ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਸਪੋਰਟਸ ਪਲਾਨ ਅਤੇ ਸਪੋਰਟਸ ਕਮੇਟੀ ਉਲੀਕਣ ਲਈ ਮੀਟਿੰਗ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਅਹਿਮਦਗੜ੍ਹ, 27, ਨਵੰਬਰ, 2021: ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਪਡ਼੍ਹਾਈ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਸਗੋਂ ਵਿਹਾਰਕ ਤੌਰ 'ਤੇ ਵੀ ਖੇਡਾਂ 'ਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। ਖੇਡਾਂ ਨਾਲ ਨੌਜਵਾਨਾਂ ਦੀ ਭਰਪੂਰ ਊਰਜਾ ਨੂੰ ਦੇਸ਼ ਦੀ ਬਿਹਤਰੀ ਲਈ ਵਰਤਣ ਦੀ ਜ਼ਰੂਰਤ ਹੈ। ਜ਼ਿਲ੍ਹੇ ਦੇ ਨੌਜਵਾਨਾਂ ਦੀ ਸਪੋਰਟਸ ਦੀ ਪ੍ਰਤਿਭਾ ਨੂੰ ਉਜਾਗਰ ਕਰਕੇ ਅਤੇ ਸਹੀ ਟਰੇਨਿੰਗ ਦੇ ਕੇ ਖੇਡਾਂ 'ਚ ਮਾਲੇਰਕੋਟਲਾ ਨੂੰ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣਾਇਆ ਜਾਵੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਮਾਧਵੀ ਕਟਾਰੀਆ ਨੇ ਜ਼ਿਲ੍ਹਾ ਸਪੋਰਟਸ ਪਲਾਨ ਅਤੇ ਜਿਲ੍ਹਾ ਸਪੋਰਟਸ ਕਮੇਟੀ ਉਲੀਕਣ ਲਈ ਪੰਜਾਬ ਉਰਦੂ ਅਕੈਡਮੀ ਮਾਲੇਰਕੋਟਲਾ ਵਿਖੇ ਜ਼ਿਲ੍ਹਾ ਖੇਡ ਅਫ਼ਸਰ ,ਵੱਖ ਵੱਖ ਖੇਡਾਂ ਦੇ ਕੋਚਾਂ, ਟਰੇਨਰਜ਼ ਆਦਿ ਨਾਲ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਨੌਜਵਾਨਾਂ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਨ ਦਾ ਉਪਰਾਲਾ ਹੋਵੇਗਾ। ਨੌਜਵਾਨਾਂ ਦੀ ਖੇਡ ਮੈਦਾਨਾਂ ਵੱਲ ਵੱਧ ਰਹੀ ਰੁਚੀ ਜ਼ਿਲ੍ਹੇ ਦੀ ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਖੇਡਾਂ ਵੱਲ ਉਤਸ਼ਾਹਿਤ ਹੋ ਰਹੇ ਨੌਜਵਾਨ ਸਰਕਾਰ ਵਲੋਂ ਨਰੋਆ ਤੇ ਤੰਦਰੁਸਤ ਪੰਜਾਬ ਸਿਰਜਣ ਦੀ ਦਿਸ਼ਾ ਵੱਲ ਚੁੱਕਿਆ ਇੱਕ ਸ਼ਲਾਘਾਯੋਗ ਉਪਰਾਲਾ ਹੈ। ਖੇਡਾਂ ਨੌਜਵਾਨਾਂ 'ਚ ਅਨੁਸ਼ਾਸਨ, ਜਿੰਮੇਵਾਰੀ ਦੀ ਭਾਵਨਾ, ਟੀਮ ਵਰਕ ਆਦਿ ਪੈਦਾ ਕਰਦੀਆਂ ਹਨ । ਇਕ ਨਰੋਈ ਸਿਹਤ ਦਾ ਵਿਅਕਤੀ ਨਰੋਆ ਅਤੇ ਸਭਿਅਕ ਸਮਾਜ ਦੀ ਰਚਨਾ 'ਚ ਅਹਿਮ ਰੋਲ ਅਦਾ ਕਰਦਾ ਹੈ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਵੱਲ ਉਤਸ਼ਾਹਿਤ ਕਰਨਾ ਚਾਹੀਦਾ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੇਡ ਅਫ਼ਸਰ ਤੋਂ ਮਾਲੇਰਕੋਟਲਾ 'ਚ ਖੇਡੀਆਂ ਜਾਣ ਵਾਲੀਆ ਖੇਡਾਂ ਦੀ ਜਾਣਕਾਰੀ ਹਾਸਿਲ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ।
ਡਾਕਟਰ ਬਲਵੰਤ ਸਿੰਘ ਸਟੇਟ ਰਿਸੋਰਸ ਪਰਸਨ ਫ਼ਾਰ ਸਪੋਰਟਸ ਨੇ ਕਿਹਾ ਕਿ ਸਾਨੂੰ ਆਪਣੀਆਂ ਰਿਵਾਇਤੀ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਸਾਨੂੰ ਰਵਾਇਤੀ ਖੇਡਾਂ ਨੂੰ ਪ੍ਰਫੁਲਿਤ ਕਰਨ ਵੱਲ ਜਿਆਦਾ ਤਵੱਜੋ ਦੇਣੀ ਚਾਹੀਦੀ ਹੈ, ਜਿਸ ਲਈ ਯੋਜਨਾ ਬਣਾਉਣੀ ਪੈਣੀ ਹੈ ਅਤੇ ਸਾਨੂੰ ਸਕੂਲੀ ਬੱਚਿਆ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਚਾਹੀਦਾ ਹੈ।ਸ਼੍ਰੀ ਮੁਹੰਮਦ ਹਬੀਬ (ਡੀ.ਐਸ.ੳ), ਮਾਲੇਰਕੋਟਲਾ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਇਕਰਾਰ-ਉਰ-ਰਹਿਮਾਨ ਨੇ ਕਿਹਾ ਕਿ ਜ਼ਿਲੇ 'ਚ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਚੰਗੇ ਸਟੇਡੀਅਮਾਂ ਦੀ ਲੋੜ ਹੈ ,ਮਾਲੇਰਕੋਟਲਾ ਖੇਡਾਂ 'ਚ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰ ਰਿਹਾ ਹੈ। ਜ਼ਾਕਿਰ ਹੁਸੈਨ ਸਟੇਡੀਅਮ ਦੇ ਮੁੱਖੀ ਮੁਹੰਮਦ ਸਲੀਮ ਨੇ ਸਟੇਡੀਅਮ ਨੂੰ ਆਧੁਨਿਕ ਤਰੀਕੇ ਨਾਲ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਸਹਾਇਕ ਡਿਪਟੀ ਕਮਿਸ਼ਨਰ ਸੰਗਰੂਰ ਕਮ ਸਕੱਤਰ ਪੰਜਾਬ ਉਰਦੂ ਅਕੈਡਮੀ ਸ਼੍ਰੀ ਲਤੀਫ਼ ਅਹਿਮਦ ਥਿੰਦ, ਪ੍ਰੋ.ਮੁਹੰਮਦ ਰਫ਼ੀ, ਸ਼੍ਰੀ ਇਜਾਜ਼ ਆਲਮ, ਮੈਂਬਰ ਪੰਜਾਬ ਵਕਫ਼ ਬੋਰਡ, ਡਾ. ਇਨਾਮ-ਉਰ-ਰਹਿਮਾਨ, ਮਿਸ ਗਾਇਤ੍ਰੀ,ਸ਼੍ਰੀ ਅੰਨਸ ਅਲਤਾਫ਼ ਅਤੇ ਸ਼੍ਰੀ ਮੁਹੰਮਦ ਸਾਦਿਕ ਵੀ ਮੋਜੁਦ ਸਨ