ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਰਾਸ਼ਟਰੀ ਵੈਬੀਨਾਰ ਕਰਵਾਇਆ
ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 27 ਨਵੰਬਰ 2021- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਮਾਨਯੋਗ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰਹਿਨੁਮਾਈ ਹੇਠ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਵਿਖੇ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਦੀ ਅਗਵਾਈ ਵਿੱਚ ਇਤਿਹਾਸ ਵਿਭਾਗ ਦੇ ਮੁਖੀ ਡਾ. ਚਰਨਜੀਤ ਕੌਰ ਵਲੋਂ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਪੋਪਿੰਦਰ ਸਿੰਘ ਪਾਰਸ, ਐਡੀਟਰ ਸਿਰਾਜਾ, ਪੰਜਾਬੀ ਜੇ. ਐਂਡ ਕੇ ਅਕੈਡਮੀ ਆਫ਼ ਆਰਟ, ਕਲਚਰ ਆੱਫ਼ ਲੈਂਗੂਏਜ਼ਜ, ਅਤੇ ਪ੍ਰੋਫ਼ੈਸਰ ਨਵਰੂਪ ਕੌਰ, ਮੁਖੀ, ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਐੱਚ.ਐੱਮ.ਵੀ ਕਾਲਜ, ਜਲੰਧਰ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਹੁਰਾਂ ਨੇ ਉਨ੍ਹਾਂ ਨੂੰ ਅਤੇ ਹੋਰ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਜੁੜੀਆਂ ਸਖਸ਼ੀਅਤਾਂ ਨੂੰ ਜੀ ਆਇਆ ਆਖਿਆ। ਉਨ੍ਹਾਂ ਬੋਲਦਿਆਂ ਕਿਹਾ ਕਿ ਧਰਮ ਸਾਡੀ ਵਿਰਾਸਤ ਹੈ ਅਤੇ ਗੁਰੂ ਤੇਗ ਬਹਾਦਰ ਜੀ ਨੇ ਸਾਰੀ ਮਨੁੱਖਤਾ ਨੂੰ ਬਲ ਅਤੇ ਬੁੱਧੀ ਤੇ ਕੇਂਦਰਿਤ ਕੀਤਾ। ਡਾ. ਪੋਪਿੰਦਰ ਸਿੰਘ ਪਾਰਸ ਨੇ ਆਨ ਲਾਈਨ ਲੈਕਚਰ ਦੌਰਾਨ ਬੋਲਦਿਆਂ ਕਿਹਾ ਕਿ ਹਿੰਦੋਸਤਾਨ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਐਸੀ ਘਟਨਾ ਹੈ ਕਿ ਜਿਸਦੀ ਕੋਈ ਹੋਰ ਮਿਸਾਲ ਮਿਲਣੀ ਬਹੁਤ ਮੁਸ਼ਕਿਲ ਹੈ। ਉਨ੍ਹਾਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਸਿੱਖ ਫਲ਼ਸਫੇ ਦੀ ਇਸ ਸੋਚ ਦਾ ਅਸਲੀ ਰੂਪ ਸਿੱਖ ਇਤਿਹਾਸ ਨਾਲ ਕੀਤਾ ਅਤੇ ਲੋੜ ਪੈਣ ਤੇ ਆਪਣੀ ਜਾਨ ਦੀ ਕੁਰਬਾਨੀ ਵੀ ਦਿੱਤੀ। ਇਹ ਸਭ ਕੁਝ ਗੁਰੂ ਸਾਹਿਬ ਨੇ ਆਪਣੇ ਲਈ ਹੀ ਨਹੀਂ ਬਲਕਿ ਸਮਾਜ ਦੀ ਬਿਹਤਰੀ ਲਈ ਅਤੇ ਲੋਕਾਂ ਦੀ ਭਲਾਈ ਲਈ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਦਾ ਉਦੇਸ਼ ਸੰਕਟ ਵਿੱਚ ਘਿਰੇ ਹਿੰਦੂ ਸਮਾਜ ਨੂੰ ਬਚਾਉਣਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਉਹ ਲਾਸਾਨੀ ਮਿਸਾਲ ਹੈ ਜੋ ਆਪਣੇ ਲਈ ਨਹੀਂ ਸਗੋਂ ਦੂਸਰਿਆਂ ਲਈ ਵੀ ਜਿਊਣ ਦੀ ਪ੍ਰੇਰਣਾ ਬਣਦੀ ਹੈ। ਇਸ ਮੌਕੇ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਉਸਤਤ ਵਿੱਚ ਆਪਣੀ ਮੌਲਿਕ ਰਚਨਾ ਵੀ ਪੜ੍ਹੀ। ਪ੍ਰੋਫ਼ੈਸਰ ਨਵਰੂਪ ਕੌਰ ਨੇ ਬੋਲਦਿਆ ਕਿਹਾ ਕਿ ਜੇਕਰ ਵਿਸ਼ਵ ਦੇ ਧਰਮਾਂ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਸਿੱਖ ਧਰਮ ਦਾ ਇਤਿਹਾਸ ਇੱਕ ਵਿੱਲਖਣ ਪਹਿਚਾਣ ਰੱਖਦਾ ਹੈ।
ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਦੀ ਰਾਜਨੀਤਕ, ਧਾਰਮਿਕ ਅਤੇ ਦਾਰਸ਼ਨਿਕ ਪੱਖਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਗੁਰੂ ਜੀ ਦੁਆਰਾ ਮਨੁੱਖੀ ਡਰ ਨੂੰ ਬਾਹਰ ਕੱਢਣ ਦੀ ਜੋ ਮਿਸਾਲ ਦਿੱਤੀ ਉਹ ਹੋਰ ਕਿਸੇ ਥਾਂ ਤੋਂ ਕਿਤੇ ਨਹੀਂ ਮਿਲਦੀ। ਉਨ੍ਹਾਂ ਬਲਦਿਆਂ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਇੱਕ ਸੁਚੱਜੇ ਮਾਹੌਲ ਦੀ ਜ਼ਰੂਰਤ ਹੈ। ਇਸ ਮੌਕੇ ਉਨ੍ਹਾਂ ਲਖਵਿੰਦਰ ਜੌਹਲ ਦੀ ਲਿਖਤ ਕਵਿਤਾ ‘ਸੀਸ’ ਪੜ੍ਹ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਨੇ ਵੈਬੀਨਾਰ ਵਿੱਚ ਜੁੜੀਆਂ ਵੱਖ-ਵੱਖ ਸ਼ਖਸੀਅਤਾ ਅਤੇ ਪ੍ਰਾਧਿਆਪਕ ਸਾਹਿਬਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਪ੍ਰੋ. ਸ਼ਮਸ਼ਾਦ ਅਲੀ, ਡਾ. ਨਿਰਦੋਸ਼ ਕੌਰ, ਪ੍ਰੋ. ਮਨਜੀਤ ਸਿੰਘ, ਪ੍ਰੋ. ਜਗਵਿੰਦਰ ਸਿੰਘ, ਡਾ. ਕਰਮਜੀਤ ਕੌਰ, ਪ੍ਰੋ. ਸੁਖਮਿੰਦਰ ਦਾਸ ਬਾਵਾ, ਡਾ. ਆਸ਼ਿਮਾ ਪਾਸੀ ਅਤੇ ਹੋਰ ਪ੍ਰਾਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਲ ਹੋਏ।