ਇਮੀਗ੍ਰੇਸ਼ਨ ਮੈਟਰਜ਼ ਅਤੇ ਐਨ. ਜ਼ੈਡ. ਕਾਰ ਵੱਲੋਂ ‘ਇੰਡੀਅਨ ਵਾਰਡਨਜ਼’ ਨੂੰ 7 ਸੀਟਰ ਕਾਰ ਭੇਟ
ਜਗਜੀਤ ਸਿੰਘ ਸਿੱਧੂ ਅਤੇ ਸ੍ਰੀ ਖੁਸ਼ੀ ਵਾਟਸਨ ਨੇ ਚੁੱਕਿਆ ਖਰਚਾ
ਹਰਜਿੰਦਰ ਸਿੰਘ ਬਸਿਆਲਾ- ਬਾਬੂਸ਼ਾਹੀ ਨੈੱਟਵਰਕ
ਔਕਲੈਂਡ 29 ਨਵੰਬਰ, 2021:-ਨਿਊਜ਼ੀਲੈਂਡ ਦੇ ਵੱਖ-ਵੱਖ ਖੇਤਰਾਂ ਦੇ ਵਿਚ ਜਿੱਥੇ ਸਥਾਨਿਕ ਪੁਲਿਸ ਅਪਰਾਧਿਕ ਗਤੀਵਿਧੀਆਂ ਉਤੇ ਮੁਸਤੈਦੀ ਰੱਖਦੀ ਹੈ ਉਥੇ ਸਥਾਨਕ ਨਿਗਾਹਵਾਨ (ਵਾਰਡਨਜ਼) ਵੀ ਉਨ੍ਹਾਂ ਦੀ ਸਹਾਇਤਾ ਕਰਦੇ ਹਨ। ਪਾਪਾਟੋਏਟੋਏ ਖੇਤਰ ਜਿਸ ਨੂੰ ਪੰਜਾਬੀਆਂ ਦੀ ਰਾਜਧਾਨੀ ਕਹਿ ਛੱਡਦੇ ਹਨ, ਵਿਖੇ ਭਾਰਤੀ ਨਿਗਾਹਵਾਨ ਵੀ ਇਕ ਸਮੂਹ ‘ਇੰਡੀਅਨ ਵਾਰਡਨਜ਼’ ਵੱਜੋਂ ਲੰਬੇ ਸਮੇਂ ਤੋਂ ਚਲਾ ਰਹੇ ਹਨ। ਇਸ ਦੀ ਸਥਾਪਨਾ ਸ੍ਰੀ ਰਾਣਾ ਜੱਜ ਦੀ ਪਹਿਲ ’ਤੇ ਪੰਜ ਕੁ ਸਾਲ ਪਹਿਲਾਂ ਕੀਤੀ ਗਈ ਸੀ ਜਿਸਦਾ ਮੁੱਖ ਮੰਤਵ ਪਾਪਾਟੋਏਟੋਏ ਵਿੱਚ ਵਪਾਰਿਕ ਅਤੇ ਰਿਹਾਇਸ਼ੀ ਇਲਾਕੇ ਵਿੱਚ ਗਸ਼ਤ ਕਰਦਿਆਂ ਆਮ ਲੋਕਾਂ ਅਤੇ ਵਪਾਰੀਆਂ ਵਿੱਚ ਸੁਰੱਖਿਆ ਦੀ ਭਾਵਨਾ ਬਣਾਈ ਰੱਖਆ ਅਤੇ ਵਪਾਰਿਕ ਅਦਾਰਿਆਂ ਵਿੱਚ ਹੋਣ ਵਾਲੀ ਚੋਰੀ ਆਦਿ ’ਤੇ ਨਜ਼ਰ ਰਖਣਾ ਸੀ। ਪਿਛਲੇ ਸਮੇਂ ਵਿਚ ਇੰਡੀਅਨ ਵਾਰਡਨਜ਼ ਦਾ ਇਹ 15 ਕੁ ਮੈਂਬਰਾਂ ਦਾ ਸਮੂਹ ਅਕਸਰ ਪੈਦਲ ਚੱਲ ਕੇ ਹੀ ਆਪਣੀ ਡਿਊਟੀ ਕਰ ਲੈਂਦਾ ਸੀ, ਪਰ ਹੁਣ ਖੁਸ਼ੀ ਦੀ ਗਲ ਹੈ ਕਿ ਭਾਰਤੀਆਂ ਨੇ ਇਸ ਗਰੁੱਪ ਦੀ ਕਾਰਜ ਕੁਸ਼ਲਤਾ ਦੀ ਗਤੀ ਨੂੰ ਹੋਰ ਗਤੀ ਦਿੰਦਿਆ ਇਕ 7 ਸੀਟਾਂ ਵਾਲੀ ਟੋਇਟਾ ਵਿਸ਼ ਕਾਰ ਭੇਟ ਕਰ ਦਿੱਤੀ ਹੈ। ਇਹ ਕਾਰ ‘ਇਮੀਗ੍ਰੇਸ਼ਨ ਮੈਟਰਜ਼’ ਦੀ ਸ.ਜਗਜੀਤ ਸਿੰਘ ਸਿੱਧੂ ਨੇ ਸਮੇਤ ਇੰਸ਼ੋਰੈਂਸ ਅਤੇ ਐਨ. ਜ਼ੈਡ. ਕਾਰ ਯਾਰਡ ਦੇ ਸ੍ਰੀ ਖੁਸ਼ੀ ਵਾਟਸਨ ਨੇ ਸਮੇਤ ਮਕੈਨੀਕਲ ਵਾਰੰਟੀ ਦੇ ਲੈ ਕੇ ਦਿੱਤੀ ਹੈ।
ਐਨ. ਜ਼ੈਡ. ਕੌਂਸਿਲ ਆਫ ਸਿੱਖ ਅਫੇਅਰਜ਼ ਨੇ ਇਨ੍ਹਾਂ ਦੋਹਾਂ ਸਮਾਜਸੇਵੀ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਹੈ ਕਿ ਕਿਹਾ ਹੈ ਕਿ ਕੌਂਸਿਲ ਵੱਲੋਂ ਹੀ ਇੰਡੀਅਨ ਵਾਰਡਨਜ਼, ਪੰਜਾਬੀ ਸਕੂਲ ਅਤੇ ਕਮਿਊਨਿਟੀ ਸੇਫਟੀ ਐਕਸ਼ਨ ਗਰੁੱਪ ਦੀ ਸਥਾਪਨਾ ਕੀਤੀ ਗਈ ਸੀ। ਉਹ ਸਮਝਦੇ ਹਨ ਕਿ 7 ਸੀਟਾਂ ਵਾਲਾ ਵਾਹਨ ਮਿਲ ਜਾਣ ਦੇ ਨਾਲ ਇੰਡੀਅਨ ਵਾਰਡਨਜ਼ ਦੇ ਵਾਸਤੇ ਜਿੱਥੇ ਜਿਆਦਾ ਖੇਤਰ ਦੇ ਵਿਚ ਗਸ਼ਤ ਕੀਤੀ ਜਾ ਸਕੇਗੀ ਉਥੇ ਕਿਸੀ ਮੁਸ਼ਕਿਲ ਵੇਲੇ ਦੂਜੀ ਕਿਸੀ ਥਾਂ ਉਤੇ ਪਹੁੰਚ ਕੇ ਪੁਲਿਸ ਦੇ ਨਾਲ ਸੰਪਰਕ ਕਰਨਾ ਵੀ ਸੌਖਾ ਹੋ ਜਾਵੇਗਾ। ਇਹ ਵਾਡਨਜ਼ ਸਥਾਨਿਕ ਪੁਲਿਸ ਦੀ ਸਹਾਇਤਾ ਦੇ ਨਾਲ ਮਿਲ ਕੇ ਕੰਮ ਕਰਦੇ ਹਨ। ਪੰਜਾਬੀ ਕਮਿਊਨਿਟੀ ਵੱਲੋਂ ਵੀ ਉਪਰੋਕਤ ਦੋਹਾਂ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ।