ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸ਼ਹਿਰ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ 29 ਨਵੰਬਰ 2021- ਨਗਰ ਕੌਸਲ ਫਰੀਦਕੋਟ ਅਧੀਨ ਆਉਂਦੇ ਵੱਖ ਵੱਖ ਇਲਾਕਿਆਂ ਵਿੱਚ ਸੀਵਰੇਜ, ਪੀਣ ਵਾਲੇ ਪਾਣੀ,ਸੜਕਾਂ, ਇੰਟਰਲਾਕਿੰਗ ਆਦਿ ਦੇ ਕੰਮ ਵਿੱਚ ਹੋਰ ਤੇਜੀ ਲਿਆਂਦੀ ਜਾ ਰਹੀ ਹੈ ਤਾਂ ਜੋਂ ਸ਼ਹਿਰ ਦੇ ਨਾਗਰਿਕਾਂ ਨੂੰ ਵਿਕਾਸ ਕਾਰਜ ਮੁਕੰਮਲ ਕਰਕੇ ਹਰ ਤਰਾਂ ਦੀ ਸੁੱਖ ਸਹੂਲਤ ਮੁੱਹਈਆ ਕਰਵਾਈ ਜਾ ਸਕੇ। ਇਹ ਪ੍ਰਗਟਾਵਾ ਮਾਰਕਫੈਂਡ ਪੰਜਾਬ ਦੇ ਚੇਅਰਮੈਨ ਅਤੇ ਫਰੀਦਕੋਟ ਦੇ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਧਰ ਰੱਖਣ ਉਪਰੰਤ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਨਿਊ ਕੈਂਟ ਰੋਡ ਤੋਂ ਟੀ.ਸੀ.ਪੀ. ਤੱਕ ਗਲੀ ਦੀ ਇੰਟਰਲਾਕਿੰਗ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜਿਸ ਤੇ 1 ਕਰੋੜ 28 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸੇ ਤਰਾਂ ਹੀ ਜਹਾਜ ਗਰਾਊਂਡ ਨੂੰ ਜਾਂਦੀ ਸੜਕ ਬਣਾਉਣ ਲਈ ਨੀਂਹ ਪੱਥਰ ਰੱਖਿਆ ਗਿਆ ਹੈ ਜਿਸ ਤੇ 3 ਕਰੋੜ 68 ਲੱਖ ਰੁਪਏ ਖਰਚ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਇਲਾਕੇ ਵਿੱਚ ਸੀਵਰੇਜ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਸੀ ਜਿਸ ਉਪਰੰਤ ਹੁਣ ਇੰਟਰਲਾਕਿੰਗ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਵਿੱਚ ਇਨਾਂ ਵਿਕਾਸ ਕਾਰਜਾਂ ਵਿੱਚ ਕੁਝ ਦੇਰੀ ਹੋਈ ਹੈ ਪਰ ਹੁਣ ਅਧਿਕਾਰੀਆਂ ਨੂੰ ਇਹ ਕੰਮ ਹੋਰ ਤੇਜ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ, ਇੰਟਰਲਾਕਿੰਗ ਦਾ ਕੰਮ 90 ਪ੍ਰਤੀਸ਼ਤ ਦੇ ਕਰੀਬ ਮੁਕੰਮਲ ਹੋ ਚੁੱਕਾ ਹੈ ਤੇ ਰਹਿੰਦਾ ਕੰਮ ਵੀ ਅਗਲੇ ਦਿਨਾਂ ਵਿੱਚ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਦਾ ਇਕੋਂ ਇਕ ਸੁਪਨਾ ਫਰੀਦਕੋਟ ਜੋ ਕਿ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਹੈ ਇਸ ਨੂੰ ਨਮੂਨੇ ਦੇ ਸ਼ਹਿਰ ਵਜੋਂ ਵਿਕਸਿਤ ਕਰਨਾ ਹੈ ਤੇ ਇਸ ਕੰਮ ਵਿੱਚ ਤੁਹਾਡੇ ਸਭ ਦਾ ਸਹਿਯੋਗ ਬਹੁਤ ਜਰੂਰੀ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪਹਿਲਾਂ ਵਾਂਗ ਆਉਣ ਵਾਲੀਆਂ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਦਾ ਸਾਥ ਦੇਣ। ਪੰਜਾਬ ਵਿੱਚ ਮੁੜ ਆਪਣੀ ਸਰਕਾਰ ਬਣਾਉਣ ਜਿਸ ਨਾਲ ਸੂਬੇ ਨੂੰ ਸਰਬ ਪੱਖੀ ਵਿਕਾਸ ਦੇ ਖੇਤਰ ਵਿੱਚ ਮੋਹਰੀ ਬਣਾਇਆ ਜਾਵੇ।
ਇਸ ਮੌਕੇ ਪ੍ਰਧਾਨ ਨਗਰ ਕੌਸਲ ਸ੍ਰੀ ਨਰਿੰਦਰਪਾਲ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਗਿੰਦਰਜੀਤ ਸਿੰਘ ਸੇਖੋਂ, , ਡਾ. ਜੰਗੀਰ ਸਿੰਘ, ਸੀਨੀਅਰ ਕਾਂਗਰਸੀ ਆਗੂ ਸ੍ਰੀ ਜਸਵੰਤ ਸਿੰਘ, ਸ੍ਰੀ ਜਸਵਿੰਦਰ ਸਿੰਘ ਸਿੱਖਾਂਵਾਲਾ, ਸ੍ਰੀ ਰਿਕੀ ਗਾਂਧੀ, ਮਹਿੰਦਰ ਸਿੰਘ ਮੂੰਗੀ, ਐਮ.ਸੀ. ਸ੍ਰੀ ਅਮਰ ਕੁਮਾਰ ਬਿੰਨੂ, ਐਮ.ਸੀ ਸ੍ਰੀ ਸੁਖਵਿੰਦਰ ਸਿੰਘ ਪੱਪੂ, ਸ੍ਰੀ ਸੁਭਾਸ਼ ਕੁਮਾਰ, ਸ੍ਰੀ ਹਿੰਮਤ ਸਿੰਘ ਪੀ.ਏ. ਸਮੇਤ ਹੋਰ ਹਾਜ਼ਰ ਸਨ।