← ਪਿਛੇ ਪਰਤੋ
ਅਸ਼ੋਕ ਵਰਮਾ ਮਾਨਸਾ, 29 ਨਵੰਬਰ 2021: ਪੰਜਾਬ ਦੀ ਗਰੀਬ ਜਨਤਾ ਨੂੰ ਮੁਢਲੀਆਂ ਸਿਹਤ ਸੇਵਾਵਾਂ ਪਰਦਾਨ ਕਰਨ ਵਾਲੇ ਛੋਟੇ ਡਾਕਟਰਾਂ ਵੱਲੋਂ ਪਰੈਕਟਿਸ ਕਰਨ ਦੇ ਕਾਨੂੰਨੀ ਅਧਿਕਾਰ ਲੈਣ ਖਾਤਰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਮੋਰਿੰਡਾ ਵਿਖੇ ਪਹਿਲੀ ਦਿਸੰਬਰ ਤੋਂ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ ਜੋ ਮਸਲੇ ਦਾ ਹੱਲ ਹੋਣ ਤੱਕ ਖਤਮ ਨਹੀਂ ਕੀਤਾ ਜਾਏਗਾ। ਅੱਜ ਲੁਧਿਆਣਾ ਵਿਖੇ ਮੈਡੀਕਲ ਪਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪਰਧਾਨ ਧੰਨਾ ਮਲ ਗੋਇਲ ਦੀ ਪਰਧਾਨਗੀ ਹੇਠ ਹੋਈ ਜਿਸ ‘ਚ ਸੂਬਾ ਜਨਰਲ ਸਕੱਤਰ ਕੁਲਵੰਤ ਰਾਏ, ਸਰਪ੍ਰਸਤ ਸੁਰਜੀਤ ਸਿੰਘ, ਸੀਨੀ: ਮੀਤ ਪਰਧਾਨ ਗੁਰਮੇਲ ਸਿੰਘ ਅਤੇ ਮੀਤ ਪਰਧਾਨ ਜਸਵਿੰਦਰ ਸਿੰਘ ਭੋਗਲ ਸ਼ਾਮਲ ਸਨ। ਇਸ ਮੌਕੇ ਲੜੀ ਵਾਰ ਧਰਨਿਆਂ ਦੇ ਪ੍ਰਬੰਧਾਂ ਦੀ ਠੋਸ ਵਿਉਂਤਬੰਦੀ ਕੀਤੀ ਗਈ ਜਿਸ ਤੋਂ ਬਾਅਦ ਸੂਬਾ ਪਰਧਾਨ ਅਤੇ ਸੂਬਾ ਆਗੂ ਚਮਕੌਰ ਸਿੰਘ ਲੁਧਿਆਣਾ ਨੇ ਮੋਰਿੰਡਾ ਪਹੁੰਚ ਕੇ ਲੋੜੀਂਦੇ ਪਰਬੰਧਾਂ ਦਾ ਜਾਇਜਾ ਲਿਆ । ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੂਬਾ ਪਰਧਾਨ ਧੰਨਾ ਮਲ ਗੋਇਲ ਨੇ ਕਿਹਾ ਕਿ ਜਥੇਬੰਦੀ ਵੱਲੋਂ 21 ਅਕਤੁੂਬਰ ਨੂੰ ਮੋਰਿੰਡਾ ਵਿਖੇ ਕੀਤੀ ਵਿਸ਼ਾਲ ਰੈਲੀ ਅਤੇ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੇ ਦਬਾਅ ਹੇਠ ਪਹਿਲਾਂ 25 ਅਕਤੂਬਰ ਨੂੰ ਅਤੇ ਫਿਰ 29 ਅਕਤੂਬਰ ਨੂੰ ਮੀਟਿੰਗ ਕਰਨ ਦਾ ਲਿਖਤੀ ਸੱਦਾ ਦਿੱਤਾ ਗਿਆ ਸੀ ਪਰ ਦੋਨੋ ਵਾਰ ਕਿਸੇ ਨਾ ਕਿਸੇ ਬਹਾਨੇ ਮੀਟਿੰਗ ਰੱਦ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਤੇ ਮਜਦੂਰ ਜਥੇਬੰਦੀਆਂ ਦੇ ਦਖਲ ਦੇ ਬਾਵਜੂਦ ਸਰਕਾਰ ਨੇ ਕੋਈ ਸੱਦਾ ਨਹੀਂ ਭੇਜਿਆ ਇਸ ਲਈ ਪੱਕਾ ਮੋਰਚਾ ਸਰਕਾਰ ਦੇ ਟਾਲਮਟੋਲ ਵਾਲੇ ਵਤੀਰੇ ਦਾ ਪਰਦਾਫਾਸ਼ ਕਰੇਗਾ। ਇਸ ਮੌਕੇ ਮਤਾ ਪਾਸ ਕਰਕੇ ਮੁਜਾਹਰਾਕਾਰੀ ਅਧਿਆਪਕਾਂ ’ਤੇ ਪੁਲਸ ਲਾਠੀ ਚਾਰਜ ਦੀ ਨਿਖੇਧੀ ਅਤੇ 12 ਅਕਤੂਬਰ ਦੇ ਪੇਂਡੂ ਮਜਦੂਰ ਜਥੇਬੰਦੀਆਂ ਦੇ ਰੇਲ ਰੋਕੋ ਅੰਦੋਲਨ ਦੀ ਹਮਾਇਤ ਕੀਤੀ ਹੈ।
Total Responses : 934