ਪੰਥ ਗ੍ਰੰਥ ਅਤੇ ਕਿਸਾਨ ਬਚਾਓ , 28 ਨਵੰਬਰ ਬਰਗਾੜੀ ਸਟੇਡੀਅਮ ਇਕੱਠ ਵਾਸਤੇ ਅਕਾਲੀ ਦਲ ਅੰਮ੍ਰਿਤਸਰ ਵਲੋਂ ਕੀਤੀ ਗਈ ਪ੍ਰੈਸ ਵਾਰਤਾ
ਦੀਪਕ ਗਰਗ
ਕੋਟਕਪੂਰਾ, 26 ਨਵੰਬਰ 2021 - ਸਾਲ 2015 ਵਿੱਚ ਸਿਰਸੇ ਵਾਲੇ ਸਾਧ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਰਗਾੜੀ ਸਮੇਤ ਹੋਰ ਅਨੇਕਾਂ ਥਾਵਾਂ ’ਤੇ ਸਾਜਿਸ਼ੀ ਢੰਗ ਨਾਲ ਬੇਅਦਬੀਆਂ ਕਰਵਾਈਆਂ, ਬਾਦਲ ਦਲੀਏ ਹਰ ਪੱਖੋਂ ਉਸਦੀ ਸਰਪ੍ਰਸਤੀ ਕਰਦੇ ਰਹੇ, ਬਾਦਲਾਂ ਨੇ ਆਪਣੀ ਪੁਲਿਸ ਰਾਹੀਂ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਗੋਲੀ ਚਲਾ ਦਿੱਤੀ, ਜਿਸ ਨਾਲ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ।
ਬਰਗਾੜੀ ਵਿਖੇ ਪੰਥ, ਗ੍ਰੰਥ, ਕਿਸਾਨ ਬਚਾਉ ਇਕੱਠ ਸਬੰਧੀ ਕੋਟਕਪੂਰੇ ਵਿੱਚ ਬੁਲਾਈ ਗਈ ਪੱਤਰਕਾਰ ਵਾਰਤਾ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ ਅਤੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਹੀ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਹਨ ਪਰ ਸਮੇਂ ਦੀਆਂ ਸਰਕਾਰਾਂ ਦੋਸ਼ੀਆਂ ਨਾਲ ਰਿਆਇਤ ਕਰਕੇ ਪੀੜਤ ਪਰਿਵਾਰਾਂ, ਚਸ਼ਮਦੀਦ ਗਵਾਹਾਂ ਅਤੇ ਪੰਥਦਰਦੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀਆਂ ਆ ਰਹੀਆਂ ਹਨ।
ਪ੍ਰੈਸ ਕਾਨਫਰੰਸ ਦੌਰਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ ਮਹਿੰਦਰਪਾਲ ਸਿੰਘ ਅਤੇ ਗੁਰਦੀਪ ਸਿੰਘ ਢੁੱਡੀ ਵੀ ਹਾਜਰ ਸਨ। ਉਨਾ ਆਖਿਆ ਕਿ ਸ਼੍ਰੋਮਣੀ ਕਮੇਟੀ ਵਿੱਚ ਵੀ ਸਾਜਿਸ਼ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਕਰ ਦਿੱਤੇ ਗਏ। ਜਿੰਨਾ ਦੀ ਅੱਜ ਤੱਕ ਨਾ ਤਾਂ ਕੋਈ ਭਾਲ ਕੀਤੀ ਗਈ ਅਤੇ ਨਾ ਹੀ ਸਬੰਧਤ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕਰਨ ਦੀ ਜਰੂਰਤ ਸਮਝੀ ਗਈ। ਸ੍ਰ ਮਾਨ ਨੇ ਦੋਸ਼ ਲਾਇਆ ਕਿ ਸੋਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਂਦੇ ਹੋਏ ਨਕਲੀ ਅੰਮ੍ਰਿਤ ਤਿਆਰ ਕਰਕੇ ਸਾਡੇ ਸਿੱਖ ਸਿਧਾਂਤਾਂ, ਸੋਚ ਅਤੇ ਗੁਰੂ ਸਾਹਿਬਾਨ ਜੀ ਦੇ ਅਪਮਾਨ ਕੀਤੇ ਗਏ, ਸਮੁੱਚੀ ਸਿੱਖ ਕੌਮ ਅਤੇ ਸਾਡੇ ਵਲੋਂ ਜੋਰਦਾਰ ਆਵਾਜ ਉਠਾਉਣ ਉਪਰੰਤ ਵੀ ਉਸ ਸਮੇਂ ਦੀ ਬਾਦਲ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਵਲੋਂ ਸੋਦਾ ਸਾਧ ਸਮੇਤ ਉਸਦੇ ਦੋਸ਼ੀ ਪਾਏ ਜਾਣ ਵਾਲੇ ਚੇਲਿਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।
ਮਾਨ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੀ ਆਮ ਚੋਣ ਕਾਨੂੰਨਣ ਹਰ ਪੰਜ ਸਾਲ ਬਾਅਦ ਹੁੰਦੀ ਹੈ ਪਰ ਪਿਛਲੇ ਦਸ ਸਾਲਾਂ ਤੋਂ ਆਮ ਚੋਣ ਨਹੀਂ ਕਰਵਾਈ ਜਾ ਰਹੀ। ਸਿੱਖਾਂ ਦੀ ਇਸ ਸੰਸਥਾ ਦੇ ਜਮਹੂਰੀ ਹੱਕ ਉੱਤੇ ਜਬਰੀ ਡਾਕਿਆ ਮਾਰਿਆ ਜਾ ਰਿਹਾ ਹੈ। ਇਸ ਸਬੰਧ ’ਚ ਵੱਖ ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਸਮੁੱਚੀ ਸਿੱਖ ਕੌਮ ਵਲੋਂ 28 ਨਵੰਬਰ ਦਿਨ ਐਤਵਾਰ ਨੂੰ ਖੇਡ ਸਟੇਡੀਅਮ ਬਰਗਾੜੀ ਵਿਖੇ ਪੰਥ, ਗ੍ਰੰਥ ਅਤੇ ਕਿਸਾਨ ਬਚਾਉ ਇਕੱਠ ਰੱਖਿਆ ਗਿਆ ਹੈ, ਜਿਸ ਵਿੱਚ ਅਗਲੀ ਰਣਨੀਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸ੍ਰ ਮਾਨ ਨੇ ਬੀਐਸਐਫ ਦਾ ਘੇਰਾ ਵਧਾਉਣ, ਕੈਪਟਨ-ਬਾਦਲ ਤੇ ਭਾਜਪਾ ਦੇ ਗਠਜੋੜ, ਘੱਟ ਗਿਣਤੀਆਂ ਨਾਲ ਵਿਤਕਰਾ ਤੇ ਧੱਕੇਸ਼ਾਹੀ, ਨਸ਼ਾ ਤਸਕਰੀ ਵਰਗੇ ਅਨੇਕਾਂ ਮੁੱਦਿਆਂ ’ਤੇ ਵੀ ਪੁੱਛੇ ਗਏ ਸਵਾਲਾਂ ਦਾ ਜਵਾਬ ਅੰਕੜਿਆਂ ਸਹਿਤ ਦਲੀਲਾਂ ਨਾਲ ਦਿੱਤਾ।