ਐਸ ਆਈ ਟੀ ਦੇ ਸਾਹਮਣੇ ਨਹੀਂ ਪੇਸ਼ ਹੋਏ ਸੱਚਾ ਸੌਦਾ ਦੀ ਚੇਅਰਪਰਸਨ ਅਤੇ ਪ੍ਰਬੰਧਕ
ਸੰਜੀਵ ਸੂਦ
- ਐਸ ਆਈ ਟੀ ਦੇ ਸਾਹਮਣੇ ਨਹੀਂ ਪੇਸ਼ ਹੋਏ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਪ੍ਰਬੰਧਕ ਪੀਆਰ ਨੈਨ
- ਤੀਸਰੀ ਅਤੇ ਆਖ਼ਿਰੀ ਸੰਮਨ ਭੇਜਿਆ ਜਾਵੇਗਾ-ਆਈ ਜੀ, ਕਿਹਾ ਚੋਣਾਂ ਤੋਂ ਪਹਿਲਾਂ ਜਾਂਚ ਪੂਰੀ ਕਰਨ ਦੀ ਕੋਸ਼ਿਸ਼
ਲੁਧਿਆਣਾ, 26 ਨਵੰਬਰ 2021 - 2015 ਦੇ ਵਿੱਚ ਫ਼ਰੀਦਕੋਟ ਦੇ ਨਾਲ ਲੱਗਦੇ ਪਿੰਡ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਪਾਵਨ ਸਰੂਪ ਦੇ ਮਾਮਲੇ ਦੇ ਅੰਦਰ ਅੱਜ ਐਸਆਈਟੀ ਵੱਲੋਂ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਪ੍ਰਬੰਧਕ ਪੀਆਰ ਨੈਣ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਪਰ ਇਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਐਸਆਈਟੀ ਅੱਗੇ ਪੇਸ਼ ਨਹੀਂ ਹੋਇਆ। ਜਿਸ ਸਬੰਧੀ ਐੱਸਆਈਟੀ ਦੇ ਮੁਖੀ ਆਈਜੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਹੁਣ ਅਗਲੇ ਸ਼ੁੱਕਰਵਾਰ ਪੇਸ਼ ਹੋਣ ਲਈ ਇਨ੍ਹਾਂ ਨੂੰ ਤੀਸਰਾ ਤੇ ਆਖਰੀ ਸੰਮਨ ਭੇਜਿਆ ਜਾਵੇਗਾ।
ਐਸਆਈਟੀ ਦੇ ਮੁਖੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਮਾਮਲਾ ਬੁਰਜ ਜਵਾਹਰ ਸਿੰਘ ਵਾਲਾ ਦਾ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਸਆਈਟੀ ਵੱਲੋਂ 9 ਨਵੰਬਰ ਨੂੰ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੀ ਗਈ ਸੀ। ਉਦੋਂ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਸਿਰਫ ਸਤਿਸੰਗ ਚ ਹੀ ਹਿੱਸਾ ਲੈਂਦੇ ਸਨ। ਬਾਕੀ ਡੇਰੇ ਦੇ ਫੈਸਲੇ ਪ੍ਰਬੰਧਕਾਂ ਵੱਲੋਂ ਹੀ ਤੈਅ ਕੀਤੇ ਜਾਂਦੇ ਰਹੇ ਨੇ। ਜਿਸ ਕਰਕੇ ਹੁਣ ਐਸਆਈਟੀ ਵੱਲੋਂ ਇਨ੍ਹਾਂ ਦੋਵਾਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ।
ਆਈਜੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਪੀ ਆਰ ਨੈਨ ਨੇ ਤਾਂ ਮੈਡੀਕਲ ਭੇਜ ਕੇ ਆਪਣੇ ਸਹੀ ਨਾ ਹੋਣ ਦਾ ਹਵਾਲਾ ਦਿੱਤਾ, ਜਦੋਂ ਕਿ ਵਿਪਾਸਨਾ ਵੱਲੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਜਾਂਚ ਕਦੋਂ ਤੱਕ ਪੂਰੀ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕੋਈ ਭਵਿੱਖਬਾਣੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਾਂਚ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ ਅਤੇ ਜਦੋਂ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਜਾਂਚ ਮੁਕੰਮਲ ਕਰਨ ਸਬੰਧੀ ਸਵਾਲ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਜਾਂਚ ਕੱਲ੍ਹ ਹੀ ਪੂਰੀ ਹੋ ਜਾਵੇ, ਉਨ੍ਹਾਂ ਨੇ ਕਿਹਾ ਕਿ ਸਰਕਾਰ ਸਾਨੂੰ ਕਿਸੇ ਵੀ ਤਰ੍ਹਾਂ ਦਾ ਦਬਾਅ ਜਾਂਚ ਜਲਦ ਕਰਨ ਲਈ ਨਹੀਂ ਪਾ ਸਕਦੀ।