼ਨ ਲਾਲ ਸ਼ਮੀ ਤੇਰੀਆ ਪ੍ਰਧਾਨ ਨਗਰ ਕੌਂਸਲ, ਸ਼ੁਭਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ ਮਲੋਟ, ਗੁਰਸੰਤ ਸਿੰਘ ਬਰਾੜ, ਭੀਨਾ ਬਰਾੜ, ਭਿੰਦਰ ਸ਼ਰਮਾ ਬਲਾਕ ਕਾਂਗਰਸ ਪ੍ਰਧਾਨ ਅਤੇ ਨੱਥੂ ਰਾਮ ਗਾਂਧੀ ਆਦਿ ਮੌਜੂਦ ਸਨ।
ਡਿਪਟੀ ਕਮਿਸ਼ਨਰ ਮੁਕਤਸਰ ਦਾ ਪੱਖ
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਆਂਗਨਵਾੜੀ ਵਰਕਰ ਯੂਨੀਅਨ ਦੇ ਨੁਮਾਇੰਦੇ, ਸਿਹਤ ਕਰਮਚਾਰੀ ਅਤੇ ਡੀ.ਸੀ.ਦਫਤਰ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਦੀ ਮੁਕਤਸਰ ਫੇਰੀ ਦੌਰਾਨ ਸਰਕਾਰ ਦੇ ਨਾਲ ਕੁਝ ਮੰਗਾਂ ਨੂੰ ਲੈ ਕੇ ਨਰਾਜਗੀ ਦਾ ਇਜਹਾਰ ਕੀਤਾ ਸੀ। ਉਹਨਾ ਦੱਸਿਆ ਕਿ ਰੰਧਾਵਾ ਨੇ ਨਰਾਜ ਚੱਲ ਰਹੀਆਂ ਸਾਰੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਵੱਖਰੇ ਵੱਖਰੇ ਤੌਰ ਤੇ ਬੜੀ ਹੀ ਹਲੀਮੀ ਅਤੇ ਠਰੰਮੇ ਨਾਲ ਗੱਲਬਾਤ ਕਰਕੇ ਜਲਦ ਹੀ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ।