ਸੁਖਜਿੰਦਰ ਰੰਧਾਵਾ ਤੇ ਰਾਜਾ ਵੜਿੰਗ ਅੱਗੇ ਠੇਕਾ ਮੁਲਾਜਮਾਂ ਨੇ ਭੜਥੂ ਪਾਇਆ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 26 ਨਵੰਬਰ 2021: ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ’ਚ ਠੇਕਾ ਸੰਘਰਸ਼ ਮੋਰਚਾ ਪੰਜਾਬ, ਐਨ ਐਚ ਐਮ ਤਹਿਤ ਕੰਮ ਕਰਦੇ ਸਿਹਤ ਕਾਮਿਆਂ ਅਤੇ ਆਂਗਣਵਾੜੀ ਮੁਲਾਜਮਾਂ ਨੇ ਆਪਣੀਆਂ ਮੰਗਾਂ ਲਈ ਜੰਮ ਕੇ ਭੜਥੂ ਪਾਇਆ। ਇਸ ਮੌਕੇ ਵਿਰੋਧ ਦੇ ਤੌਰ ਤੇ ਕੁੱਝ ਮੁਲਾਜਮ ਵਜ਼ੀਰਾਂ ਦੀਆਂ ਗੱਡੀਆਂ ਅੱਗੇ ਆ ਗਏ । ਇਸ ਮੌਕੇ ਮੰਤਰੀਆਂ ਨੇ ਕਾਰਾਂ ਤੋਂ ਹੇਠਾਂ ਉਤਰ ਕੇ ਮੁਲਾਜਮਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ,ਪਰ ਠੇਕਾ ਮੁਲਾਜਮਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ। ਇਸ ਦੌਰਾਨ ਮੁਜਾਹਰਾਕਾਰੀਆਂ ਦੀ ਪੁਲਿਸ ਨਾਲ ਤਿੱਖੀਆਂ ਝੜਪਾਂ ਹੋਈਆਂ ਜਿਸ ਤੋਂ ਬਾਅਦ ਜੋਰਦਾਰ ਹੰਗਾਮਾ ਹੋਇਆ ਅਤੇ ਦੋਵਾਂ ਧਿਰਾਂ ਇੱਕ ਦੂਸਰੇ ਨੂੰ ਵੰਗਾਰਨ ਲੱਗ ਪਈਆਂ।
ਮੁਲਾਜਮ ਆਗੂਆਂ ਨੇ ਦੋਸ਼ ਲਾਏ ਕਿ ਉਨ੍ਹਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਲਗਾਤਾਰ ਡਰਾਮਾ ਕਰਦੀ ਆ ਰਹੀ ਹੈ। ਇਸ ਮੌਕੇ ਠੇਕਾ ਮੁਲਾਜਮਾਂ ਨੇ ਸੜਕ ਤੇ ਧਰਨਾ ਲਾ ਦਿੱਤਾ । ਮੁਲਾਜਮ ਆਗੂਆਂ ਵੱਲੋਂ ਕੀਤੀ ਤਲਖ ਟਿੱਪਣੀ ਨੂੰ ਲੈਕੇ ਦੋਵੇ ਮੰਤਰੀ ਫਿਰ ਭੜਕ ਗਏ ਤੇ ਗੱਲ ਤੂੰ ਤੜਾਕ ਤੱਕ ਪੁੱਜ ਗਈ ਅਤੇ ਦੋਵੇਂ ਧਿਰਾਂ ਰੱਜ ਕੇ ਮਿਹਣੋ ਮਿਹਣੀ ਹੋਈਆਂ। ਇਸ ਮੌਕੇ ਗੁੱਸੇ ’ਚ ਭਰੇ ਪੀਤੇ ਡਿਪਟੀ ਸੀਐਮ ਰੰਧਾਵਾ ਨੇ ਕਿਹਾ ਕਿ ਜੇਕਰ ਜਾਣਾ ਹੈ ਜਾਓ, ਜੋ ਕਰਨਾ ਕਰ ਲੋ। ਭੜਕੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਕਿ ਜਿਹੜੇ ਮੁਲਾਜਮ ਡਿਊਟੀ ਛੱਡ ਕੇ ਆਏ ਹਨ ਉਨ੍ਹਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਏ। ਇਸ ਮੌਕੇ ਟਰਾਂਸਪੋਰਟ ਮੰਤਰੀ ਨੇ ਮੁਲਾਜਮਾਂ ਨੂੰ ਸ਼ਾਂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਮੁਲਾਜਮ ਆਪਣੇ ਸਟੈਂਡ ਤੇ ਅੜੇ ਰਹੇ।
ਹਾਲਾਂਕਿ ਪੁਲਿਸ ਦੇ ਭਾਰੀ ਜਮਾਵੜੇ ਨੇ ਆਂਗਣਵਾੜੀ ਮੁਲਾਜਮਾਂ, ਐਨ ਐਚ ਐਮ ਕਰਮਚਾਰੀਆਂ ਅਤੇ ਠੇਕਾ ਮੁਲਾਜਮਾਂ ਨੂੰ ਇੱਕ ਦੂਸਰੇ ਤੋਂ ਵੱਖਰਿਆਂ ਘੇਰੀ ਰੱਖਿਆ ਫਿਰ ਵੀ ਠੇਕਾ ਮੁਲਾਜਮਾਂ ਦੇ ਰਵਈਏ ਅਤੇ ਲਗਾਤਾਰ ਹੋ ਰਹੀ ਨਾਅਰੇਬਾਜੀ ਨੇ ਪੁਲਿਸ ਅਫਸਰਾਂ ਨੂੰ ਫਿਕਰਾਂ ’ਚ ਪਾਈ ਰੱਖਿਆ। ਕਾਫੀ ਸਮੇ ਦੀ ਗਰਮਾ ਗਰਮੀ ਤੋਂ ਬਾਅਦਜਦੋਂ ਦੋਵੇਂ ਵਜ਼ੀਰ ਮੌਕੇ ਤੋਂ ਆਪਣੀਆਂ ਗੱਡੀਆਂ ’ਚ ਬੈਠਕੇ ਚਲੇ ਗਏ ਤਾਂ ਪੁਲਿਸ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਹ ਲਿਆ। ਪੰਜਾਬ ਸਰਕਰ ਦੇ ਦੋਵੇਂ ਮੰਤਰੀ ਅੱਜ ਜਿਲ੍ਹਾ ਸ਼ਕਾਇਤ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਕਰਨ ਲਈ ਪੁੱਜੇ ਸਨ। ਇਸ ਮੌਕੇ ਮੰਤਰੀ ਕੋਲ ਆਪਣਾ ਰੋਸ ਜਤਾਉਣ ਦੇ ਪ੍ਰੋਗਰਾਮ ਤਹਿਤ ਵੱਖ ਵੱਖ ਜੱਥੇਬੰਦੀਆਂ ਨਾਲ ਸਬੰਧਤ ਮੁਲਾਜਮ ਵਿਰੋਧ ਕਰਨ ਲਈ ਪੁੱਜ ਗਏ ਜਿੱਥੇ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ।
ਵਾਅਦਾ ਵਫਾ ਕਰਨ ਤੋਂ ਮੁੱਕਰੀ ਸਰਕਾਰ
ਠੇਕਾ ਮੁਲਾਜਮ ਆਗੂਆਂ ਦਾ ਕਹਿਣਾ ਸੀ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸਰਕਾਰ ਆਉਣ ਤੇ ਹਰ ਤਰਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕੈਪਟਨ ਦੇ ਵਾਅਦੇ ਤੇ ਇਤਬਾਰ ਕਰਦਿਆਂ ਸਰਕਾਰ ਤਾਂ ਬਣਾ ਦਿੱਤੀ ਪਰ ਠੇਕਾ ਮੁਲਾਜਮਾਂ ਨੂੰ ਲਗਾਤਾਰ ਸਾਢੇ ਚਾਰ ਸਾਲ ਲਾਰਿਆਂ ’ਚ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਜਾਣ ਵੱਲ ਨੂੰ ਹੈ ਤਾਂ ਚੰਨੀ ਸਰਕਾਰ ਵੀ ਕੱਚੇ ਮੁਲਾਜਮਾਂ ਨਾਲ ਉਹੋ ਵਿਹਾਰ ਕਰ ਰਹੀ ਹੈ ਜਿਸ ਕਰਕੇ ਉਨ੍ਹਾਂ ਨੂੰ ਸੜਕਾਂ ਤੇ ਉੱਤਰਨਾ ਪਿਆ ਹੈ।
ਟਰਾਂਸਪੋਰਟ ਮੰਤਰੀ ਦਾ ਪੱਖ
