ਕਾਂਗਰਸ ਪਾਰਟੀ ਦੇ ਰਾਸ਼ਟਰੀ ਸਕੱਤਰ ਰਮਿੰਦਰ ਆਂਵਲਾ ਨੂੰ ਕੋਟਕਪੂਰਾ ਵਿਧਾਨਸਭਾ ਤੋਂ ਕਾਂਗਰਸ ਦੀ ਟਿਕਟ ਮਿਲਣ ਦੀ ਬਣੀ ਸੰਭਾਵਨਾ
ਕੋਟਕਪੂਰਾ ਤੋਂ ਦੀਪਕ ਗਰਗ ਦੀ ਖਾਸ ਰਿਪੋਰਟ
- ਕੋਟਕਪੂਰਾ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਵਿੱਚ ਪਾਇਆ ਜਾ ਰਿਹਾ ਹੈ ਰਮਿੰਦਰ ਆਂਵਲਾ ਦਾ ਕਾਫੀ ਆਧਾਰ , 2017 ਵਿੱਚ ਵੀ ਸਨ ਟਿਕਟ ਦੇ ਮਜਬੂਤ ਦਾਅਵੇਦਾਰ
ਕੋਟਕਪੂਰਾ, 26 ਨਵੰਬਰ 2021 - ਜਲਾਲਾਬਾਦ ਦੇ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਰਾਸ਼ਟਰੀ ਸਕੱਤਰ ਰਮਿੰਦਰ ਆਂਵਲਾ ਨੂੰ ਕੋਟਕਪੂਰਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਦੀ ਪ੍ਰਬਲ ਸੰਭਾਵਨਾ ਬਣ ਚੁੱਕੀ ਹੈ।
ਜਿਸਦੇ ਚਲਦੇ ਆਉਂਦੀਆਂ ਵਿਧਾਨਸਭਾ ਚੋਣਾਂ ਨੂੰ ਲੈਕੇ ਕੋਟਕਪੂਰਾ ਵਿੱਚ ਰਾਜਨੈਤਿਕ ਸਮੀਕਰਨ ਬਦਲਦੇ ਨਜਰ ਆ ਰਹੇ ਹਨ। ਹਾਲਾਂਕਿ ਰਮਿੰਦਰ ਆਂਵਲਾ ਨੇ ਆਪਣੀ ਕੋਟਕਪੂਰਾ ਫੇਰੀ ਦੌਰਾਨ ਪੱਤਰਕਾਰਾਂ ਅਗੇ ਇਹ ਗੱਲ ਕਹੀ ਸੀ ਕਿ ਉਹ ਜਲਾਲਾਬਾਦ ਤੋਂ ਹੀ ਚੋਣ ਲੜਨ ਨੂੰ ਪਹਿਲ ਦੇਣਗੇ।
ਜਾਣਕਾਰੀ ਮੁਤਾਬਿਕ ਰਮਿੰਦਰ ਸਿੰਘ ਆਂਵਲਾ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਪਾਰਟੀ ਦੇ ਵਿਧਾਇਕ ਸਨ, ਜੋ ਇਸ ਵੇਲੇ ਫ਼ਿਰੋਜ਼ਪੁਰ ਤੋਂ ਪਾਰਟੀ ਦੇ ਸੰਸਦ ਮੈਂਬਰ ਹਨ।
ਸ: ਸੁਖ਼ਬੀਰ ਸਿੰਘ ਬਾਦਲ ਦੇ ਸੰਸਦ ਮੈਂਬਰ ਚੁਣੇ ਜਾਣ ਮਗਰੋਂ ਹੋਈ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਸ੍ਰੀ ਰਮਿੰਦਰ ਆਂਵਲਾ ਜਲਾਲਾਬਾਦ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ।
