ਆਧੁਨਿਕ ਭਾਰਤ ਦੀ ਤਰੱਕੀ ਵਿੱਚ ਫੂਲੇ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ - ਚੌਹਾਨ, ਹੁਸਨ ਲਾਲ ਬੌਧ
ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 29 ਨਵੰਬਰ 2021- ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਕ੍ਰਾਂਤੀਕਾਰੀ ਗੁਰੂ ਅਤੇ ਸਮਾਜ ਸੁਧਾਰਕ ਰਾਸ਼ਟਰਪਿਤਾ ਮਹਾਤਮਾ ਜੋਤੀ ਰਾਓ ਫੂਲੇ ਜੀ ਦਾ 131ਵਾਂ ਮਹਾਂ ਪ੍ਰੀਨਿਰਵਾਣ ਦਿਵਸ ਮਨਾਇਆ ਆਗਿਆ। ਇਸ ਮੌਕੇ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਵੱਲੋਂ ਬਣਾਏ ਸੰਗਠਨ ਬੁਧਿਸ਼ਟ ਸੁਸਾਇਟੀ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਹੁਸ਼ਨ ਲਾਲ ਬੌਧ ਨੇ ਕਿਹਾ ਕਿ ਸਮਾਜ ਅੰਦਰ ਆਏ ਕਰਾਂਤੀਕਾਰੀ ਬਦਲਾਅ ਪਿੱਛੇ ਮਹਾਤਮਾ ਜੋਤੀ ਰਾਓ ਫੂਲੇ ਦਾ ਬਹੁਤ ਵੱਡਾ ਸੰਘਰਸ਼ਮਈ ਯੋਗਦਾਨ ਹੈ। ਉਨ੍ਹਾਂ ਅੱਗੇ ਕਿਹਾ ਕਿ ਫੂਲੇ ਦਮਪਤੀ ਨੇ ਉਨ੍ਹਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਣ ਦਾ ਜਤਨ ਕੀਤਾ ਜਿਹੜੀਆਂ ਬੁਰਾਈਆ ਨੂੰ ਹਿੰਦੂ ਧਾਰਮਿਕ ਗਰੰਥ ਵਿੱਚ ਕਾਨੂੰਨ ਮੰਨਿਆ ਜਾਂਦਾ ਸੀ ਜਿਵੇਂ ਸਤੀ ਪ੍ਰਥਾ,ਬਾਲ ਵਿਆਹ, ਆਦਿ। ਇਸ ਮੌਕੇ ਤੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਮੱਖਣ ਲਾਲ ਚੌਹਾਨ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਮਹਾਤਮਾ ਜੋਤੀ ਰਾਓ ਫੂਲੇ ਦੀਆਂ ਸਿੱਖਿਆਵਾਂ ਤੇ ਚੱਲ ਕੇ ਦੇਸ਼ ਅੰਦਰ ਸਮਤਾ ਸਮਾਨਤਾ ਅਤੇ ਭਾਈਚਾਰੇ ਨੂੰ ਕਾਇਮ ਰੱਖਿਆ ਜਾ ਸਕਦਾ ਹੈ।ਫੂਲੇ ਦਮਪਤੀ ਨੇ ਸਿਖਿਆ ਤੋਂ ਵੰਝਤ ਲੜਕੀਆਂ ਦੀ ਸਿੱਖਿਆ ਲਈ ਸੰਘਰਸ਼ ਕੀਤਾ ਜਦਕਿ ਉਸ ਵਕਤ ਦੇ ਧਾਰਮਿਕ ਕੱਟੜਪੰਥੀਆਂ ਨੇ ਫੂਲੇ ਦੇ ਯਤਨਾਂ ਨੂੰ ਰੋਕਣ ਲਈ ਪੈਰ ਪੈਰ ਤੇ ਔਕੜਾਂ ਪੈਦਾ ਕੀਤੀਆਂ ਪਰ ਫੂਲੇ ਜੀ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਯਤਨਸ਼ੀਲ ਰਹੇ।ਫੂਲੇ ਜੀ ਦਾ ਵਿਚਾਰ ਹੈ ਕਿ ਪੜੀ ਲਿਖੀ ਲੜਕੀ ਹੀ ਪੜ੍ਹੇ ਲਿਖੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ।
ਮਹਾਤਮਾ ਜੋਤੀਬਾ ਫੂਲੇ ਜੀ ਅੱਜ ਦੇ ਦਿਨ 28 ਨਵੰਬਰ 1890 ਨੂੰ ਪ੍ਰਨਿਰਵਾਣ ਨੂੰ ਪ੍ਰਾਪਤ ਹੋ ਗਏ ਸਨ ਪਰ ਦੇਸ਼ ਤੇ ਸਮਾਜ ਦੀ ਭਲਾਈ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ। ਦੇਸ਼ ਅੰਦਰ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਮਨੋਹਰ ਬੋਧ ਨੇ ਕਿਹਾ ਕਿ ਸਮਾਜ ਅੰਦਰ ਫੂਲੇ ਜੀ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ ਉਨ੍ਹਾਂ ਨੇ ਸਿੱਖਿਆ ਤੋਂ ਵੰਝਤ ਲੋਕਾਂ ਨੂੰ ਪੜਾਉਣ ਲਈ 1848 ਵਿਚ ਸਕੂਲ ਖੋਲ੍ਹੇ। ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਤੇ ਸੁਧਾਰ ਲਈ ਸੰਗਠਨ ਬਣਾਇਆ। ਉਨ੍ਹਾਂ ਅੱਗੇ ਕਿਹਾ ਕਿ ਫੂਲੇ ਜੀ ਨੇ ਸਭ ਕੁਰੀਤੀਆਂ ਦੀ ਜੜ੍ਹ ਅਗਿਆਨਤਾ ਨੂੰ ਮੰਨਿਆ ਹੈ।ਵਿਦਿਆ ਨਾਲ ਹੀ ਤੀਸਰਾ ਨੇਤਰ ਖੋਲਿਆ ਜਾ ਸਕਦਾ ਹੈ। ਹੋਰਾਂ ਤੋਂ ਇਲਾਵਾ ਤੇਜ਼ਪਾਲ ਬੌਧ, ਕੁਲਦੀਪ ਰਾਜ ਨਵਾਂਸ਼ਹਿਰ, ਜਸਵਿੰਦਰ ਮਹਿਮੀ, ਡਾਕਟਰ ਅਰਵਿੰਦ ਚੋਪੜਾ, ਡਾਕਟਰ ਸੁਰਿੰਦਰਪਾਲ ਸਿੰਘ, ਦਲਵੀਰ ਬੋਧ, ਰੀਟਾ ਰਾਣੀ,ਰਜਨੀ ਚੌਹਾਨ, ਨਿਰਪਾਲ ਸਿੰਘ, ਆਦਿ ਹਾਜ਼ਰ ਰਹੇ।