ਕੇਜਰੀਵਾਲ ਪੰਜਾਬ ਨੂੰ ਆਪਣੇ ਅਧੂਰੇ ਸੁਪਨੇ ਪੂਰੇ ਕਰਨ ਦੀ ਪ੍ਰਯੋਗਸ਼ਾਲਾ ਵੱਜੋਂ ਨਾ ਵਰਤਣ : ਬੀਰ ਦਵਿੰਦਰ
ਬਾਬੂਸ਼ਾਹੀ ਨੈੱਟਵਰਕ
ਮੋਹਾਲੀ, 27 ਨਵੰਬਰ 2021- ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀ ਲੈਂਦਿਆ ਉਨ੍ਹਾਂ ਦੇ ਸਾਰੇ ਤਰਕਾਂ ਨੂੰ ਵੰਗਾਰਿਆ ਹੈ। ਬੀਰ ਦਵਿੰਦਰ ਸਿੰਘ ਨੇ ਹਾਲ ਹੀ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤੇ ਗਏ ਇੱਕ ਇਸ਼ਤਿਹਾਰ (ਪੋਸਟਰ) ਤੇ ਤਿੱਖੀ ਟਿੱਪਣੀ ਕਰਦਿਆਂ ਸਵਾਲ ਕੀਤਾ ਹੈ, ਕਿ ਇਸ ਇਸ਼ਤਿਹਾਰ ਵਿੱਚ ਕੇਜਰੀਵਾਲ (ਪੋਸਟਰ) ਕਿਸ ਅਧਾਰ ਤੇ ਪੰਜਾਬ ਵਿੱਚ ‘ਕੇਜਰੀ-ਰਾਜ’ ਸਥਾਪਤ ਕਰਨ ਲਈ ਮੌਕਾ ਮੰਗ ਰਿਹਾ ਹੈ ? ਕੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਕਾਈ ਵਿੱਚ, ਇੱਕ ਵੀ ਅਜਿਹਾ ਸਮਰੱਥ ਆਗੂ ਨਹੀਂ ਜਿਸ ਦੇ ਨਾਮ ਅਤੇ ਪਹਿਚਾਣ ਉੱਤੇ ਪੰਜਾਬ ਵਿੱਚ ਵੋਟਾਂ ਮੰਗੀਆਂ ਜਾ ਸਕਣ ? ਕੀ ਕੇਜਰੀਵਾਲ ਪੰਜਾਬ ਵਿੱਚ, ਆਪਣੀ ਬੰਧੂਆ ਸਰਕਾਰ ਸਥਾਪਤ ਕਰਨਾ ਚਾਹੁੰਦੇ ਹਨ, ਜਿਸਨੂੰ ਉਹ ਦਿੱਲੀ ਬੈਠਕੇ ਆਪਣੇ ਇਸ਼ਾਰਿਆਂ ਰਾਹੀਂ ਨਿਯੰਤਰਿਤ ਕਰ ਸਕਣ ਜਾਂ ਖੁਦ ਹੀ ਪੰਜਾਬ ਦੇ ਆਵਾਮ ਨੂੰ ਭਰਮ-ਭੁਲੇਖੇ ਵਿੱਚ ਰੱਖ ਕੇ ਪੰਜਾਬ ਦੀ ਗੱਦੀ ਨੂੰ ਹੜੱਪਣ ਦੀ ਮਨਸ਼ਾ ਰਖਦੇ ਹਨ ? ਸਾਇਦ ਇਸੇ ਹੀ ਭਰਮ ਅਧੀਨ ਉਹ ਆਪਣੇ ਦਿੱਲੀ-ਰਾਜ ਦੇ ਅਧੂਰੇ ਸੁਪਨੇ ਪੂਰੇ ਕਰਨ ਲਈ, ਪੰਜਾਬ ਦੇ ਲੋਕਾਂ ਦੇ ਭੋਲ਼ੇਪਣ ਨੂੰ ਵਰਤਣ ਦੀ ਤਾਕ ਵਿੱਚ ਹਨ।
ਬੀਰ ਦਵਿੰਦਰ ਸਿੰਘ ਨੇ ਕੇਜਰੀਵਾਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਅਜਿਹਾ ਹਰਗਿਜ਼ ਨਹੀਂ ਹੋਵੇਗਾ ਤੇ ਨਾ ਹੀ ਅਜਿਹਾ ਹੋਂਣ ਦਿੱਤਾ ਜਾਵੇਗਾ। ਉਨ੍ਹਾਂ ਜ਼ੋਰ ਦਿੰਦਿਆ ਕਿਹਾ, ਕਿ ਪੰਜਾਬ ਦੇ ਲੋਕ ਪੰਜਾਬ ਦੀ ਸੱਤਾ ਦੇ ਗਲਿਆਰਿਆਂ ਵਿੱਚ, ਕਿਸੇ ਵੀ ਗ਼ੈਰ-ਪੰਜਾਬੀ ਦੇ ਅਯੋਗ ਦਖਲ ਅਤੇ ਨਾਜਾਇਜ਼ ਕਬਜਾ ਕਰਨ ਦੀ ਕਿਸੇ ਵੀ ਸਾਜਿਸ਼ ਨੂੰ ਕਬੂਲ ਨਹੀਂ ਕਰਨਗੇ। ਉਨ੍ਹਾਂ ਬੜੇ ਤਲਖ਼ ਲਹਿਜ਼ੇ ਨਾਲ ਕਿਹਾ ਕਿ, ‘ਕੇਜਰੀਵਾਲ ਕੌਣ ਹੁੰਦਾ ਹੈ ਪੰਜਾਬ ਦੇ ਆਵਾਮ ਨੂੰ ਗਰੰਟੀਆਂ ਦੇਣ ਵਾਲਾ, ਉਹ ਕਿਸ ਹੈਸੀਅਤ ਵਿੱਚ ਅਜੇਹੀਆ ਬੇਥਵੀਆਂ ਗਰੰਟੀਆਂ ਦੇ ਰਹੇ ਹਨ, ਕੀ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਸੰਵਿਧਾਨ ਦੇ ਸਾਰੇ ਤਕਾਜ਼ਿਆਂ ਅਨੁਸਾਰ ਇੱਕ ‘ਪੂਰਨ-ਰਾਜ’ ਹੈ ਅਤੇ ਤੁਹਾਡੀ ‘ਦਿੱਲੀ’ ਦੇਸ਼ ਦੀ ਕੌਮੀ ਰਾਜਧਾਨੀ ਦਾ ਨਿਸ਼ਚਿਤ ਇਲਾਕਾ, ਕੇਵਲ ਇੱਕ ‘ਕੇਂਦਰ ਸਾਸ਼ਕ ਰਿਆਸਤ’ ਹੈ, ਜਿਸਦੇ ਆਰਥਿਕ ਵਸੀਲਿਆਂ ਅਤੇ ਵਿੱਤੀ ਸਾਧਨਾ ਦੀ ਤੁਲਨਾ, ਪੰਜਾਬ ਦੀਆਂ ਵਿਗੱਠਣ ਪਰਸਥਿੱਤੀਆਂ ਅਤੇ ਇਸ ਦੀ ਵਿਸ਼ਾਲਤਾ ਨਾਲ ਕਿਸੇ ਵੀ ਸੰਧਰਵ ਵਿੱਚ ਨਹੀਂ ਕੀਤੀ ਜਾ ਸਕਦੀ।
ਬੀਰ ਦਵਿੰਦਰ ਸਿੰਘ ਨੇ ਅੱਗੇ ਚੱਲ ਕੇ ਕਿਹਾ ਕਿ ਕੀ ਕੇਜਰੀਵਾਲ ਨੂੰ ਪਤਾ ਨਹੀਂ, ਕਿ ਪੰਜਾਬ ਨੇ ਇੱਕ ਸਰਹੱਦੀ ਸੂਬਾ ਹੋਣ ਦੀ ਹੈਸੀਅਤ ਵਿੱਚ ਕਿਹੜੇ-ਕਿਹੜੇ ਸਰਾਪ ਭੁਗਤੇ ਹਨ ਤੇ ਪੂਰੇ ਦੇਸ਼ ਨਾਲੋਂ ਵੱਖਰੇ, ਕਿਹੋ ਜਿਹੇ ਭਿਆਨਕ ਸੰਤਾਪ ਹੰਢਾਏ ਹਨ ? ਪਾਕਿਸਤਾਨ ਨਾਲ ਲੜੀਆਂ ਗਈਆ ਤਿੰਨ ਜੰਗਾਂ ਦੀ ਬਰਬਾਦੀ ਅਤੇ ੧੨ ਵਰ੍ਹੇ ਦਾ ਅੱਤਵਾਦ ਦਾ ਤਾਰੀਕ- ਦੌਰ ਪੰਜਾਬ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ ? ਉਸ ਵੇਲੇ ਕੇਜਰੀਵਾਲ ਦੀ ‘ਦਿੱਲੀ’ ਦੇ ਪਿੰਡੇ ਤੇ ਤਾਂ ਇੱਕ ਝਰੀਟ ਵੀ ਨਹੀਂ ਸੀ ਆਈ, ਜਦੋਂ ਸਾਰਾ ਪੰਜਾਬ, ‘ਆਪਣਿਆਂ’ ਦੇ ਬਲਦੇ ਸਿਵਿਆਂ ਦਾ ਸੇਕ ਸਹਿ ਰਿਹਾ ਸੀ। ਕੇਜਰੀਵਾਲ ਜੀ ਜਿਸ ਪੰਜਾਬ ਦਾ ਤੁਸੀਂ ਬਾਰ-ਬਾਰ ਮੁੰਹ ਚਿੜਾ ਰਹੇ ਹੋ, ਇਸ ਪੰਜਾਬ ਦੇ ਲੋਕਾਂ ਤੋਂ ਤਾਂ ਹਾਲੇ, ਅੱਤਵਾਦ ਦੇ ਦੌਰ ਵਿੱਚ ਮਾਰੇ ਗਏ, ਬੇਗੁਨਾਹਾਂ ਦੀਆਂ ਲਾਸ਼ਾਂ ਦੇ ਸਹੀ ਅੰਕੜਿਆਂ ਦੀ ਗਿਣਤੀ ਅਤੇ ਪਹਿਚਾਣ ਵੀ ਨਹੀਂ ਹੋ ਸਕੀ, ਜਿਸ ਦੇ ਸਕੂਲਾਂ ਦੀ ਤੁਲਨਾ ਤੁਸੀਂ ਦਿੱਲੀ ਦੇ ਸਕੂਲਾਂ ਨਾਲ ਕਰਨ ਦੀ, ਹਮਾਕਤ ਕਰ ਰਹੇ ਹੋ ?
ਬੀਰ ਦਵਿੰਦਰ ਸਿੰਘ ਨੇ ਕੇਜਰੀਵਾਲ ਨੂੰ ਮਿਹਣਾ ਮਾਰਦਿਆਂ ਕਿਹਾ ਕਿ ਮੇਰੀ ਬੇਨਤੀ ਹੈ ਕਿ ਪੰਜਾਬ ਨੂੰ ਤੁਹਾਡੀ ‘ਮਹਾਜਨੀ ਅਕਲ’ ਦੀ ਲੋੜ ਨਹੀ ਅਤੇ ਨਾਂ ਹੀ ਤੁਹਾਡੀ ਉਸ ‘ਜੁੰਡਲੀ’ ਦੀ ਲੋੜ ਹੈ ਜੋ ‘ਈਸਟ ਇੰਡੀਆ’ ਕੰਪਨੀ ਵਾਂਗ ਪਹਿਲਾਂ ਵੀ ਪੰਜਾਬ ਨੂੰ ਲੁੱਟ ਚੁੱਕੀ ਹੈ ਤੇ ਹੁਣ ਤੁਸੀ ਫੇਰ, ਇੱਕ ਨਵੀਂ ‘ਜੁੰਡਲੀ’ ਪੰਜਾਬ ਵਿੱਚ ਉਤਾਰੀ ਹੋਈ ਹੈ, ਜੋ ਤੁਹਾਡੀ ਆਪਣੀ ਹੀ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿੱਪ ਨੂੰ, ਇੱਕ ‘ਮਾਨਸਿਕ ਗ੍ਰਹਿਣ’ ਦੇ ਰੂਪ ਵਿੱਚ ਚਿੰਬੜੀ ਹੋਈ ਹੈ । ਪੰਜਾਬ ਦੇ ਲੋਕ ਰਾਜਨੀਤਕ ਤੌਰ ਤੇ ਪੂਰੀ ਤਰ੍ਹਾਂ ਸਜੱਗ ਹਨ ਅਤੇ ਉਨ੍ਹਾਂ ਨੂੰ ‘ਦਿੱਲੀ ਦੀਆਂ ਲੂੰਬੜ ਚਾਲਾਂ’ ਨੂੰ ਸਮਝ ਕੇ, ਹਰ ਮੋੜ ਤੋਂ ਬਚ ਕੇ ਚੱਲਣ ਦੀ ਪੂਰੀ ਜਾਚ ਹੈ।ਪੰਜਾਬ ਪਹਿਲਾਂ ਹੀ ਬਹੁਤ ਕੁੱਝ ਭੁਗਤ ਚੁੱਕਾ ਹੈ ਤੇ ਹੁਣ ਹੋਰ ਕਿਸੇ ‘ਪਰਾਈ-ਹਕੂਮਤ’ ਦਾ ਤਜਰਬਾ ਨਹੀਂ ਭੋਗਣਾ ਚਾਹੁੰਦਾ।ਇਸ ਵਾਸਤੇ ਮੈਂ ਅਰਵਿੰਦ ਕੇਜਰੀਵਾਲ ਨੂੰ ਗੁਜਾਰਿਸ਼ ਕਰਾਂਗਾ ਕਿ ਪੰਜਾਬ ਨੂੰ ਆਪਣੇ ਅਧੂਰੇ ਸੁਪਨੇ ਪੂਰੇ ਕਰਨ ਲਈ, ਇੱਕ ਪ੍ਰਯੋਗਸ਼ਾਲਾ ਦੇ ਰੂਪ ਵਿੱਚ ਵਰਤਣ ਦੇ ਕੋਝੇ ਯਤਨ ਨਾ ਕਰੋ।ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਪੂਰਨ ਯਕੀਨ ਹੈ ਕਿ ਇਸ ਕੋਝੀ-ਸਾਜਿਸ਼ ਨੂੰ ਪੰਜਾਬ ਵਿੱਚ ਬੂਰ ਨਹੀਂ ਪਵੇਗਾ ।