2022 ਚੋਣਾਂ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ ਕਰਨ ਸਮੇਂ ਸ: ਸੁਖ਼ਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲੀ ਟਿਕਟ ਹੀ ਆਪਣੀ ਐਲਾਨੀ ਸੀ ਅਤੇ ਖ਼ੁਦ ਨੂੰ ਮੁੜ ਜਲਾਲਾਬਾਦ ਹਲਕੇ ਤੋਂ ਉਮੀਦਵਾਰ ਐਲਾਨਿਆ ਹੋਇਆ ਹੈ।
ਸੂਤਰਾਂ ਮੁਤਾਬਿਕ ਜੇਕਰ ਜਲਾਲਾਬਾਦ ਤੋਂ ਦੋਨੋਂ ਦਿੱਗਜ ਆਗੂ ਰਮਿੰਦਰ ਆਂਵਲਾ ਅਤੇ ਸੁਖਬੀਰ ਸਿੰਘ ਬਾਦਲ ਆਮਣੇ ਸਾਮਣੇ ਹੁੰਦੇ ਹਨ ਤਾਂ ਇਸ ਸੀਟ ਉਪਰ ਲੜਿਆ ਜਾਣ ਵਾਲਾ ਚੂਨਾਵ ਦੇਸ਼ ਭਰ ਵਿੱਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਚੂਨਾਵ ਸਾਬਿਤ ਹੋ ਸਕਦਾ ਹੈ। ਸੁਭਾਵਿਕ ਹੈ ਕਿ ਦੋਵੇਂ ਹੀ ਸੱਮਝਦਾਰ ਅਤੇ ਦਿੱਗਜ ਆਗੂ ਇਸ ਸਥਿਤੀ ਤੋਂ ਬੱਚਣਾ ਚਾਹੁੰਦੇ ਹਨ।
ਕਾਂਗਰਸ ਨੇ ਅੱਜੇ ਤੱਕ ਆਪਣੇ ਉਮੀਦਵਾਰਾਂ ਦੇ ਨਾਂਅ ਦੀ ਘੋਸ਼ਣਾ ਨਹੀਂ ਕੀਤੀ ਹੈ। ਇਹੀ ਕਾਰਣ ਹੈ ਕਿ ਕਾਫੀ ਸਮੇਂ ਤੋਂ ਰਮਿੰਦਰ ਆਂਵਲਾ ਦੇ ਕੋਟਕਪੂਰਾ ਵਿਧਾਨਸਭਾ ਖੇਤਰ ਤੋਂ ਚੋਣ ਲੜਨ ਦੀ ਚਰਚਾ ਛਿੜੀ ਹੋਈ ਹੈ। 2017 ਮੌਕੇ ਵੀ ਰਮਿੰਦਰ ਆਂਵਲਾ ਕੋਟਕਪੂਰਾ ਵਿਧਾਨਸਭਾ ਖੇਤਰ ਤੋਂ ਮਜਬੂਤ ਉਮੀਦਵਾਰ ਦੇ ਤੌਰ ਤੇ ਸਾਮਣੇ ਆਏ ਸੀ। ਰਮਿੰਦਰ ਆਂਵਲਾ ਦਾ ਕੋਟਕਪੂਰਾ ਸ਼ਹਿਰ ਅਤੇ ਇਸ ਵਿਧਾਨਸਭਾ ਹਲਕੇ ਦੇ ਪਿੰਡਾਂ ਵਿੱਚ ਵੀ ਕਾਫੀ ਆਧਾਰ ਪਾਇਆ ਜਾ ਰਿਹਾ ਹੈ।
ਕਾਂਗਰਸ ਦੇ ਰਾਸ਼ਟਰੀ ਸਕੱਤਰ ਬਣਨ ਤੋਂ ਬਾਅਦ ਕੋਟਕਪੂਰਾ ਤੋਂ ਉਹਨਾਂ ਦੇ ਸਮਰਥਕਾਂ ਨੇ 100 ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਮੁੱਲਾਂਪੁਰ ਪਹੁੰਚਕੇ ਉਹਨਾਂ ਦਾ ਸਵਾਗਤ ਕੀਤਾ ਸੀ। ਇਸ ਕਾਫਲੇ ਦੀ ਅਗੁਵਾਈ ਨਗਰ ਕੌਂਸਲ ਕੋਟਕਪੂਰਾ ਦੇ ਸੀਨੀਅਰ ਮੀਤ ਪ੍ਰਧਾਨ ਸਵਤੰਤਰ ਜੋਸ਼ੀ ਅਤੇ ਸਮਾਜਸੇਵੀ ਲਿੰਕਨ ਮਲਹੋਤਰਾ ਨੇ ਕੀਤੀ ਸੀ।
ਰਮਿੰਦਰ ਆਂਵਲਾ ਨੂੰ ਗਾਂਧੀ ਪਰਿਵਾਰ ਦੇ ਕਾਫੀ ਨੇੜੇ ਸਮਝਿਆ ਜਾਂਦਾ ਹੈ। ਹੁਣ ਇਹਨਾਂ ਦੇ ਰਾਸ਼ਟਰੀ ਸਕੱਤਰ ਅਤੇ ਸੂਬਾ ਕਰਨਾਟਕ ਦੇ ਇੰਚਾਰਜ ਸਕੱਤਰ ਬਣਨ ਤੋਂ ਬਾਅਦ ਇਹਨਾਂ ਦਾ ਕੱਦ ਹੋਰ ਵੀ ਉੱਚਾ ਹੋ ਗਿਆ ਹੈ।
ਸੂਤਰਾਂ ਦੀ ਗੱਲ ਨੂੰ ਜੇ ਸਹੀ ਮੰਨੀਏ ਤਾਂ ਵੀਰਵਾਰ ਦੇਰ ਸ਼ਾਮ ਕਾਂਗਰਸੀ ਅਬਜ਼ਰਵਰ ਹਰਸ਼ਵਰਧਨ ਸਪਕਲ ਕੋਟਕਪੂਰਾ ਵਿਖੇ ਕਾਂਗਰਸ ਟਿਕਟ ਦੇ ਦਾਅਵੇਦਾਰਾਂ ਦੀ ਨਬਜ ਟਰੈਕ ਕਰਣ ਪਹੁੰਚੇ ਸੀ ਤਾਂ ਊਸ ਸਮੇਂ ਕੋਟਕਪੂਰਾ ਤੋਂ ਕਾਂਗਰਸ ਟਿਕਟ ਦੇ ਤਿੰਨ ਦਾਅਵੇਦਾਰ ਸਾਹਮਣੇ ਆਏ ਸੀ ਕਾਂਗਰਸੀ ਆਗੂਆਂ ਦੇ ਦਾਅਵਿਆਂ ਦੇ ਉਲਟ ਆਪਸੀ ਧੜੇਬੰਦੀ ਵੀ ਪੂਰੀ ਤਰ੍ਹਾਂ ਉਭਰ ਕੇ ਸਾਹਮਣੇ ਆਈ ਸੀ। ਤਿੰਨੇ ਦਾਅਵੇਦਾਰਾਂ ਨੇ ਆਪੋ ਆਪਣੇ ਪੱਖ ਵਿੱਚ ਲਾਬਿੰਗ ਕੀਤੀ ਹੋਈ ਸੀ। ਜਿਸਨੂੰ ਕਾਂਗਰਸ ਦੇ ਤੇਜ਼ ਤਰਾਰ ਅਬਜਰਬਰ ਨੇ ਜਲਦੀ ਹੀ ਭਾਂਪ ਲਿਆ।
ਉਸੇ ਸਮੇਂ ਇਸ ਦੀ ਰਿਪੋਰਟ ਪਾਰਟੀ ਹਾਈਕਮਾਨ ਕੋਲ ਵੀ ਪਹੁੰਚ ਗਈ। ਪਾਰਟੀ ਨਾ ਤਾਂ ਕੋਟਕਪੂਰਾ ਸੀਟ ਤੇ ਕੋਈ ਰਿਸਕ ਲੈਣਾ ਚਾਹੁੰਦੀ ਹੈ ਅਤੇ ਨਾ ਹੀ ਰਮਿੰਦਰ ਆਂਵਲਾ ਨੂੰ ਲੈਕੇ ਕੋਈ ਰਿਸਕ ਲੈਣਾ ਚਾਹੁੰਦੀ ਹੈ।
ਬਹੁਤ ਹੀ ਭਰੋਸੇਯੋਗ ਸੂਤਰਾਂ ਮੁਤਾਬਿਕ ਰਮਿੰਦਰ ਆਂਵਲਾ ਨੂੰ ਕੋਟਕਪੂਰਾ ਸੀਟ ਤੋਂ ਟਿਕਟ ਲਈ ਹਰੀ ਝੰਡੀ ਮਿਲ ਚੁੱਕੀ ਹੈ ਅਤੇ ਉਨ੍ਹਾਂ ਨੂੰ ਕੋਟਕਪੂਰਾ ਤੋਂ ਚੋਣ ਦੀ ਤਿਆਰੀ ਲਈ ਕਹਿ ਦਿੱਤਾ ਗਿਆ ਹੈ।
ਉਹ ਜਲਦ ਹੀ ਕੋਟਕਪੂਰਾ ਤੋਂ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਸਕਦੇਂ ਹਨ। ਇਹ ਵੀ ਪੱਤਾ ਲੱਗਿਆ ਹੈ ਕਿ ਕੋਟਕਪੂਰਾ ਵਿੱਚ ਰਮਿੰਦਰ ਆਂਵਲਾ ਦੀ ਕਾਫੀ ਮਜਬੂਤ ਟੀਮ ਹੈ। ਜੋ ਪਹਿਲਾਂ ਤੋਂ ਹੀ ਤਿਆਰ ਬ ਤਿਆਰ ਹੈ।