ਅਕਾਲ ਯੂਨੀਵਰਸਿਟੀ ਵਿਖੇ ਪ੍ਰਸਿੱਧ ਵਿਗਿਆਨੀ ਪ੍ਰੋ. ਆਸ਼ੂਤੋਸ਼ ਭਾਰਦਵਾਜ ਦਾ ਵਿਸ਼ੇਸ਼ ਲੈਕਚਰ ਕਰਾਇਆ ਗਿਆ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 26 ਨਵੰਬਰ 2021 - ਅਕਾਲ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਲੋਂ ਬੀ.ਐੱਸ.ਸੀ ਅਤੇ ਐਮ.ਐੱਸ.ਸੀ ਦੇ ਵਿਦਿਆਰਥੀਆਂ ਲਈ ਦਿੱਲੀ ਯੂਨੀਵਰਸਿਟੀ ਦੇ ਪ੍ਰਸਿੱਧ ਵਿਗਿਆਨੀ ਪ੍ਰੋ. ਆਸ਼ੂਤੋਸ਼ ਭਾਰਦਵਾਜ ਦੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਸੈਸ਼ਨ ਦੀ ਪ੍ਰਧਾਨਗੀ ਅਕਾਲ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਬੀਰਬਿਕਰਮ ਸਿੰਘ ਨੇ ਕੀਤੀ। ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਡਾ. ਭਾਰਦਵਾਜ ਨੇ ਸਭ ਤੋਂ ਪਹਿਲਾਂ ਸ਼ੋਸ਼ਲ ਮੀਡੀਆ ਦੇ ਚੱਲਦਿਆਂ ਮੌਜੂਦਾ ਜੀਵਨ ਵਿੱਚ ਭਟਕਣਾਵਾਂ ਅਤੇ ਸਾਡੇ ਫੋਕਸ 'ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਭਟਕਣਾਂਵਾਂ ਨੇ ਇਸ ਦਹਾਕੇ ਦੌਰਾਨ ਇੱਕ ਵਿਅਕਤੀ ਦੇ ਫੋਕਸ ਦੀ ਮਿਆਦ ਨੂੰ ਮਿੰਟਾਂ ਤੋਂ ਕੁਝ ਸਕਿੰਟਾਂ ਤੱਕ ਘਟਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਸਥਿਤੀ ਨੂੰ ਅਧਿਆਤਮਿਕਤਾ ਨਾਲ ਸੰਭਾਲ ਸਕਦੇ ਹਾਂ।
ਡਾ. ਭਾਰਦਵਾਜ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਅਧਿਆਤਮਿਕਤਾ ਨਾਲ ਅਸੀਂ ਮਾਨਸਿਕ ਸ਼ਾਂਤੀ ਪ੍ਰਾਪਤ ਕਰਦੇ ਹਾਂ, ਜਿਸ ਨਾਲ ਸਾਡਾ ਵਿਦਿਅਕ ਅਤੇ ਵਿਗਿਆਨਿਕ ਗਤੀਵਿਧੀਆਂ ਵੱਲ ਧਿਆਨ ਵਧਦਾ ਹੈ। ਡਾ. ਭਾਰਦਵਾਜ ਨੇ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਭਵਿੱਖ ਬਾਰੇ ਦੱਸਦਿਆਂ ਪ੍ਰੇਰਿਤ ਕੀਤਾ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਸੀਂ ਚੀਜ਼ਾਂ ਨੂੰ ਵੱਖਰੇ ਨਜ਼ਰੀਏ ਤੋਂ ਦੇਖਦੇ ਹੋ ਤਾਂ ਤੁਸੀਂ ਆਪਣੀ ਰੋਜ਼ਾਨਾ ਰੂਟੀਨ ਵਿੱਚ ਭੌਤਿਕ ਵਿਗਿਆਨ ਨੂੰ ਸ਼ਾਮਲ ਕਰ ਸਕਦੇ ਹੋ। ਅੰਤ ਵਿੱਚ ਡਾ. ਭਾਰਦਵਾਜ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ। ਸੈਸ਼ਨ ਦੀ ਸਮਾਪਤੀ ਡਾ. ਰਮਨਦੀਪ ਕੁਮਾਰ ਨੇ ਧੰਨਵਾਦ ਦੇ ਮਤੇ ਨਾਲ ਕੀਤੀ।