ਹਰੀਸ਼ ਕਾਲੜਾ
ਰੂਪਨਗਰ, 29 ਨਵੰਬਰ 2021: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ 10 ਦਸੰਬਰ ਦੀ ਰੋਪੜ ਫੇਰੀ ਨੂੰ ਲੈ ਕੇ ਇਸਤਰੀ ਅਕਾਲੀ ਦਲ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦਿਹਾਤੀ ਵੱਲੋਂ ਅੱਜ ਰੋਪੜ ਸਰਕਲ ਦੇ ਪਿੰਡ ਛੋਟੀ ਰੈਲੋ, ਸਮਰਾਲਾ ਅਤੇ ਪਪਰਾਲਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ 10 ਦਸੰਬਰ ਨੂੰ ਦਾਣਾ ਮੰਡੀ ਰੋਪੜ ਵਿਖੇ 11 ਵਜੇ ਫੇਰੀ ਦੌਰਾਨ ਬੀਬੀਆਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਗਈ ਅਤੇ ਬੀਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਬਾਰੇ ਅਤੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ ਵੱਲੋਂ ਐਲਾਨ ਕੀਤੇ 13 ਨੁਕਾਤੀ ਪ੍ਰੋਗਰਾਮ ਸੰਬੰਧੀ ਜਾਣੂ ਕਰਵਾਇਆ।
ਇਸ ਮੌਕੇ ਬੋਲਦਿਆਂ ਸੀਨੀਅਰ ਆਗੂ ਬੀਬੀ ਪ੍ਰੀਤਮ ਕੌਰ ਭਿਉਰਾ ਅਤੇ ਜਿਲ੍ਹਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਵਿਰਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਭਵਿੱਖ ਕੇਵਲ ਅਕਾਲੀ-ਬਸਪਾ ਗਠਜੋੜ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਸਰਕਾਰ ਆਉਣ ਤੇ ਮਾਤਾ ਖੀਵੀ ਸਕੀਮ ਅਦੀਨ ਨੀਲਾ ਕਾਰਡ ਧਾਰਿਕ ਹਰ ਇੱਕ ਬੀਬੀ ਦੇ ਖਾਤੇ ਵਿੱਚ ਹਰ ਮਹੀਨੇ 2000 ਰੁਪਏ ਜਮ੍ਹਾਂ ਕਰਵਾਏ ਜਾਣਗੇ। ਉਹਨਾਂ ਇਹ ਵੀ ਦੱਸਿਆਂ ਕਿ ਪੰਜਾਬ ਦੇ ਹਰ ਇੱਕ ਬਿਜਲੀ ਖਪਤਕਾਰ ਨੂੰ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਇਸ ਮੌਕੇ ਮਹਿਲਾ ਆਗੂ ਬੀਬੀ ਬਲਜੀਤ ਕੌਰ, ਚਰਨਜੀਤ ਕੌਰ ਸ਼ਾਮਪੁਰਾ ਅਤੇ ਮਨਦੀਪ ਕੌਰ ਸ਼ਾਮਪੁਰਾ ਨੇ ਵੀ ਸੰਬੋਧਨ ਕੀਤਾ ਅਤੇ ਦੱਸਿਆ ਕਿ 10 ਦਸੰਬਰ ਸ਼ੁਕਰਵਾਰ ਨੂੰ ਸਵੇਰੇ 11 ਵਜੇ ਸ. ਸੁਖਬੀਰ ਸਿੰਘ ਬਾਦਲ ਰੋਪੜ ਦਾਣਾ ਮੰਡੀ ਵਿਖੇ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ।ਉਹਨਾਂ ਦੱਸਿਆਂ ਇਸ ਸੰਬੰਧੀ ਪੂਰੇ ਇਲਾਕੇ ਵਿੱਚ ਭਾਰੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਇਸ ਰੈਲੀ ਵਿੱਚ ਸ਼ਾਮਿਲ ਹੋਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਕੌਰ ਪਪਰਾਲਾ ਸਰਕਲ ਪ੍ਰਧਾਨ ਰੋਪੜ, ਸਰਦਾਰ ਕੌਰ ਜਿਲ੍ਹਾ ਮੀਤ ਪ੍ਰਧਾਨ, ਕਮਲਜੀਤ ਕੌਰ ਸਰਪੰਚ, ਅਜੀਤ ਕੌਰ, ਜਸਪਾਲ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਜਸਵਿੰਦਰ ਕੌਰ, ਕਰਮਜੀਤ ਕੌਰ, ਅਮਰਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਸ਼ਾਮਿਲ ਹੋਈਆਂ।