ਏ.ਡੀ.ਸੀ. ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ
ਜੀ ਐਸ ਪੰਨੂ
ਪਟਿਆਲਾ, 26 ਨਵੰਬਰ, 2021 - ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ ਨੇ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਮਨਾਉਣ ਬਾਰੇ ਵੱਖ-ਵੱਖ ਵਿਭਾਗੀ ਮੁਖੀਆਂ ਨਾਲ ਮੀਟਿੰਗ ਕਰਕੇ ਦੇਸ਼ ਦੀ ਆਜ਼ਾਦੀ ਦੇ 75ਵੇਂ ਦਿਵਸ ਸਬੰਧੀਂ ਚਲਾਈ ਜਾ ਰਹੀ ਮੁਹਿੰਮ ਤਹਿਤ ਉਲੀਕੇ ਗਏ ਵੱਖ-ਵੱਖ ਪ੍ਰੋਗਰਾਮ ਸੁਚਾਰੂ ਢੰਗ ਨਾਲ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਜੈਨ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਮੁਹਿੰਮ ਤਹਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਡਿਸਟ੍ਰਿਕਟ ਡਿਜ਼ੀਟਲ ਰਿਪੋਜ਼ਿਟਰੀ (ਡੀ.ਡੀ.ਆਰ.) ਤਿਆਰ ਕਰਨ ਲਈ ਗੂਗਲ ਡਰਾਇਵ ਲਿੰਕ ਬਣਾ ਕੇ ਸ਼ੇਅਰ ਕੀਤੇ ਜਾਣ। ਉਨ੍ਹਾਂ ਨੇ ਇਹ ਵੀ ਆਦੇਸ਼ ਦਿੱਤੇ ਕਿ ਇਨ੍ਹਾਂ ਸਾਰੇ ਸਮਾਗਮਾਂ 'ਚ ਆਮ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਈ ਜਾਵੇ।
ਏ.ਡੀ.ਸੀ. ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਪ੍ਰੋਗਰਾਮਾਂ ਦੇ ਕੈਲੰਡਰ ਤਿਆਰ ਕਰਕੇ ਇਸ ਤਹਿਤ ਵਿਭਾਗਾਂ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਵੀ ਕੀਤਾ ਜਾਵੇ। ਇਸ ਤੋਂ ਬਿਨ੍ਹਾਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਦੇ ਲੋਗੋ ਨੂੰ ਡਾਊਨਲੋਡ ਕਰਕੇ ਵਧੇਰੇ ਤੋਂ ਵਧੇਰੇ ਵਰਤੋਂ ਵਿੱਚ ਲਿਆਂਦਾ ਜਾਵੇ।
ਮੀਟਿੰਗ 'ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ, ਜਿਨ੍ਹਾਂ ਨੇ ਏ.ਡੀ.ਸੀ. ਨੂੰ ਵਿਸ਼ਵਾਸ਼ ਦੁਆਇਆ ਕਿ ਹਦਾਇਤਾਂ ਦੀ ਪਾਲਣਾ ਇੰਨ-ਬਿੰਨ ਯਕੀਨੀ ਬਣਾਂਈ ਜਾਵੇਗੀ।