ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਸਿਹਤ ਕਾਮਿਆਂ ਨੇ ਮੱਲੀਆਂ ਸੜਕਾਂ
ਅਸ਼ੋਕ ਵਰਮਾ
ਬਠਿੰਡਾ,26 ਨਵੰਬਰ2021: ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿੱਚ ਧਰਨਾ ਦੇ ਬਹੇ ਕੌਮੀ ਸਿਹਤ ਮਿਸ਼ਨ ਕਾਮਿਆਂ ਨੇ ਆਪਣੀ ਰੈਗੂਲਰ ਕਰਨ ਦੀ ਮੰਗ ਨੂੰ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਖਿਲਾਫ ਰੋਸ ਮੁਜ਼ਾਹਰਾ ਕਰਕੇ ਬਠਿੰਡਾ ਦੇ ਬੱਸ ਅੱਡਾ ਚੌਂਕ ’ਚ ਧਰਨਾ ਦੇਕੇ ਜਾਮ ਲਾਇਆ ਜਿਸ ਦੇ ਸਿੱਟੇ ਵਜੋਂ ਆਵਾਜਾਈ ਪ੍ਰਬੰਧ ਤਹਿਸ ਨਹਿਸ ਹੋ ਗਏ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ। ਜਾਮ ਕਾਰਨ ਸੜਕਾਂ ‘ਤੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਬਾਰ ਜਾਣ ਵਾਲੀਆਂ ਬੱਸਾਂ ਬੱਸ ਅੱਡੇ ਅੰਦਰ ਹੀ ਕੈਦ ਹੋ ਕੇ ਰਹਿ ਗਈਆਂ।
ਇਸ ਕਾਰਨ ਸਵਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਬਾਹਰੋਂ ਆਉਣ ਵਾਲੀਆਂ ਬੱਸਾਂ ਨੇ ਸਵਾਰੀਆਂ ਅੱਡੇ ਤੋਂ ਕਾਫ਼ੀ ਦੂਰ ਸੜਕ ‘ਤੇ ਹੀ ਉਤਾਰ ਦਿੱਤੀਆਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਕਾਫੀ ਦੂਰ ਤੱਕ ਤੁਰ ਕੇ ਗਏ। ਮੁਜ਼ਾਹਰਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਖਤਮ ਨਹੀਂ ਕਰਨਗੇ ਬਲਕਿ ਹੋਰ ਵੀ ਤੇਜ ਕੀਤਾ ਜਾਏਗਾ। ਇਸ ਮੌਕੇ ਚੱਕਾ ਤਹਿਸੀਲਦਾਰ ਨੇ ਮੁਜ਼ਾਹਰਾਕਾਰੀਆਂ ਤੋਂ ਮੰਗ ਪੱਤਰ ਲਿਆ ਅਤੇ ਧਰਨਾ ਖਤਮ ਕਰਨ ਦੀ ਅਪੀਲ ਕੀਤੀ। ਤਹਿਸੀਲਦਾਰ ਦੇ ਭਰੋਸੇ ਉਪਰੰਤ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਜਾਮ ਖੋਲ੍ਹ ਦਿੱਤਾ।
ਆਗੂਆਂ ਨੇ ਐਲਾਨ ਕੀਤਾ ਕਿ 30 ਨਵੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਖਰੜ ਵਿਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਸਬੰਧੀ ਵੱਖ ਵੱਖ ਪੱਧਰਾਂ ਤੇ ਲਿਖਤੀ ਰੂਪ ‘ਚ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਮੌਕੇ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਦੇ ਆਗੂਆਂ ਨਰਿੰਦਰ ਕੁਮਾਰ, ਸੁਰਿੰਦਰ ਕੌਰ,ਸੁਰਾਜ ਕੌਰ,ਰਣਜੀਤ ਕੌਰ ,ਮਨਪ੍ਰੀਤ ਕੌਰ,ਦਵਿੰਦਰ ਕੌਰ,ਸੰਦੀਪ ਕੌਰ,ਹਰਜਿੰਦਰ ਕੌਰ,ਹਰਵਿੰਦਰ ਕੌਰ,ਸਚਿਨ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਨੇ ਕੋਰੋਨਾ ਕਾਲ ਤੋਂ ਬਾਅਦ ਸਾਰੇ ਕੋਰੋਨਾ ਯੋਧਿਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਜੋ ਕਿ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਨਾਲ ਕੀਤੀ ਗਈ ਪੈਨਲ ਮੀਟਿੰਗ ਵੀ ਬੇਨਤੀਜਾ ਰਹੀ ਹੈ ਜਿਸ ਕਰਕੇ ਉਨ੍ਹਾਂ ਨੂੰ ਧਰਨਿਆਂ ਮੁਜਾਹਰਿਆਂ ਦੇ ਰਾਹ ਪੈਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 4385 ਕਰਮਚਾਰੀ ਪਿਛਲੇ 15 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਰ ਪੰਜਾਬ ਸਰਕਾਰ ਕੋਰੋਨਾ ਯੋਧਿਆਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦ ਤੱਕ ਸਰਕਾਰ ਮੁਲਾਜ਼ਮਾਂ ਦੀਆਂ ਬਣਦੀਆਂ ਹੱਕੀ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ।