ਹੁਸ਼ਿਆਰਪੁਰ: ਜ਼ਿਲ੍ਹੇ ’ਚ 2,68,663 ਪੇਂਡੂ ਘਰਾਂ ਨੁੰ ਮਿਲੇਗਾ ਗ੍ਰਾਮੀਣ ਜਲ ਸਪਲਾਈ ਯੋਜਨਾਵਾਂ ਦੇ ਸਰਵਿਸਜ਼ ਚਾਰਜ ਘੱਟਣ ਦਾ ਲਾਭ
- ਘਰੇਲੂ ਕੁਨੈਕਸ਼ਨਾਂ ਲਈ ਪਾਣੀ ਦੀਆਂ ਦਰਾਂ ਘਟਾਉਣ ਨਾਲ ਨਗਰ ਨਿਗਮ ਤੇ ਕੌਂਸਲ ਦੇ ਵੀ ਲੱਖਾਂ ਉਪਭੋਗਤਾਵਾਂ ਨੂੰ ਮਿਲੇਗੀ ਰਾਹਤ
ਹੁਸ਼ਿਆਰਪੁਰ, 27 ਨਵੰਬਰ 2021 - ਪੰਜਾਬ ਸਰਕਾਰ ਵਲੋਂ ਗ੍ਰਾਮੀਣ ਜਲ ਸਪਲਾਈ ਯੋਜਨਾਵਾਂ ਦੇ ਸਰਵਿਸਜ਼ ਚਾਰਜ ਨੂੰ 167 ਰੁਪਏ ਤੋਂ ਘਟਾ ਕੇ 50 ਰੁਪਏ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਕਰਨ ਦੀ ਦਿੱਤੀ ਗਈ ਮਨਜ਼ੂਰੀ ਨਾਲ ਜ਼ਿਲ੍ਹੇ ਦੇ 2,68,663 ਤੋਂ ਵੱਧ ਉਪਭੋਗਤਾਵਾਂ ਨੂੰ ਇਸ ਦਾ ਲਾਭ ਮਿਲੇਗਾ।
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਮੰਤਰੀ ਮੰਡਲ ਵਲੋਂ ਗ੍ਰਾਮੀਣ ਜਲ ਸਪਲਾਈ ਸਕੀਮਾਂ ਲਈ 1 ਅਕਤੂਬਰ 2021 ਤੋਂ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਤੇ ਸ਼ਹਿਰੀ ਇਲਾਕਿਆਂ, ਨਗਰ ਨਿਗਮ, ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ 125 ਗਜ਼ ਤੋਂ ਵੱਧ ਦੇ ਪਲਾਟ ਵਾਲੇ ਸਾਰੇ ਵਰਗਾਂ ਦੇ ਘਰੇਲੂ ਕੁਨੈਕਸ਼ਨਾਂ ਲਈ ਪਾਣੀ ਦੇ ਪ੍ਰਯੋਗ ਦੀਆਂ ਦਰਾਂ ਘਟਾ ਕੇ 50 ਪ੍ਰਤੀ ਮਹੀਨਾ ਕਰਨ ਦੇ ਫੈਸਲੇ ਨਾਲ ਜ਼ਿਲ੍ਹੇ ਵਿਚ ਵੱਡੀ ਗਿਣਤੀ ਵਿਚ ਪੇਂਡੂ ਤੇ ਸ਼ਹਿਰੀ ਉਪਭੋਗਤਾਵਾਂ ਨੂੰ ਲਾਭ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਤਰੀ ਮੰਡਲ ਵਲੋਂ ਗ੍ਰਾਮੀਣ ਜਲ ਸਕੀਮਾਂ ਦੀ ਸੇਵਾ ਦਰਾਂ ਵਿਚ 70 ਪ੍ਰਤੀਸ਼ਤ ਕਟੌਤੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਪਿੰਡਾਂ ਵਿਚ ਹਰ ਘਰ ਲਈ ਇਹ ਦਰ ਪ੍ਰਤੀ ਮਹੀਨਾ 167 ਰੁਪਏ ਤੋਂ ਘਟਾ ਕੇ 50 ਰੁਪਏ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 1416 ਪਿੰਡ ਹਨ, ਜਿਨ੍ਹਾਂ ਦੀ ਕੁੱਲ ਆਬਾਦੀ 12,51,656 ਹੈ ਅਤੇ 2,74,439 ਘਰ ਹਨ। ਵਿਭਾਗ ਵਲੋਂ ਉਕਤ ਘਰਾਂ ਵਿਚ 2,68,663 ਘਰਾਂ ਨੂੰ ਪਾਈਪਡ ਜਲ ਸਪਲਾਈ ਰਾਹੀਂ ਪਾਣੀ ਦੇ ਨਿੱਜੀ ਕੁਨੈਕਸ਼ਨ ਦਿੱਤੇ ਗਏ ਹਨ, ਜਿਸ ਤਹਿਤ ਕਰੀਬ 12 ਲੱਖ ਆਬਾਦੀ ਕਵਰ ਹੁੰਦੀ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਰਕਾਰ ਵਲੋਂ ਸ਼ਹਿਰੀ ਇਲਾਕੇ ਵਿਚ ਰਹਿ ਰਹੇ ਲੋਕਾਂ ਨੂੰ ਵੀ ਵੱਡੀ ਰਾਹਤ ਦਿੱਤੀ ਗਈ ਹੈ, ਜਿਸ ਤਹਿਤ ਨਗਰ ਨਿਗਮ, ਕੌਂਸਲ ਤੇ ਨਗਰ ਪੰਚਾਇਤ ਵਿਚ 125 ਗਜ਼ ਤੋਂ ਵੱਧ ਪਲਾਟ ਵਾਲੇ ਸਾਰੇ ਵਰਗਾਂ ਦੇ ਘਰੇਲੂ ਕੁਨੈਕਸ਼ਨਾਂ ਲਈ ਪਾਣੀ ਦੇ ਪ੍ਰਯੋਗ ਦਰ ਘਟਾ ਕੇ 50 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ ਜਿਸ ਨਾਲ ਜ਼ਿਲ੍ਹੇ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਵਲੋਂ ਲਏ ਜਾ ਰਹੇ ਫੈਸਲਿਆਂ ਨੂੰ ਅਮਲੀਜਾਮਾ ਪਹਿਨਾਉਣ ਵਿਚ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ ਅਤੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਦਿੱਤਾ ਜਾ ਰਿਹਾ ਹੈ।