ਵਾਤਾਵਰਨ ਦੇ ਮੁੱਦੇ ਨੂੰ ਰਾਜਨੀਤਕ ਪਾਰਟੀਆਂ ਦੇ ਏਜੰਡੇ ’ਤੇ ਲਿਆਉਣ ਲਈ ਹੰਭਲਾ : ਚੰਦਬਾਜਾ
ਦੀਪਕ ਗਰਗ
- ਅਹਿਮ ਮੁੱਦਿਆਂ ’ਤੇ ਸੂਬਾ ਪੱਧਰੀ ਸਮਾਗਮ ਬਾਬਾ ਫਰੀਦ ਲਾਅ ਕਾਲਜ ਵਿਖੇ ਅੱਜ
ਕੋਟਕਪੂਰਾ, 26 ਨਵੰਬਰ 2021 - ਲੋਕਾਂ ਦੀ ਸਿਹਤ ਨਾਲ ਜੁੜੇ ਵਾਤਾਵਰਨ ਦੇ ਅਹਿਮ ਮੁੱਦੇ ਨੂੰ ਰਾਜਨੀਤਕ ਪਾਰਟੀਆਂ ਦੇ ਏਜੰਡੇ ’ਤੇ ਲਿਆਉਣ ਹਿੱਤ ਇੱਕ ਸੂਬਾ ਪੱਧਰੀ ਸਮਾਗਮ 27 ਨਵੰਬਰ ਦਿਨ ਸ਼ਨੀਵਾਰ ਨੂੰ ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਵਾਤਾਵਰਣ ਧਰਤੀ, ਹਵਾ, ਪਾਣੀ ਨੂੰ ਬਚਾਉਣ ਹਿੱਤ “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਗੁਰੂਆਂ ਦੇ ਦਰਸਾਏ ਸੰਦੇਸ਼ ਤੇ ਸਰਬੱਤ ਦੇ ਭਲੇ ਲਈ ਸਾਰੇ ਧਾਰਮਿਕ ਆਗੂ, ਸਮਾਜਸੇਵੀ ਸੰਸਥਾਵਾਂ ਸਮੇਤ ਵਾਤਾਵਰਣ ਪ੍ਰੇਮੀ ਸਮਾਜ ਚਿੰਤਕਾਂ ਦਾ ਸਾਂਝਾ ਸਮਾਗਮ ਬਾਬਾ ਸ਼ੇਖ ਫਰੀਦ ਜੀ ਪਾਵਨ ਛੋਹ ਪ੍ਰਾਪਤ ਧਰਤੀ ਤੋਂ ਸ਼ੁਰੂਆਤ ਕਰਕੇ ਪੰਜਾਬ ਦੇ ਵੱਖ-ਵੱਖ ਜਿਲਿਆਂ ’ਚ ਹੋਕਾ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਉਨਾਂ ਅਪੀਲ ਕੀਤੀ ਕਿ ਰਾਜਨੀਤੀ, ਪਾਰਟੀਬਾਜੀ, ਜਾਤ ਮਜ਼ਹਬ, ਧਰਮਾਂ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਸਰਬ ਸਾਂਝੀਵਾਲਤਾ ਦਾ ਪੈਗਾਮ ਦੇਣ ਲਈ ਮਾਨਵ ਕਲਿਆਣ, ਜਿੰਦਗੀ ਜਿੰਦਾਬਾਦ ਬਣਾਉਣ ਲਈ ਸਮਾਜ ਦਾ ਹਰ ਵਰਗ ਇਸ ਕਾਫਲੇ ਦਾ ਹਿੱਸਾ ਜਰੂਰ ਬਣੇ। ਸ੍ਰ. ਚੰਦਬਾਜਾ ਨੇ ਦੱਸਿਆ ਕਿ ਆਉਣ ਵਾਲੀ ਪੀੜੀ ਦੇ ਤੰਦਰੁਸਤ ਭਵਿੱਖ ਦੀ ਕਾਮਨਾ ਸਹਿਤ ਰੱਖੇ ਉਕਤ ਸਮਾਗਮ ’ਚ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ, ਬਾਬਾ ਬਲਵੀਰ ਸਿੰਘ ਸੀਚੇਵਾਲ, ਗਿਆਨੀ ਗੁਰਮੀਤ ਸਿੰਘ ਖੋਸਿਆਂਵਾਲੇ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਸੂਬੇਦਾਰ ਬਲਵੀਰ ਸਿੰਘ ਖਡੂਰ ਸਾਹਿਬ, ਉੱਘੇ ਕਲਮ ਨਵੀਸ ਗੁਰਚਰਨ ਸਿੰਘ ਨੂਰਪੁਰ ਸਮੇਤ ਅਨੇਕਾਂ ਸੀਨੀਅਰ ਪੱਤਰਕਾਰ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ।