ਜਨਤਕ ਆਗੂਆਂ ਵੱਲੋਂ ਪਾਰਕ ਦੀ ਜਗ੍ਹਾ ਤੇ ਕਬਜ਼ੇ ਲਈ ਹੱਲਾਸ਼ੇਰੀ ਦੇ ਦੋਸ਼
ਅਸ਼ੋਕ ਵਰਮਾ
ਬਠਿੰਡਾ,26 ਨਵੰਬਰ2021: ਬੀਬੀ ਵਾਲਾ ਰੋਡ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ-3 ਦੇ ਪਾਰਕ ਨੰਬਰ-39 ਨੂੰ ਨਗਰ ਨਿਗਮ ਵਿਕਸਤ ਕਰਨ ਦੀ ਬਜਾਏ ਇਸ ਦੇ ਇੱਕ ਹਿੱਸੇ ਤੇ ਸ਼ਹਿਰ ਦੇ ਕੱੁਝ ਰਸੂਖਵਾਨ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਨਹੀਂ ਰੋਕ ਰਿਹਾ ਹੈ ਬਲਕਿ ਕਥਿਤ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸੇਵਾਮੁਕਤ ਪਿ੍ਰੰਸੀਪਲ ਬੱਗਾ ਸਿੰਘ ਨੇ ਦੱਸਿਆ ਕਿ ਨਾਗਰਿਕ ਚੇਤਨਾ ਮੰਚ ਨੇ ਲੋਕ ਹਿੱਤ ਤਹਿਤ 1999 ਤੋਂ ਕਈ ਸਾਲਾਂ ਦੀ ਅਦਾਲਤੀ ਜੱਦੋ-ਜਹਿਦ ਤੋਂ ਬਾਅਦ ਹਾਈ ਕੋਰਟ ਅਤੇ ਸੁਪਰੀਮ ਕੋਰਟ ਚੋਂ ਕੇਸ ਜਿੱਤ ਕੇ ਇਹ ਪਾਰਕ ਦੀ ਉਸਾਰੀ ਕਰਵਾਈ ਸੀ । ਨਗਰ ਨਿਗਮ ਬਠਿੰਡਾ ਨੇ ਪਾਰਕ ਦੀ ਚਾਰਦੀਵਾਰੀ ਕਰਵਾ ਕੇ ਇਸ ਅੰਦਰ ਟਰੈਕ ਵੀ ਬਣਵਾਇਆ ਅਤੇ ਮਾਲੀ ਵੀ ਰੱਖਿਆ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਟੀ ਪੀ ਸਕੀਮ ਤਿੰਨ ਪਾਰਟ ਦੋ ਵਿੱਚ ਇਹ ਸਾਰਾ ਪਾਰਕ ਦਿਖਾਇਆ ਗਿਆ ਹੈ ਪਰ ਇਸ ਵਿੱਚੋਂ 490 ਗਜ਼ ਜਗ੍ਹਾ ਅਜਿਹੀ ਹੈ ਜਿਸ ‘ਤੇ ਸ਼ਹਿਰ ਦੇ ਕੁੱਝ ‘ਰਸੂਖ਼ਵਾਨ’ ਲੋਕਾਂ ਨੇ ਅਦਾਲਤ ਵਿੱਚ ਗਲਤ ਬਿਆਨੀ ਰਾਹੀਂ ਸਟੇਅ ਲੈ ਕੇ ਪੂਰੇ ਪਾਰਕ ਦੇ ਵਿਕਾਸ ਵਿੱਚ ਰੋੜਾ ਅਟਕਾਇਆ ਹੋਇਆ ਹੈ।ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੇ ਵੀ ਇਸ ਵਿਵਾਦਗ੍ਰਸਤ 490 ਗਜ ਜਗ੍ਹਾ ਦੇ ਅੰਦਰਲੇ ਪਾਸੇ ਪਹਿਲਾਂ ਛੋਟੀ ਕੰਧ ਕਰਾਈ ਸੀ ਜਿਸ ਨੂੰ ਢਾਹ ਕੇ ਪੰਜ ਫੁੱਟ ਤੋਂ ਵੀ ਕੰਧ ਉਸਾਰ ਕੇ ਗਰਿੱਲਾਂ ਲਾਈਆਂ ਜਾ ਰਹੀਆਂ ਹਨ ਜਦ ਕਿ ਬਾਕੀ ਦੇ ਪਾਰਕ ਦੀਆਂ ਸਾਈਡਾਂ ਦੀ ਦੀਵਾਰ ਸਿਰਫ ਦੋ ਕੁ ਫੁੱਟ ਉਚੀ ਹੀ ਹੈ।
ਉਨ੍ਹਾਂ ਸਵਾਲ ਕੀਤਾ ਹੈ ਕਿ ਇਸ ਵਿਵਾਦਗ੍ਰਸਤ ਥਾਂ ਵਾਲੇ ਪਾਸੇ ਪਾਰਕ ਦੀ ਪੰਜ ਫੁੱਟ ਉੱਚੀ ਦੀਵਾਰ ਤੇ ਗਰਿੱਲਾਂ ਲਾ ਕੇ ਉਸਾਰੀ ਕਿਉਂ ਕਰਵਾਈ ਜਾ ਰਹੀ ਹੈ ? ਉਨ੍ਹਾਂ ਦੱਸਿਆ ਕਿ ਤੇ ਇਹ ਉੱਚੀ ਕੰਧ ਉਸਾਰਨ ਨਾਲ ਪਾਰਕ ਦੀ ਇਸ ‘ਵਿਵਾਦਗ੍ਰਸਤ’ ਜਗ੍ਹਾ ਤੇ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਰਸੂਖ਼ਵਾਨ ਲੋਕਾਂ ਦਾ ਕਬਜ਼ਾ ਸਾਬਤ ਹੋ ਜਾਵੇਗਾ, ਜੋ ਸਰਸਰ ਗ਼ੈਰ-ਕਾਨੂੰਨੀ ਹੈ। ਉਨ੍ਹਾਂ ਦੱਸਿਆ ਕਿ ਪਾਰਕ ਦੇ ਆਸ ਪਾਸ ਦੇ ਘਰਾਂ ਚੋਂ ਕਿਸੇ ਨੇ ਵੀ ਇਸ ਕੰਧ ਨੂੰ ਉੱਚਾ ਕਰਕੇ ਉਸਾਰਨ ਲਈ ਨਗਰ ਨਿਗਮ ਨੂੰ ਕੋਈ ਬੇਨਤੀ ਨਹੀਂ ਕੀਤੀ ਪਰ ਫਿਰ ਵੀ ਨਗਰ ਨਿਗਮ ਬਜ਼ਿੱਦ ਕਿਉਂ ਹੈ? ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਨੂੰ ਪਾਰਕ ਕਮੇਟੀ ਪ੍ਰਧਾਨ ਦੀ ਅਗਵਾਈ ਵਿੱਚ ਲੋਕਾਂ ਦਾ ਇਕ ਵਫਦ ਮਿਲਿਆ ਤੇ ਇੱਕ ਲਿਖਤੀ ਪੱਤਰ ਦੇ ਕੇ ਇਸ ਨਜਾਇਜ਼ ਤੌਰ ਤੇ ਉਸਾਰੀ ਜਾ ਰਹੀ ਕੰਧ ਨੂੰ ਫੌਰੀ ਤੌਰ ਤੇ ਰੋਕਣ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਮਿਸ਼ਨਰ ਨੇ ਇਹ ਮਾਮਲਾ ਪੜਤਾਲ ਕਰਨ ਲਈ ਤਾਂ ਕਿਹਾ ਪਰ ਠੇਕੇਦਾਰ ਵੱਲੋਂ ਉਸਾਰੀ ਜਾ ਰਹੀ ਕੰਧ ਨੂੰ ਰੋਕਿਆ ਤੱਕ ਨਹੀਂ ਜੋ ਲੋਕਾਂ ਦੇ ਵਫ਼ਦ ਦੀ ਸਿੱਧੇ ਤੌਰ ਤੇ ਅਣਦੇਖੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਸ਼ਹਿਰਾਂ ਅੰਦਰ ਸਰਕਾਰੀ ਥਾਵਾਂ ਤੇ ਕੀਤੇ ਜਾ ਰਹੇ ਨਾਜਾਇਜ ਕਬਜÇਆਂ ਨੂੰ ਠੱਲ੍ਹ ਪਾਉਣ ਲਈ ਸਰਗਰਮ ਹੋਈ ਦੱਸੀ ਜਾਂਦੀ ਹੈ ਪਰ ਦੂਜੇ ਪਾਸੇ ਨਗਰ ਨਿਗਮ ਬਠਿੰਡਾ ਲੋਕਾਂ ਦੀ ਸੈਰ ਵਾਲੇ ਪਾਰਕ ਦੀ ਜਗ੍ਹਾ ਤੇ ਕਥਿਤ ਨਜਾਇਜ ਕਬਜ਼ੇ ਨੂੰ ਉਤਸ਼ਾਹਿਤ ਕਿਉਂ ਕਰ ਰਹੀ ਹੈ ਜਿਸ ਨੂੰ ਲੈਕੇ ਵਾਰਡ ਦੇ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਇਸ ਲਈ ਕਮਿਸ਼ਨਰ ਇਸ ਦਾ ਫੌਰੀ ਨੋਟਿਸ ਲੈਕੇ ਮਸਲਾ ਹੱਲ ਕਰਨ ਨਹੀਂ ਤਾਂ ਮਜਬੂਰੀ ਵੱਸ ਲੋਕਾਂ ਨੂੰ ਅਗਲੀ ਕਾਰਵਾਈ ਬਾਰੇ ਵੀ ਸੋਚਣਾ ਪਵੇਗਾ। ਓਧਰ ਇਸ ਮਾਮਲੇ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦਾ ਪੱਖ ਜਾਣ ਲਈ ਸੰਪਰਕ ਕਰਨ ਤੇ ਉਨ੍ਹਾਂ ਫੋਨ ਨਹੀਂ ਚੁੱਕਿਆ।