ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਲੁਟੇਰਾ ਗੈਂਗ ਦੇ 3 ਮੈਂਬਰ ਗ੍ਰਿਫਤਾਰ
ਬਲਵਿੰਦਰ ਸਿੰਘ ਧਾਲੀਵਾਲ
- ਮਹਿਲਾ ਅਧਿਆਪਕ ਕੋਲੋਂ ਖੋਹੀ ਸਕੂਟਰੀ , ਮੋਬਾਇਲ ਬ੍ਰਾਂਮਦ -ਡੀ.ਐਸ.ਪੀ. ਬੱਲ
ਸੁਲਤਾਨਪੁਰ ਲੋਧੀ , 27 ਨਵੰਬਰ 2021 - ਜ਼ਿਲ੍ਹਾ ਕਪੂਰਥਲਾ ਦੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਥਾਣਾ ਕਬੀਰਪੁਰ ਦੀ ਪੁਲਿਸ ਵੱਲੋਂ ਪੁਲਿਸ ਕਪਤਾਨ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡੀ.ਐਸ.ਪੀ. ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਦੀ ਅਗਵਾਈ 'ਚ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਪਿਛਲੇ ਦਿਨੀਂ ਪਿਸਤੌਲ ਦੀ ਨੋਕ ਤੇ ਮਹਿਲਾ ਅਧਿਆਪਕ ਕੋਲੋਂ ਸਕੂਟਰੀ , ਮੋਬਾਇਲ ਤੇ ਹੋਰ ਗਹਿਣੇ ਆਦਿ ਦੀ ਲੁੱਟ ਕਰਨ ਵਾਲੇ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਗੁਪਤ ਮੁਖਬਰੀ ਦੇ ਆਧਾਰ ਤੇ ਗ੍ਰਿਫਤਾਰ ਕਰਨ ਦੀ ਖਬਰ ਹੈ ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਕਬੀਰਪੁਰ ਦੇ ਐਸ.ਐਚ.ਓ. ਜਸਪਾਲ ਸਿੰਘ ਐਸ.ਆਈ. ਦੀ ਅਗਵਾਈ 'ਚ ਪੁਲਿਸ ਪਾਰਟੀ ਵੱਲੋਂ ਅਜੇ ਸਿੰਘ ਪੁੱਤਰ ਕੁਲਵੰਤ ਸਿੰਘ ਨਿਵਾਸੀ ਹੁਸੈਨਪੁਰ ਬੂਲੇ , ਚਰਨਜੀਤ ਸਿੰਘ ਉਰਫ ਸੋਨੂੰ ਪੁੱਤਰ ਕਰਤਾਰ ਸਿੰਘ ਨਿਵਾਸੀ ਹੁਸੈਨਪੁਰ ਬੂਲੇ (ਦੋਵੇਂ ਚਾਚਾ ਭਤੀਜਾ) ਅਤੇ ਮਨਪ੍ਰੀਤ ਸਿੰਘ ਪੁੱਤਰ ਕਰਮਾ ਵਾਸੀ ਬੱਲ ਨੋ ਥਾਣਾ ਨਕੋਦਰ ਨੂੰ ਗ੍ਰਿਫਤਾਰ ਕੀਤਾ ਹੈ । ਜਿਨ੍ਹਾਂ ਕੋਲੋਂ ਖੋਹੀ ਗਈ ਸਕੂਟਰੀ ਐਕਟਿਵਾ ਪੀ.ਬੀ.41-ਡੀ-1893 , ਇੱਕ ਦੇਸੀ ਕੱਟਾ ਪਿਸਤੋਲ , ਮੋਬਾਇਲ ਫੋਨ ਓ.ਪੋ. ਰੈਨੋ 3 , ਬ੍ਰਾਂਮਦ ਕੀਤਾ ਗਿਆ ਹੈ । ਇਸਤੋਂ ਇਲਾਵਾ ਜਿਨ੍ਹਾਂ ਦੋ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਲੁੱਟ ਦੀ ਵਾਰਦਾਤ ਕੀਤੀ ਉਹ ਵੀ ਇੱਕ ਹੀਰੋ ਸਪਲੈੰਡਰ ਤੇ ਇੱਕ ਬੁਲਿਟ ਮੋਟਰ ਸਾਈਕਲ ਬ੍ਰਾਂਮਦ ਕਰ ਲਏ ਹਨ ।
ਡੀ.ਐਸ.ਪੀ. ਸ੍ਰੀ ਸਰਵਣ ਸਿੰਘ ਬੱਲ ਨੇ ਘਟਨਾ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹੱਲਾ ਸੈਦਾ , ਸੁਲਤਾਨਪੁਰ ਲੋਧੀ ਦੀ ਨਿਵਾਸੀ ਮਹਿਲਾ ਮਮਤਾ ਖਿੱਲਨ ਪਤਨੀ ਸੰਜੀਵ ਕੁਮਾਰ ਜੋ ਕਿ ਸਰਕਾਰੀ ਸਕੂਲ ਹੁਸੈਨਪੁਰ ਬੂਲੇ ਵਿਖੇ ਅਧਿਆਪਕਾ ਹੈ , ਬੀਤੇ ਦਿਨ 11 ਨਵੰਬਰ ਨੂੰ ਸਕੂਲ ਤੋਂ ਛੁੱਟੀ ਕਰਕੇ ਆਪਣੇ ਘਰ ਆ ਰਹੀ ਸੀ ਕਿ ਜਦ ਉਹ ਸਮਸ਼ਾਨ ਘਾਟ ਕਬੀਰਪੁਰ ਕੋਲ ਪੁੱਜੀ ਤਾਂ ਉਕਤ ਤਿੰਨ ਲੁਟੇਰਾ ਗੈਂਗ ਨੇ ਪਿਸਤੋਲ ਦੀ ਨੋਕ ਤੇ ਉਸ ਕੋਲ ਸਕੂਟਰੀ ਐਕਟਿਵਾ , ਪਰਸ , ਇੱਕ ਮੋਬਾਇਲ ਫੋਨ ਤੇ ਕੰਨ 'ਚ ਪਾਈਆਂ ਵਾਲੀਆਂ ਤੇ ਹੋਰ ਕਾਗਜਾਤ ਖੋਹ ਕੇ ਲੈ ਗਏ ਸਨ । ਜਿਸ ਸਬੰਧੀ ਕੇਸ ਦਰਜ ਕਰਨ ਤੋਂ ਬਾਅਦ ਮੁਕੱਦਮਾ ਟਰੇਸ ਕਰਨ ਲਈ ਖੁਫੀਆ ਸੋਰਸ ਲਗਾਏ ਗਏ ਤੇ ਸੁਰਾਗ ਲਗਾ ਕੇ ਆਖਿਰ ਤਿੰਨੇ ਕਾਬੂ ਕਰ ਲਏ ਗਏ ।