ਨਸ਼ਿਆਂ ਦੇ ਕੇਸ ਦੀ ਜਾਂਚ ਵਿਚ ਕਿਉਂ ਦੇਰੀ ਹੋਈ ? ਇਸਦੀ ਪੜਤਾਲ ਕਰੇਗੀ ਤਿੰਨ ਮੈਂਬਰੀ ਉੱਚ ਪੱਧਰੀ ਕਮੇਟੀ, ਰੰਧਾਵਾ ਨੇ ਦਿੱਤੇ ਹੁਕਮ
ਚੰਡੀਗੜ੍ਹ, 28 ਨਵੰਬਰ, 2021: ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ , ਜਿਹਨਾਂ ਕੋਲ ਗ੍ਰਹਿ ਵਿਭਾਗ ਦਾ ਚਾਰਜ ਵੀ ਹੈ, ਨੇ ਤਿੰਨ ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਇਸ ਮਾਮਲੇ ਦੀ ਪੜਤਾਲ ਕਰੇਗੀ ਕਿ ਨਸ਼ਿਆਂ ਦੇ ਕੇਸ ਦੀ ਜਾਂਚ ਵਿਚ ਦੇਰੀ ਕਿਉਂ ਹੋਈ ?
ਇਸ ਕਮੇਟੀ ਵਿਚ ਚੀਫ ਸੈਕਟਰੀ ਤੋਂ ਇਲਾਵਾ ਪ੍ਰਿੰਸੀਪਲ ਸੈਕਟਰ (ਹੋਮ) ਅਤੇ ਡੀ ਜੀ ਪੀ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਇਸਨੁੰ ਇਕ ਹਫਤੇ ਦੇ ਅੰਦਰ ਅੰਦਰ ਆਪਣੀ ਰਿਪੋਰਟ ਸੌਂਪਣ ਵਾਸਤੇ ਆਖਿਆ ਗਿਆ ਹੈ।
ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਨਸ਼ਿਆਂ ਦੇ ਕੇਸ ਨਾਲ ਸਬੰਧਤ ਫਾਈਲ ’ਤੇ ਇਹ ਦਰਜ ਹੈ ਕਿ ਪਹਿਲਾਂ ਐਡੀਸ਼ਨਲ ਚੀਫ ਸੈਕਟਰੀ ਹੋਮ ਨੇ ਉਸ ਵੇਲੇ ਐਸ ਟੀ ਐਫ ਦੇ ਮੁਖੀ ਨੂੰ ਆਖਿਆ ਸੀ ਕਿ ਸਰਕਾਰ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੋਈ ਰੋਕ ਨਹੀਂ ਲਗਾਈ, ਇਸ ਲਈ ਨਸ਼ਿਆਂ ਦੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾਵੇ ਪਰ ਇਹ ਜਾਂਚ ਨਹੀਂ ਕੀਤੀ ਗਈ। ਫਾਈਲ ਮੁਤਾਬਕ ਐਸ ਟੀ ਐਫ ਦੇ ਮੁਖੀ ਨੇ ਐਡੀਸ਼ਨਲ ਚੀਫ ਸੈਕਟਰੀ ਹੋਮ ਦੀਆਂ ਹਦਾਇਤਾਂ ਨੁੰ ਅਣਡਿੱਠ ਕੀਤਾ ਤੇ ਇਹ ਦਲੀਲ ਦਿੱਤੀ ਗਈ ਕਿ ਸੀਲਬੰਦ ਰਿਪੋਰਟਾਂ ਹਾਈਕੋਰਟ ਵਿਚ ਪਈਆਂ ਹਨ, ਇਸ ਲਈ ਅਗਲੇਰੀ ਜਾਂਚ ਨਹੀਂ ਕੀਤੀ ਜਾ ਰਹੀ।
ਹੁਣ ਮੰਤਰੀ ਰੰਧਾਵਾ ਨੇ ਤਿੰਨ ਮੈਂਬਰੀ ਕਮੇਟੀ ਨੁੰ ਚਾਰ ਪੁਆਇੰਟਾਂ ਦੀ ਪੜਤਾਲ ਕਰਨ ਵਾਸਤੇ ਆਖਿਆ ਹੈ। ਇਹਨਾਂ ਵਿਚ ਪਹਿਲਾ ਹੈ ਕਿ ਕੀ ਹਾਈ ਕੋਰਟ ਵਿਚ ਜਿਹੜੀਆਂ ਸੀਲਬੰਦ ਰਿਪੋਰਟਾਂ ਪਈਆਂ ਹਨ, ਉਹਨਾਂ ਮੁਤਾਬਕ ਐਸ ਟੀ ਐਫ ਦੇ ਅਗਲੇਰੀ ਜਾਂਚ ’ਤੇ ਕੋਈਰੋਕ ਹੈ ? ਦੂਜਾ ਕੀ ਐਸ ਟੀ ਐਫ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿਖੇ ਦਰਜ ਹੋਏ ਕੇਸਾਂਦੀ ਪੜਤਾਲ ਕਰ ਸਕਦੀ ਹੈ ? ਤੀਜਾ ਜਦੋਂ ਐਡੀਸ਼ਨਲ ਚੀਫ ਸੈਕਟਰੀ ਹੋਮ ਨੇ ਤਿੰਨ ਵਾਰ ਐਸ ਟੀ ਐਫ ਮੁਖੀ ਨੁੰ ਅਗਲੇਰੀ ਜਾਂਚ ਲਈ ਲਿਖਿਆ ਤਾਂ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ ? ਅਤੇ ਚੌਥਾ 2013 ਦੀ ਪਟੀਸ਼ਨ ਕਈ ਸਾਲਾਂ ਤੋਂ ਪੈਂਡਿੰਗ ਪਈ ਹੈ। ਰਾਜ ਸਰਕਾਰ ਨੇ ਵੀ 23 ਮਈ 2018 ਤੋਂ ਬਾਅਦ ਇਸ ਮਾਮਲੇ ਦੀ ਸਹੀ ਤਰੀਕੇ ਪੈਰਵੀ ਨਹੀਂ ਕੀਤੀ। ਇਹ ਪਤਾ ਲਾਇਆ ਜਾਵੇ ਕਿ ਕੀ ਇਸ ਮਾਮਲੇ ਦੀ ਪੈਰਵੀ ਜਾਣ ਬੁੱਝ ਕੇ ਰੋਕੀ ਗਈ ਤੇ ਮਾਮਲਾ ਲਟਕਾਇਆ ਗਿਆ।