ਮੁਸ਼ਕਲਾਂ ਹੱਲ ਕਰੋ ਜਾਂ ਕਿਸਾਨਾਂ ਦੇ ਸੰਘਰਸ਼ ਦਾ ਸੇਕ ਝੱਲਣ ਲਈ ਤਿਆਰ ਰਹਿਣ ਪਾਵਰਕੌਮ ਦੇ ਅਧਿਕਾਰੀ - ਉੱਪਲੀ
ਕਮਲਜੀਤ ਸਿੰਘ ਸੰਧੂ
- ਬਿਜਲੀ ਕਾਮਿਆਂ ਦੀ ਹੜਤਾਲ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ
- ਸਾਂਝੇ ਕਿਸਾਨ ਅੰਦੋਲਨ ਨੇ ਸੰਘਰਸ਼ਸ਼ੀਲ ਤਬਕਿਆਂ ਅੰਦਰ ਲੜ੍ਹਨ ਦੀ ਤਾਂਘ ਪੈਦਾ ਕੀਤੀ
ਬਰਨਾਲਾ: 27 ਨਵੰਬਰ, 2021 - ਬੱਤੀ ਜਥੇਬੰਦੀਆਂ `ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ `ਤੇ ਲਾਇਆ ਧਰਨਾ ਅੱਜ 423 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਹਰ ਤਬਕਾ ਸੰਘਰਸ਼ ਦੇ ਰਾਹ ਪਿਆ ਹੋਇਆ ਹੈ।ਪੰਜਾਬ ਅੰਦਰ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਨੂੰ ਬਦਲ ਕੇ ਚੰਨੀ ਦੀ ਅਗਵਾਈ ਵਿੱਚ ਨਵੀਆਂ ਬੋਤਲਾਂ ਵਿੱਚ ਪੁਰਾਣੀ ਸ਼ਰਾਬ ਪਰੋਸਕੇ ਆਪਣਾ ਸਾਢੇ ਚਾਰ ਸਾਲਾਂ ਦੇ ਲੋਕ ਵਿਰੋਧੀ ਖਾਸੇ ਨੂੰ ਢਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਰ ਚਿਹਰੇ ਬਦਲਣ ਨਾਲ ਪੰਜਾਬ ਦੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਹੋਣੇ।ਕਿਉਂਕਿ ਨੀਤੀ ਦੇ ਪੱਧਰ ਤੇ ਕੋਈ ਫਰਕ ਨਹੀਂ ਪੈਣ ਲੱਗਾ।ਚੰਨੀ ਸਰਕਾਰ ਦੀ ਨੀਤੀ ਤੇ ਨੀਅਤ ਤਾਂ ਉਹੀ ਹੈ।ਇਸੇ ਕਰਕੇ ਕਿਸਾਨ ਸੰਘਰਸ਼ ਤੋਂ ਸਿੱਖਿਆ ਗ੍ਰਹਿਣ ਕਰਕੇ ਵੱਖੋ ਵੱਖ ਤਬਕੇ ਸੰਘਰਸ਼ ਦੇ ਰਾਹ ਪਏ ਹਨ। ਹਕੂਮਤੀ ਮਸ਼ੀਨਰੀ ਉਸੇ ਢੰੰਗ ਨਾਲ ਪੇਸ਼ ਆਕੇ ਜਬਰ ਦਾ ਸਿੱਧਾ ਕੁਹਾੜਾ ਨਜਦੀਕ ਹੋਣ ਕਰਕੇ ਨਹੀਂ ਚਲਾ ਰਹੀ ਪਰ ਲਾਰਿਆਂ,ਲੱਪਿਆਂ ਨਾਲ ਡੰਗ ਟਪਾਈ ਕਰਨਚ ਮਸ਼ਰੂਫ ਹੈ।
ਕਿਸਾਨ ਮੋਰਚਾ ਦੀ ਅਗਵਾਈ ਵਿੱਚ ਚੱਲ ਰਹੇ ਇਸ ਕਿਸਾਨ ਅੰਦੋਲਨ ਨੇ ਮੁਲਕ ਦੀਆਂ ਹੱਦਾਂ ਬੰਨੇ ਟੱਪਕੇ ਸੰਸਾਰ ਪੱਧਰ ਦੇ ਜੂਝ ਰਹੇ ਕਿਰਤੀ ਕਿਸਾਨਾਂ ਸਮੇਤ ਹੋਰਨਾਂ ਤਬਕਿਆਂ ਲਈ ਨਵੀਂ ਆਸ ਦੀ ਕਿਰਨ ਪੈਦਾ ਕੀਤੀ ਹੈ।ਆਗੂਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਹਰ ਵਰਗ ਅੰਦਰ ਲ਼ੜ੍ਹਨ ਤੋਂ ਜਿੱਤ ਹਾਸਲ ਕਰਨ ਦੀ ਤਾਂਘ ਪੈਦਾ ਕੀਤੀ ਹੈ।ਕਿਸਾਨ ਆਗੂਆਂ ਨੇ ਜੂਝ ਰਹੇ ਕਾਫਲਿਆਂ ਦੇ ਸੰਘਰਸ਼ ਨਾਲ ਇੱਕਮੁਠਤਾ ਦਾ ਇਜਹਾਰ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਵਾਂਗ ਆਪਣੇ ਮੱਤਭੇਦ ਭੁਲਾਕੇ ਸਾਂਝਾ ਵਿਸ਼ਾਲ ਸੰੰਘਰਸ਼ ਲਾਮਬੰਦ ਕਰਨ ਦੀ ਜੋਰਦਾਰ ਅਪੀਲ ਕੀਤੀ।
ਅੱਜ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਗਗਨਪ੍ਰੀਤ ਸਿੰਘ ਜੰਗੀਆਣਾ,ਪ੍ਰੇਮਪਾਲ ਕੌਰ, ਬਾਬੂ ਸਿੰਘ ਖੁੱਡੀਕਲਾਂ,,ਨਛੱਤਰ ਸਿੰਘ ਸਹੌਰ,ਬਲਵੀਰ ਕੌਰ ਕਰਮਗੜ੍ਹ,ਚਰਨਜੀਤ ਕੌਰ,ਮੇਲਾ ਸਿੰਘ ਕੱਟੂ,ਨੇਕਦਰਸ਼ਨ ਸਿੰਘ ਨੇ ਸੰਬੋਧਨ ਕੀਤਾ। ਬਲਾਰਿਆਂ ਕਿਸਾਨ ਅੰਦੋਲਨ ਦੇ ਚਲਦਿਆਂ ਹੀ ਬਿਜਲੀ ਕਾਮਿਆਂ ਦੇ ਦੋ ਹਫਤਿਆਂ ਤੋਂ ਲਗਾਤਾਰ ਚੱਲ ਰਹੇ ਸੰਘਰਸ਼ ਕਾਰਨ ਵੱਡੀ ਪੱਧਰ ਤੇ ਕਿਸਾਨਾਂ ਨੂੰ ਬਿਜਲੀ ਸਪਲਾਈ ਸਬੰਧੀ ਦਰਪੇਸ਼ ਭਾਰੀ ਮੁਸ਼ਕਲਾਂ ਦੀ ਚਰਚਾ ਕੀਤੀ।ਚਿਤਾਵਨੀ ਭਰੇ ਲਹਿਜੇ ਵਿੱਚ ਪਾਵਰਕੌਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਿਜਲੀ ਕਾਮਿਆਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਪ੍ਰਵਾਨ ਕੀਤੀਆਂ ਜਾਣ। ਕਿਸਾਨਾਂ ਦੀਆਂ ਬਿਜਲੀ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂਚ ਪਾਵਰਕੌਮ ਦੇ ਅਧਿਕਾਰੀਆ ਖਿਲਾਫ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ।ਜਿਸ ਦੀ ਸਮੁੱਚੀ ਜਿੰਮੇਵਾਰੀ ਪਾਵਰਕੌਮ ਦੀ ਮਨੇਜਮੈਂਟ ਦੀ ਹੋਵੇਗੀ।