ਐਨ ਪੀ ਐਸ ਮੁਲਾਜ਼ਮਾਂ ਨੇ ਫੂਕੀ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ
ਬਾਬੂਸ਼ਾਹੀ ਨੈੱਟਵਰਕ
ਨਵਾਂ ਸ਼ਹਿਰ,29 ਨਵੰਬਰ 2021- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੀ ਅਗਵਾਈ ਹੇਠ ਜਿਲ੍ਹੇ ਦੇ ਸਮੂਹ ਐਨ ਪੀ ਐਸ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਰੋਸ਼ ਮੁਜ਼ਾਹਰਾ ਕੀਤਾ ਗਿਆ । ਇਸ ਮੌਕੇ ਸ਼੍ਰੀ ਮਾਨ,ਜੁਝਾਰ ਸੰਹੂਗੜਾ ਅਤੇ ਅਜੈ ਕੁਮਾਰ ਚਾਹੜ ਮਜਾਰਾ ਆਗੂਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਲਾਮਿਸਾਲ ਲੜਾਈ ਲੜੀ ਹੈ ਇਹ ਪੂਰੀ ਦੁਨੀਆਂ ਵਿੱਚ ਅਪਣੇ ਆਪ ਵਿੱਚ ਵਿਲੱਖਣ ਮਿਸਾਲ ਹੈ ਪਰ ਪੰਜਾਬ ਸਰਕਾਰ ਸੂਬੇ ਦੇ ਦੋ ਲੱਖ ਮੁਲਾਜ਼ਮਾਂ ਨਾਲ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਪੰਜ ਸਾਲ ਬੀਤ ਜਾਣ ਬਾਅਦ ਵੀ ਵਫਾ ਨਹੀਂ ਹੋਇਆ ਜਿਸ ਦੀ ਭਾਰੀ ਕੀਮਤ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਚੁਕਾਉਣੀ ਪਵੇਗੀ। ਕਾਗਰਸ ਪਾਰਟੀ ਦੀ ਸਥਿਤੀ ਰਾਸ਼ਟਰ ਪੱਧਰ ਤੇ ਵੀ ਪਾਰਟੀ ਆਗੂਆਂ ਵਲੋਂ ਦੂਜੇ ਰਾਜਾਂ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਵਾਲੇ ਆ ਰਹੇ ਬਿਆਨਾਂ ਦੇ ਕਾਰਣ ਹਾਸੋਹੀਣੀ ਬਣੀ ਹੈ ,ਪਹਿਲਾਂ ਜਿਥੇ ਕਾਗਰਸ ਸਰਕਾਰ ਦਾ ਰਾਜ ਹੈ ਉੱਥੇ ਕਥਨੀ ਤੇ ਕਰਨੀ ਇੱਕ ਕਰ ਕੇ
ਦਿਖਾਵੇ। ਸ਼੍ਰੀ ਮਾਨ ਨੇ ਕਿਹਾ ਕਿ ਪਿਛਲੇ ਸਮਿਆਂ ਵਿੱਚ ਹਰ ਨੌਜਵਾਨ ਪੜ੍ਹ ਲਿਖ ਕੇ ਨੌਕਰੀ ਇਸ ਲਈ ਕਰਨਾ ਚਾਹੁੰਦਾ ਸੀ ਕਿਉਂਕਿ ਇਸ ਨਾਲ ਉਮਰ ਭਰ ਨੌਕਰੀ ਕਰਨ ਤੋਂ ਬਾਅਦ ਪੁਰਾਣੀ ਪੈਨਸ਼ਨ ਬੁਢਾਪੇ ਨੂੰ ਸੁਰੱਖਿਅਤ ਕਰਦੀ ਸੀ ਪਰ ਜਦੋਂ ਤੋਂ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ ਉਦੋਂ ਤੋਂ ਨੌਜਵਾਨ ਵਰਗ ਦਾ ਪੜ੍ਹਾਈ ਤੋਂ ਮਨ ਮੁੜਿਆ ਹੈ ਅਤੇ ਨੌਜਵਾਨਾਂ ਨੇ ਪੜ੍ਹਾਈ ਲਈ ਵਿਦੇਸ਼ਾਂ ਵੱਲ ਰੁਖ ਕੀਤਾ ਹੈ ਜੋ ਵਿਦੇਸ਼ ਵਿੱਚ ਸਿਰਫ ਪੜ੍ਹਨ ਦੇ ਬਹਾਨੇ ਜਾ ਕੇ ਪੜ੍ਹਨ ਦੀ ਬਜਾਏ ਕੰਮ ਨੂੰ ਤਰਜੀਹ ਦਿੰਦਾ ਹੈ ਜੋ ਕਿ ਇੱਕ ਤਰ੍ਹਾਂ ਨਾਲ ਗਿਆਨ ਵਿਹੂਣਾ ਰਹਿੰਦਾ ਹੈ ਅਤੇ ਇਹ ਪੰਜਾਬ ਦੇ ਭਵਿੱਖ ਲਈ ਘਾਤਕ ਹੈ। ਸਰਕਾਰੀ ਨੌਕਰੀਆਂ ਅਤੇ ਉਸ ਨਾਲ ਜੁੜੀਆਂ ਸਹੂਲਤਾਂ ਹਰ ਪੜ੍ਹਾਈ ਕਰਨ ਵਾਲੇ ਨੌਜਵਾਨ ਦੀ ਉਮੀਦ ਤੇ ਨਿਸ਼ਾਨਾ ਹੈ। ਐਨ ਪੀ ਐਸ ਐਕਟ ਲਾਗੂ ਕਰਕੇ ਅਤੇ ਪੁਰਾਣੀ ਪੈਨਸ਼ਨ ਖਤਮ ਕਰਕੇ ਸਮੇਂ ਦੀ ਸਰਕਾਰ ਨੇ ਨੌਜਵਾਨਾਂ ਦੀ ਉਹ ਜਮੀਨ ਖੋਹੀ ਹੈ ਜਿਸ ਤੇ ਇੱਕ ਪੜ੍ਹਿਆ ਲਿਖਿਆ ਨੌਜਵਾਨ ਅਪਣੇ ਹਾਸਿਲ ਕੀਤੇ ਗਿਆਨ ਨਾਲ ਖੇਤੀ ਕਰਦਾ ਹੈ। ਅਸੀਂ ਇਸ ਲੜਾਈ ਨੂੰ ਵੀ ਕਾਲੇ ਕਾਨੂੰਨਾਂ ਖਿਲਾਫ ਲੜੇ ਜਾਣ ਵਾਲੀ ਲੜਾਈ ਮੰਨਦੇ ਹਾਂ ਇਹ ਲੜਾਈ ਸਿਰਫ ਐਨ ਪੀ ਐਸ ਮੁਲਾਜ਼ਮਾਂ ਦੀ ਨਹੀਂ ਇਹ ਪੂਰੇ ਪੰਜਾਬ ਦੀ ਲੜਾਈ ਹੈ ਇਹ ਪੰਜਾਬ ਵਿੱਚ ਉੱਚ ਸਿੱਖਿਆ ਪ੍ਰਤੀ ਰੁਝਾਨ ਬਣਾਏ ਰੱਖਣ ਲਈ ਵੀ ਜਰੂਰੀ ਹੈ। ਇਸ ਉਮੀਦ ਅਤੇ ਨਿਸ਼ਾਨੇ ਨੂੰ ਪੰਜਾਬ ਦੇ ਲੋਕਾਂ ਲਈ ਬਣਾਈ ਰੱਖਣ ਲਈ ਪੁਰਾਣੀ ਪੈਨਸ਼ਨ ਬਹਾਲੀ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ।
ਸਮੂਹ ਮੁਲਾਜ਼ਮ ਵਰਗ ਅਤੇ ਬੇਰੁਜ਼ਗਾਰ ਨੌਜਵਾਨ ਅਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਰੁਲ ਰਿਹਾ ਹੈ ਸਰਕਾਰ ਮਸਲੇ ਹੱਲ ਕਰਨ ਦੇ ਖੋਖਲੇ ਦਾਅਵੇ ਕਰ ਰਹੀ ਹੈ। ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੀ. ਪੀ. ਬੀ .ਐਸ .ਸੀ ਲਗਾਤਾਰ ਸੰਘਰਸ਼ ਕਰ ਰਹੀ ਹੈ ਨਤੀਜੇ ਵਜੋਂ ਜੋ ਫੈਮਲੀ ਪੈਨਸ਼ਨ ਸਰਕਾਰ ਨੇ ਐਨ. ਪੀ. ਐਸ. ਮੁਲਾਜਮਾਂ ਨੂੰ ਦਿੱਤੀ ਹੈ ਉਸਦਾ ਫਾਇਦਾ ਸਰਵਿਸ ਦੌਰਾਨ ਮਰਨ ਵਾਲੇ ਮੁਲਾਜਮ ਦੇ ਪਰਿਵਾਰ ਨੂੰ ਮਿਲਣਾ ਜਿਸਦੇ ਦਾਇਰੇ ਵਿੱਚ ਬਹੁਤ ਹੀ ਘੱਟ ਮੁਲਾਜਮ ਆਉਣਗੇ। ਲੜਾਈ ਤਾਂ ਮੁਲਾਜਮ ਦੇ ਸੁਰੱਖਿਅਤ ਬੁਢਾਪੇ ਲਈ ਲੜੀ ਜਾ ਰਹੀ ਹੈ ਹੱਲ ਰੁਲਦੇ ਬੁਢਾਪੇ ਦਾ ਕਰਨਾ ਹੈ ਤੇ ਸਰਕਾਰ ਚੁਣਾਵੀ ਮਾਰਕੀਟਿੰਗ ਲਈ ਮਸੌਦਾ ਤਿਆਰ ਕਰ ਰਹੀ ਜਾਪਦੀ ਹੈ। ਜਿਲ੍ਹਾ ਕੰਨਵੀਨਰ ਗੁਰਦਿਆਲ ਮਾਨ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਜੋ ਫੈਸਲੇ ਲਏ ਹਨ ਉਨ੍ਹਾਂ ਤਹਿਤ ਅੱਜ ਜਿਲ੍ਹਾ ਪੱਧਰੀ ਮੀਟਿੰਗ ਆਉਣ ਵਾਲੇ ਐਕਸ਼ਨਾ ਵਿੱਚ ਪੂਰੀ ਤਾਕਤ ਝੋਕ ਦਿੱਤੀ ਜਾਵੇਗੀ ਤੇ 5 ਦਸੰਬਰ ਤੱਕ ਪੰਜਾਬ ਸਰਕਾਰ ਸੱਤਾਧਾਰੀ ਪਾਰਟੀ ਦੇ ਆਗੂ ਮੁੱਖ ਮੰਤਰੀ, ਵਿੱਤ ਮੰਤਰੀ, ਨਵਜੋਤ ਸਿੰਘ ਸਿੱਧੂ ਦਾ ਕਿਸੇ ਵੀ ਜਿਲ੍ਹੇ ਵਿੱਚ ਪਹੁੰਚਣ ਤੇ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਕੇ ਰੋਸ ਕੀਤਾ ਜਾਵੇਗਾ।
5 ਦਸੰਬਰ ਨੂੰ ਹੀ ਮੋਰਿੰਡਾ ਵਿਖੇ ਰਾਜ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ ਇਹ ਰੈਲੀ ਸੰਪੂਰਨ ਹੋਣ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਐਨ. ਪੀ. ਐਸ. ਮੁਲਾਜ਼ਮਾਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਨੂੰ ਰੋਕਣ ਦਾ ਸਰਕਾਰ ਕੋਲ ਇੱਕੋ ਇੱਕ ਤਰੀਕਾ ਹੈ ਉਹ ਇਹ ਪੁਰਾਣੀ ਪੈਨਸ਼ਨ ਬਹਾਲ ਕਰੇ। ਇਸ ਤਰਾਂ ਕਰਨ ਨਾਲ ਪੰਜਾਬ ਦੀ ਸਰਕਾਰ ਪੂਰੇ ਭਾਰਤ ਵਿੱਚ ਉਹ ਪਹਿਲੀ ਸਰਕਾਰ ਬਣ ਜਾਵੇਗੀ ਜਿਸਨੇ ਐਨ ਪੀ ਐਸ ਦੇ ਕਾਲੇ ਕਾਨੂੰਨ ਨੂੰ ਰੱਦ ਕਰ ਦਿੱਤਾ ਹੋਵੇ ਅਤੇ ਲੋਕ ਪੱਖੀ ਹੋਣ ਦਾ ਸਬੂਤ ਦਿੱਤਾ ਹੋਵੇ। ਇਸ ਮੌਕੇ ਤੇ ਮਨਜਿੰਦਰਜੀਤ ਸਿੰਘ,ਸੁਦੇਸ਼ ਦੀਵਾਨ ਅਜੀਤ ਗੁੱਲਪੁਰ,ਸੋਮ ਨਾਥ,ਨਵੀਨ ਕਰੀਹਾ,ਯੁਗਰਾਜ ਸਿੰਘ,ਗੁਰਦੀਸ਼ ਸਿੰਘ,ਨਾਨਕਸ਼ਰਨ ਸਿੰਘ,ਹਰੀਦਾਸ,ਹਰਵਿੰਦਰ ਸਿੰਘ,ਚਰਨਜੀਤ ਆਲੋਵਾਲ,ਤਜਿੰਦਰ ਕੌਰ,ਕਰਮਜੀਤ ਕੌਰ,ਵਿਕਾਸ਼ ਸ਼ਰਮਾ,ਬਲਵੀਰ ਕਰਨਾਣਾ,ਬਲਜਿੰਦਰ ਕੌਰ,ਮਨਜੀਤ ਕੌਰ,ਲਾਲੀ ਜੋਸੀ ਆਦਿ ਮੌਜੂਦ ਸਨ।