ਬਠਿੰਡਾ ’ਚ ਦੋ ਜਿੰਦਾ ਹੈਂਡ ਗਰਨੇਡ ਬਰਾਮਦ ਹੋਣ ਨਾਲ ਤਰਥੱਲੀ ਮੱਚੀ
ਅਸ਼ੋਕ ਵਰਮਾ
ਬਠਿੰਡਾ,28ਨਵੰਬਰ2021:ਪੰਜਾਬ ਦੀਆਂ ਵੱਖ ਵੱਖ ਥਾਵਾਂ ਤੋਂ ਹੈਂਡ ਗ੍ਰਨੇਡ ਬਰਾਮਦ ਹੋਣ ਤੋਂ ਬਾਅਦ ਅੱਜ ਬਠਿੰਡਾ ’ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਅਪਰਾਧਿਕ ਅਨਸਰਾਂ ਦੇ ਬੁਲੰਦ ਹੌਂਸਲਿਆਂ ਦਾ ਕੁਸੈਲਾ ਸੱਚ ਸਾਹਮਣੇ ਲੈ ਆਂਦਾ ਹੈ। ਬਠਿੰਡਾ ’ਚ ਅੱਜ ਪੁਲਿਸ ਨੇ ਫਾਜਿਲਕਾ ਪੁਲਿਸ ਦੇ ਸਪੈਸ਼ਲ ਸਟਾਫ ਨੇ ਦੋ ਹੈਂਡ ਗਰਨੇਡ ਬਰਾਮਦ ਕੀਤੇ ਹਨ ਜਿੰਨ੍ਹਾਂ ਨੂੰ ਦੋ ਮੋਟਰਸਾਈਕਲ ਸਵਾਰ ਆਪਣੇ ਬੈਗ ’ਚ ਛੁਪਾਕੇ ਕਿਧਰੇ ਲਿਜਾ ਰਹੇ ਸਨ। ਜਾਣਕਾਰੀ ਅਨੁਸਾਰ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਫਾਜਿਲਕਾ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਜਿਸ ਨੂੰ ਦੇਖਦਿਆਂ ਮੋਟਰਸਾਈਕਲ ਸਵਾਰਾਂ ਨੇ ਬੈਗ ਸੁੱਟ ਦਿੱਤਾ ਅਤੇ ਮੌਕੇ ਤੋ ਫਰਾਰ ਹੋ ਗਏ। ਪੁਲਿਸ ਵੱਲੋਂ ਬੈਗ ਦੀ ਤਲਾਸ਼ੀ ਲੈਣ ਤੇ ਦੋ ਹੈਂਡ ਗਰਨੇਡ ਬਰਾਮਦ ਕੀਤੇ ਹਨ ਜੋ ਕਿ ਜਿੰਦਾ ਸਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫਾਜ਼ਿਲਕਾ ਅਤੇ ਬਠਿੰਡਾ ਪੁਲਿਸ ਨੇ ਫਰਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਮਸ਼ਕਾਂ ਆਰੰਭ ਦਿੱਤੀਆਂ ਹਨ। ਸਪੈਸ਼ਲ ਸਟਾਫ਼ ਫ਼ਾਜ਼ਿਲਕਾ ਦੇ ਸਹਾਇਕ ਥਾਣੇਦਾਰ ਹਰਦਿਆਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਟੀਮ ਨਾਲ ਬਠਿੰਡਾ ਬਾਈਪਾਸ ਰਿੰਗ ਰੋਡ ਤੇ ਸ਼ੱਕੀ ਵਿਅਕਤੀਆਾਂ ਦੀ ਤਲਾਸ਼ ’ਚ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਿਨਾਂ ਨੰਬਰ ਪਲੇਟ ਵਾਲਾ ਇੱਕ ਕਾਲੇ ਰੰਗ ਦਾ ਪਲਸਰ ਮੋਟਰਸਾਈਕਲ ਮਲੋਟ ਬਠਿੰਡਾ ਸੜਕ ਤੋਂ ਰਿੰਗ ਰੋਡ ਵੱਲ ਆ ਰਿਹਾ ਸੀ, ਜਿਸ ’ਤੇ ਦੋ ਅਣਪਛਾਤੇ ਵਿਅਕਤੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰਾਂ ਨੇ ਚਾਦਰ ਲੈ ਕੇ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅਚਾਨਕ ਪੁਲਿਸ ਨਾਕਾ ਦੇਖ ਕੇ ਮੋਟਰਸਾਈਕਲ ਚਲਾਉਣ ਵਾਲਾ ਘਬਰਾ ਗਿਆ ਅਤੇ ਆਪਣਾ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗ ਪਿਆ।
ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰਾਂ ਦੀ ਇਸ ਹਰਕਤ ਨੂੰ ਦੇਖਦਿਆਂ ਪੁਲਿਸ ਟੀਮ ਨੇ ਸ਼ੱਕ ਪੈਣ ਤੇ ਉਨ੍ਹਾਂ ਨੂੰਪਿੱਛਾ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭੱਜਣ ਦੀ ਕੋਸ਼ਿਸ਼ ’ਚ ਬੈਗ ਜ਼ਮੀਨ ’ਤੇ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਸ ਟੀਮ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਮੋਟਰਸਾਈਕਲ ’ਤੇ ਕਾਫੀ ਤੇਜੀ ਨਾਲ ਫਰਾਰ ਹੋਣ ’ਚ ਸਫਲ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਮੋਟਰਸਾਈਕਲ ਤੋਂ ਡਿੱਗੇ ਬੈਗ ਨੂੰ ਖੋਹਲ ਕੇ ਦੇਖਿਆ ਤਾਂ ਇੱਕ ਕੱਪੜੇ ’ਚ ਲਪੇਟ ਕੇ ਰੱਖੇ ਦੋ ਹੈਂਡ ਗਰਨੇਡ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਏ ਆਈ ਜੀ ਸਪੈਸ਼ਲ ਸਟਾਫ ਫਾਜਿਲਕਾ ਨੂੰ ਦਿੱਤੀ ਗਈ ਹੈ। ਪੁਲਿਸ ਨੈ ਇਸ ਸਬੰਧ ’ਚ ਐਸਪਲੋਸਿਵ ਐਕਟ 1908 ਦੀ ਧਾਰਾ 3,4 ਤੇ 5 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।