ਟੈੱਟ ਪਾਸ ਬੀਐਡ ਬੇਰੁਜ਼ਗਾਰਾਂ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਿਰਾਓ ਦਾ ਕੀਤਾ ਐਲਾਨ; ਸਿੱਖਿਆ ਮੰਤਰੀ ਨੇ ਕੀਤੀ ਗੱਲਬਾਤ
ਦਲਜੀਤ ਕੌਰ ਭਵਾਨੀਗੜ੍ਹ
- ਟੈਂਕੀ ਉੱਤੇ ਰੋਸ ਅਤੇ ਮੋਰਚੇ ਉੱਤੇ ਭੁੱਖ ਹੜਤਾਲ ਜਾਰੀ
ਜਲੰਧਰ, 26 ਨਵੰਬਰ, 2021: ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਨੇ ਜਿੱਥੇ ਤਿੰਨ ਦਿਨ ਲਗਾਤਾਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਤਾਂ ਅੱਜ ਸਥਾਨਕ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਕਰਨ ਪੁੱਜੇ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਦੇ ਘਿਰਾਓ ਕਰਨ ਦਾ ਐਲਾਨ ਕੀਤਾ। ਪ੍ਰਸ਼ਾਸ਼ਨ ਨੂੰ ਪਤਾ ਲਗਦੇ ਹੀ ਬੇਰੁਜ਼ਗਾਰਾਂ ਦੀ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਨੇ ਕਿਹਾ ਕਿ ਸਰਕਾਰ ਬੇਰੁਜ਼ਗਾਰ ਅਧਿਆਪਕਾ ਨੂੰ ਰੁਜ਼ਗਾਰ ਦੇਣਾ ਚਾਹੁੰਦੀ ਹੈ, ਪ੍ਰੰਤੂ ਬੇਰੁਜ਼ਗਾਰਾਂ ਵੱਲੋਂ ਅਦਾਲਤ ਅੰਦਰ ਕੇਸ ਦਾਇਰ ਕਰਕੇ ਪ੍ਰਕਿਰਿਆ ਰੋਕ ਦਿੱਤੀ ਜਾਂਦੀ ਹੈ।
ਪ੍ਰੰਤੂ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਪੁੱਜੇ ਬੇਰੁਜ਼ਗਾਰਾਂ ਨੇ ਮੀਡੀਏ ਸਾਹਮਣੇ ਪ੍ਰਗਟਾਵਾ ਕੀਤਾ ਕਿ ਮੰਤਰੀ ਸਿਰਫ ਈਟੀਟੀ ਅਧਿਆਪਕਾਂ ਦੀ ਭਰਤੀ ਦੇ ਹਵਾਲੇ ਦੇ ਰਹੇ ਹਨ, ਜਦਕਿ ਬੀ ਐੱਡ ਮਾਸਟਰ ਕੇਡਰ ਦੀ ਭਰਤੀ ਸਬੰਧੀ ਕੋਈ ਪ੍ਰਕਿਰਿਆ ਅਜੇ ਤੱਕ ਸ਼ੁਰੂ ਹੀ ਨਹੀਂ ਕੀਤੀ। ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਬੇਰੁਜ਼ਗਾਰਾਂ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਦੀ ਮੰਗ ਹੈ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਘੱਟੋ ਘੱਟ 9000 ਅਸਾਮੀਆਂ ਸਮੇਤ ਕੁੱਲ 18000 ਅਸਾਮੀਆਂ ਦੀ ਭਰਤੀ ਲਈ ਨਵਾਂ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਸ੍ਰ. ਪ੍ਰਗਟ ਸਿੰਘ ਕਦੇ ਵੀ ਇਸ ਭਰਤੀ ਬਾਰੇ ਨਹੀਂ ਬੋਲਦੇ।
ਬੇਰੁਜ਼ਗਾਰਾਂ ਸਰਬਜੀਤ, ਜਸਵੰਤ, ਅਮਨ ਸ਼ੇਖਾ, ਹਰਮੇਸ਼, ਜਗਤਾਰ ਨੇ ਕਰੀਬ 15 ਮਿੰਟ ਗੱਲਬਾਤ ਕੀਤੀ। ਪੁਲਿਸ ਨੇ ਵਿਰੋਧ ਦੇ ਡਰੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਅਦਾਲਤੀ ਰੋਕ ਦਾ ਭੁਲੇਖਾ ਦੇ ਕੇ ਮੀਡੀਏ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਕਿ ਮਾਸਟਰ ਕੇਡਰ ਦੀ ਭਰਤੀ ਲਈ ਤਾਂ ਅਜੇ ਤੱਕ ਕੋਈ ਇਸ਼ਤਿਹਾਰ ਜਾਰੀ ਹੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੀ 3704 ਦੀ ਭਰਤੀ ਵਿੱਚ ਮਹਿਜ਼ 150 ਅਸਾਮੀਆਂ ਉਕਤ ਵਿਸ਼ਿਆਂ ਦੀਆਂ ਕੱਢੀਆਂ ਗਈਆਂ ਸਨ। ਜਦਕਿ ਇੰੰਨ੍ਹਾਂ ਵਿਸ਼ਿਆਂ ਦੇ 26000 ਦੇ ਕਰੀਬ ਬੇਰੁਜ਼ਗਾਰ ਉਮੀਦਵਾਰ ਹਨ। ਇੰਨਾਂ ਦੀ ਭਰਤੀ ਲਈ ਸਰਕਾਰ ਇਸ਼ਤਿਹਾਰ ਜਾਰੀ ਕਰੇ। ਉਹਨਾਂ ਸਿੱਖਿਆ ਮੰਤਰੀ ਨੂੰ ਬੇਰੁਜ਼ਗਾਰਾਂ ਵੱਲੋ ਹੱਕੀ ਮੰਗਾਂ ਲਈ ਸੰਘਰਸ਼ ਨੂੰ ਗੈਰ- ਜਮਹੂਰੀ ਗਰਦਾਨਣ ਉੱਤੇ ਰੋਸ ਜ਼ਾਹਿਰ ਕਰਦਿਆਂ ਮੀਡੀਏ ਸਾਹਮਣੇ ਵਾਦ-ਵਿਵਾਦ ਦਾ ਸੱਦਾ ਦਿੱਤਾ।
ਅੱਜ ਦੀ ਭੁੱਖ ਹੜਤਾਲ ਉੱਤੇ ਜਗਤਾਰ ਟੋਡਰਵਾਲ, ਮਨਦੀਪ ਭੱਦਲਵੱਢ, ਅਵਤਾਰ ਭੁੱਲਰਹੇੜੀ, ਸੁਨੀਲ ਫਾਜ਼ਿਲਕਾ, ਵਿਵੇਕ ਪਠਾਨਕੋਟ ਬੈਠੇ। ਵਰਨਣਯੋਗ ਹੈ ਕਿ ਭੁੱਖ ਹੜਤਾਲ ਉੱਤੇ ਬੈਠੇ ਬੇਰੁਜ਼ਗਾਰ ਜਗਤਾਰ ਸਿੰਘ ਦਾ ਜਨਮ ਦਿਨ ਵੀ ਸੀ। ਇਸ ਮੌਕੇ ਸਰਬਜੀਤ ਲਾਧੂਕਾ, ਰਿੰਕੂ ਝਾੜੋਂ, ਕੁਲਵੰਤ ਜਟਾਣਾ ਮਾਨਸਾ ਆਦਿ ਹਾਜ਼ਰ ਸਨ।