ਇਸ ਮੌਕੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁਲਾਜਮ ਅਪਣੀਆਂ ਮੰਗਾਂ ਨੂੰ ਲੈ ਕੇ ਜਿਸ ਤਰਾਂ ਉਤੇਜਨਾ ਵਿੱਚ ਹਨ ਪ੍ਰਦਰਸ਼ਨ ਕਰ ਰਹੇ ਹਨ ਉਸ ਨਾਲ ਕੋਈ ਹਾਦਸਾ ਵਾਪਰ ਸਕਦਾ ਹੈ ਜਾਂ ਫਿਰ ਸ਼ਰਾਰਤੀ ਅਨਸਰ ਸ਼ਰਾਰਤਾਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਕਰ ਕੇ ਹੀ ਗੱਡੀ ਵਿੱਚੋਂ ਉੱਤਰ ਕੇ ਮੁਲਾਜਮਾਂ ਨਾਲ ਗੱਲ ਕਰਨ ਗਏ ਸਨ। ਉਨ੍ਹਾਂ ਦੱਸਿਆ ਕਿ ਰੋਸ ਜਤਾ ਰਹੇ ਮੁਲਾਜਮਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਹੀ ਮੁੱਖ ਮੰਤਰੀ ਨਾਲ ਗੱਲਬਾਤ ਕਰਵਾਈ ਜਾਏਗੀ। ਉਨ੍ਹਾਂ ਕਿਹਾ ਕਿ ਇਹ ਕੱਚੇ ਮੁਲਾਜਮ ਸਾਡਾ ਹੀ ਪਰਿਵਾਰ ਹੈ ਤੇ ਜੇਕਰ ਕੈਪਟਨ ਨੇ ਪਹਿਲਾਂ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਤੱਕ ਇੰਨ੍ਹਾਂ ਮੁਲਾਜਮਾਂ ਨੂੰ ਰੈਗੂਲਰ ਕਰ ਦਿੱਤਾ ਜਾਣਾ ਸੀ।
ਮੁਅੱਤਲੀ ਦਾ ਕੋਈ ਹੁਕਮ ਨਹੀਂ ਦਿੱਤਾ: ਡੀ ਸੀ
ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਹਰਪ੍ਰੀਤ ਸਿੰਘ ਸੂਦਨ ਦਾ ਕਹਿਣਾ ਸੀ ਕਿ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁਲਾਜਮਾਂ ਨੂੰ ਮੁਅੱਤਲ ਕਰਨ ਬਾਰੇ ਕੋਈ ਹੁਕਮ ਹੀ ਨਹੀਂ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਇਸ ਸਬੰਧ ’ਚ ਚੱਲ ਰਹੀ ਵੀਡੀਓ ਬਾਰੇ ਦੱਸਿਆ ਤਾਂ ਉਨ੍ਹਾਂ ਸਿਵਲ ਪ੍ਰਸ਼ਾਸ਼ਨ ਸਬੰਧੀ ਏਦਾਂ ਗੀ ਕਿਸੇ ਗੱਲ ਦਾ ਪੂਰੀ ਤਰਾਂ ਖੰਡਨ ਕੀਤਾ।
ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਆਂਗਨਵਾੜੀ ਵਰਕਰ ਯੂਨੀਅਨ ਦੇ ਨੁਮਾਇੰਦੇ, ਸਿਹਤ ਕਰਮਚਾਰੀ ਅਤੇ ਡੀ.ਸੀ.ਦਫਤਰ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਦੀ ਮੁਕਤਸਰ ਫੇਰੀ ਦੌਰਾਨ ਸਰਕਾਰ ਦੇ ਨਾਲ ਕੁਝ ਮੰਗਾਂ ਨੂੰ ਲੈ ਕੇ ਨਰਾਜਗੀ ਦਾ ਇਜਹਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਰੰਧਾਵਾ ਨੇ ਨਰਾਜ ਚੱਲ ਰਹੀਆਂ ਸਾਰੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਵੱਖਰੇ ਵੱਖਰੇ ਤੌਰ ਤੇ ਬੜੀ ਹੀ ਹਲੀਮੀ ਅਤੇ ਠਰੰਮੇ ਨਾਲ ਗੱਲਬਾਤ ਕਰਕੇ ਜਲਦ ਹੀ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ।