ਸਮਾਜਸੇਵੀਆਂ ਨੇ ਕੋਟਕਪੂਰਾ ਰੇਲਵੇ ਸਟੇਸ਼ਨ ਦੀਆਂ ਸਮੱਸਿਆਵਾਂ ਤੋਂ ਮੀਡੀਆ ਨੂੰ ਕਰਵਾਇਆ ਜਾਣੂ
ਦੀਪਕ ਗਰਗ
- ਮੈਡਮ ਸੀਮਾ ਸ਼ਰਮਾ ਡੀਆਰਐਮ ਫਿਰੋਜ਼ਪੁਰ ਨੂੰ ਕੋਟਕਪੂਰਾ ਰੇਲਵੇ ਸਟੇਸ਼ਨ ਦਾ ਇਕ ਵਾਰ ਦੌਰਾ ਕਰਨ ਦੀ ਕੀਤੀ ਗਈ ਮੰਗ
ਕੋਟਕਪੂਰਾ, 26 ਨਵੰਬਰ 2021 - ਜਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਮੁੱਖ ਰੇਲਵੇ ਸਟੇਸ਼ਨ ਦੀ ਸਾਫ ਸਫ਼ਾਈ ਦੀ ਵਿਵਸਥਾ ਨੂੰ ਲੈਕੇ ਅਤੇ ਰੇਲਵੇ ਸਟੇਸ਼ਨ ਦੀਆਂ ਹੋਰ ਸਮੱਸਿਆਵਾਂ ਨੂੰ ਉਜਾਗਰ ਕਰਨ ਦੇ ਮਕਸਦ ਨਾਲ ਸ਼ਹਿਰ ਦੇ ਸਮਾਜਸੇਵੀ ਅਤੇ ਰੇਲਵੇ ਸੰਘਰਸ਼ ਸੰਮਤੀ ਦੇ ਪ੍ਰਧਾਨ ਨਰਿੰਦਰ ਰਾਠੌਰ ਅਤੇ ਮੀਤ ਪ੍ਰਧਾਨ ਪ੍ਰਦੀਪ ਮਿੱਤਲ ਵੱਲੋਂ ਕੋਟਕਪੂਰਾ ਦੇ ਰੇਲਵੇ ਸਟੇਸ਼ਨ ਤੇ ਹਾਜ਼ਰ ਹੋਕੇ ਕੋਟਕਪੂਰਾ ਰੇਲਵੇ ਸਟੇਸ਼ਨ ਤੇ ਸਾਫ-ਸਫ਼ਾਈ ਮੁਹਿੰਮ ਦੀ ਵਿਗੜ ਰਹੀ ਹਾਲਤ ਤੇ ਚਾਨਣਾ ਪਾਉਣ ਲਈ ਅਤੇ ਕੋਟਕਪੂਰਾ ਰੇਲਵੇ ਸਟੇਸ਼ਨ ਦੀਆਂ ਹੋਰ ਸਮੱਸਿਆਵਾਂ ਰੇਲਵੇ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਲਈ ਮੀਡੀਆ ਅੱਗੇ ਆਕੇ ਰੋਸ ਜਾਹਰ ਕੀਤਾ ਗਿਆ। ਇਸ ਸਮੇਂ ਹਾਜਰ ਸਮਾਜਸੇਵੀ ਅਤੇ ਰੇਲਵੇ ਸੰਘਰਸ਼ ਸੰਮਤੀ ਦੇ ਪ੍ਰਧਾਨ ਨਰਿੰਦਰ ਰਾਠੌਰ ਅਤੇ ਮੀਤ ਪ੍ਰਧਾਨ ਪ੍ਰਦੀਪ ਮਿੱਤਲ ਆਦਿ ਹੁਰਾਂ ਨੇ ਮੀਡੀਆ ਦੇ ਕੈਮਰੇ ਮੂਹਰੇ ਆਕੇ ਸਥਾਨਕ ਸਮੂਹ ਰੇਲਵੇ ਅਧਿਕਾਰੀਆਂ ਦੀਆਂ ਲਾਪਰਵਾਹੀਆਂ ਪ੍ਰਤੀ ਗੁੱਸੇ ਦੇ ਰੂਪ ਵਿੱਚ ਆਪਣਾ ਤਿੱਖਾ ਰੋਸ ਵਿਅਕਤ ਕਰਦਿਆਂ ਉਨਾਂ ਆਖਿਆ ਕਿ ਇੱਥੋਂ ਦੇ ਰੇਲਵੇ ਸਟੇਸ਼ਨ ਦੀ ਸਾਫ-ਸਫ਼ਾਈ ਨੂੰ ਲੱਗਦਾ ਜਿਵੇਂ ਗ੍ਰਹਿਣ ਲੱਗ ਗਿਆ ਹੋਵੇ ਇਥੋਂ ਦੀ ਸਾਫ-ਸਫ਼ਾਈ ਵੱਲ ਇੰਨਾਂ ਅਧਿਕਾਰੀਆਂ ਦਾ ਕੋਈ ਧਿਆਨ ਹੀ ਨਹੀਂ ਹੈ।
ਉਨਾਂ ਆਖਿਆ ਕਿ ਇੱਥੇ ਇੱਕ ਤਾਂ ਕਾਫੀ ਪੈਸਾ ਖਰਚ ਕਰਕੇ ਨਵਾਂ ਰੇਲਵੇ ਫੂਟ ਓਵਰ ਬ੍ਰਿਜ ਬਣਾਇਆ ਗਿਆ ਹੈ ਜਿਸਦੀਆਂ ਪੌੜੀਆਂ ਜਿਆਦਾ ਹੋਣ ਕਰਕੇ ਇੱਥੇ ਬੱਚੇ, ਬੁੱਢੇ ਅਤੇ ਮਹਿਲਾਵਾਂ ਨੂੰ ਚੜਣ ਵਿੱਚ ਵੀ ਕਾਫੀ ਦਿੱਕਤ ਆਉਂਦੀ ਹੈ ਤੇ ਦੂਜਾ ਇਸਦੇ ਨਾਲ ਹੀ ਬਣੇ ਪੁਰਾਣੇ ਪੂਲ ਜਿਸਨੂੰ ਆਈ ਡਬਲੀਊ ਡੀ ਨੇ ਉਸਨੂੰ ਮਰਿਆ ਘੋਸਿਤ ਕਰਕੇ ਬੰਦ ਕੀਤਾ ਹੋਇਆ ਹੈ ਉਸਨੂੰ ਵੀ ਕਾਫੀ ਸਮਾਂ ਹੋ ਗਿਆ ਹਾਲੇ ਤੱਕ ਢਾਇਆ ਨਹੀਂ ਗਿਆ ਅਤੇ ਮਾਲ ਗੋਦਾਮ ਵਿਖੇ ਢਾਹੇ ਗਏ ਰੇਲਵੇ ਕੁਆਰਟਰਾਂ ਦਾ ਮਲਵਾ ਵੀ ਹਾਲੇ ਤੱਕ ਚੁੱਕਿਆ ਨਹੀਂ ਗਿਆ ਜਿੱਥੇ ਕਿ ਲੋਕ ਉਸਨੂੰ ਮੂਤਰਾਲਿਆ ਵਜੋਂ ਵਰਤ ਰਹੇ ਹਨ।
ਉਨਾਂ ਆਖਿਆ ਕਿ ਇੱਥੇ ਟਾਈਲਟ/ਬਾਥਰੂਮਾਂ, ਚਾਹ ਕੰਟੀਨ, ਤੇ ਹੋਰ ਬਣਦੀ ਸਹੂਲਤਾਂ ਆਦਿ ਦਾ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਵੀ ਇੱਥੇ ਮੁਸਾਫਿਰਾਂ ਅਤੇ ਸ਼ਹਿਰਵਾਸੀਆਂ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਹਨ। ਇੱਥੇ ਰੇਲਵੇ ਸਟੇਸ਼ਨ ਮਾਸਟਰ ਦੀ ਰਿਹਾਈਸ਼ ਮੂਹਰੇ ਵੀ ਜੋ ਘਾਹ-ਫੂਸ ਉੱਗਿਆ ਸੀ ਉਸਨੂੰ ਕੱਟਕੇ ਉਥੋਂ ਚੁੱਕਣ ਦੀ ਬਜਾਏ ਅਧਿਕਾਰੀਆਂ ਵੱਲੋਂ ਉਸੇ ਜਗ੍ਹਾ ਤੇ ਉਸਨੂੰ ਸਾੜਿਆ ਜਾ ਰਿਹਾ ਹੈ। ਇਥੇ ਰੇਲਵੇ ਸਟੇਸ਼ਨ ਦੇ ਦਫਤਰ ਸਾਹਮਣੇ ਪਾਣੀ ਵਾਲੀ ਪਾਇਪ ਵੀ ਕਾਫੀ ਸਮੇਂ ਤੋਂ ਟੁੱਟੀ ਹੋਈ ਹੈ ਜਿਸ ਕਰਕੇ ਉਥੇ ਪਿਆ ਗੰਦਾ ਪਾਣੀ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਸਤੋਂ ਇਲਾਵਾ ਉਨਾਂ ਹੋਰ ਵੀ ਸਮੱਸਿਆਵਾਂ ਵੱਲ ਮੀਡੀਆ ਦਾ ਧਿਆਨ ਦਿਵਾਇਆ ਗਿਆ।
ਉਨਾਂ ਮੰਗ ਕੀਤੀ ਹੈ ਕਿ ਇਥੇ ਪਿਆ ਰੇਲਵੇ ਕੁਆਰਟਾਂ ਦਾ ਮਲਵਾ ਆਦਿ ਚੁੱਕਵਾਕੇ ਇਥੇ ਸਾਫ-ਸਫ਼ਾਈ ਨੂੰ ਸਹੀ ਤਰੀਕੇ ਨਾਲ ਕਰਵਾਇਆ ਜਾਵੇ। ਇੱਥੇ ਚਾਹ-ਕੰਟੀਨ, ਟਾਈਲਟ-ਬਾਥਰੂਮ, ਅਤੇ ਬੱਚੇ ਬੁੱਢੇ ਅਤੇ ਮਹਿਲਾਵਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਰੇਲਵੇ ਪੂਲ ਦੇ ਨਾਲ ਇੱਥੇ ਰੈਂਪ ਆਦਿ ਜਾਂ ਲਿਫਟ ਆਦਿ ਲਗਵਾਈ ਜਾਵੇ। ਇੱਥੇ ਫੈਲੀ ਘਾਹ-ਫੂਸ ਨੂੰ ਇਥੋਂ ਚੁਕਵਾਕੇ ਇੱਥੇ ਪਾਰਕ ਆਦਿ ਬਣਵਾਇਆ ਜਾਵੇ ਤੇ ਰੇਲਵੇ ਸਟੇਸ਼ਨ ਮਾਸਟਰ ਦੇ ਦਫਤਰ ਮੂਹਰੇ ਪਏ ਗੰਦੇ ਪਾਣੀ ਦਾ ਵੀ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਉਥੋਂ ਕੋਈ ਭਿਆਨਕ ਬੀਮਾਰੀ ਨਾ ਫੈਲ ਸਕੇ। ਬਾਕੀ ਉਨਾਂ ਇਹ ਵੀ ਮੰਗ ਕੀਤੀ ਕਿ ਮੈਡਮ ਸੀਮਾ ਸ਼ਰਮਾ ਜੀ ਡੀਆਰਐਮ ਰੇਲਵੇ ਡਵੀਜ਼ਨ ਫਿਰੋਜ਼ਪੁਰ ਇਥੇ ਆਕੇ ਇਸ ਰੇਲਵੇ ਸਟੇਸ਼ਨ ਦਾ ਇੱਕ ਵਾਰ ਦੌਰਾ ਜਰੂਰ ਕਰਨ ਤਾਂ ਕਿ ਅਸੀਂ ਇਥੇ ਸ਼ਹਿਰਵਾਸੀਆਂ ਅਤੇ ਮੁਸਾਫਿਰਾਂ ਨੂੰ ਆਉਣ ਵਾਲੀਆਂ ਹੋਰ ਵੀ ਸਮੱਸਿਆਵਾਂ ਤੋਂ ਉਨਾਂ ਨੂੰ ਜਾਣੂ ਕਰਵਾ ਸਕਿਏ ਤੇ ਉਸਦਾ ਹੱਲ ਹੋ ਸਕੇ।
ਜਦ ਇਸ ਸਬੰਧੀ ਕੋਟਕਪੂਰਾ ਰੇਲਵੇ ਸਟੇਸ਼ਨ ਮਾਸਟਰ ਸ਼੍ਰੀ ਰਾਮਕੇਸ਼ ਮੀਨਾ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਜੋ ਸਾਡੇ ਰੇਲਵੇ ਸਟੇਸ਼ਨ ਦੇ ਅੰਦਰ ਦੀ ਸਾਫ-ਸਫ਼ਾਈ ਦਾ ਪ੍ਰੰਬਧ ਹੈ ਉਹ ਸਾਡੇ ਵੱਲੋਂ ਸਹੀ ਹੈ ਦੂਜਾ ਬਾਹਰ ਰੇਲਵੇ ਕੁਆਰਟਰਾਂ ਵਾਲੀ ਸਾਈਡ ਤੇ ਜੋ ਸਾਫ-ਸਫ਼ਾਈ ਦਾ ਕੰਮ ਹੈ ਉਹ ਆਈ ਡਬਲੀਊ ਡੀ ਦੇ ਅਧੀਨ ਹੈ। ਉਨਾਂ ਕਿਹਾ ਕਿ ਮੇਰੇ ਦਫਤਰ ਦੇ ਸਾਹਮਣੇ ਵੀ ਜੋ ਪਾਣੀ ਵਾਲੀ ਪਾਈਪ ਟੁੱਟੀ ਹੈ ਉਸਦੀ ਮੁਰੰਮਤ ਵੀ ਆਈ ਡਬਲੀਊ ਡੀ ਡਿਪਰਟਮੈਂਟ ਦੇਖਦਾ ਹੈ ਤੇ ਉਸ ਬਾਰੇ ਵੀ ਉਨਾਂ ਉੱਪਰ ਲਿਖਕੇ ਦਿੱਤਾ ਹੋਇਆ ਹੈ ਪਰ ਪਤਾ ਨਹੀਂ ਕਿਉਂ ਉਹ ਸਮੱਸਿਆ ਹੱਲ ਨਹੀਂ ਹੋ ਰਹੀ ਅਤੇ ਮੇਰੀ ਰਿਹਾਈਸ਼ ਮੂਹਰੇ ਜੋ ਘਾਹ-ਫੂਸ ਨੂੰ ਅੱਗ ਲਗਾਉਣ ਦੀ ਜੋ ਗੱਲ ਹੈ ਉਹ ਮੇਰੇ ਧਿਆਨ ਵਿੱਚ ਨਹੀਂ ਹੈ। ਬਾਕੀ ਉਸ ਘਾਹ-ਫੂਸ ਨੂੰ ਅੱਗ ਲਗਾਉਣਾ ਜਾਇਜ਼ ਨਹੀਂ ਹੈ।