ਦੀਪਕ ਗਰਗ
ਕੋਟਕਪੂਰਾ 29 ਨਵੰਬਰ 2021 : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੁੱਖ ਮੰਤਰੀ ਬਣਨ ਉਪਰੰਤ ਪਹਿਲੀ ਵਾਰ ਕੋਟਕਪੂਰਾ ਪੁੱਜਣ ਤੇ ਪ੍ਰਤੀਕਿਰਿਆ ਕਰਦਿਆਂ ਕੋਟਕਪੂਰਾ ਤੋਂ ਵਿਧਾਇਕ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਅੱਗੇ ਸਵਾਲਾਂ ਦੀ ਝੜੀ ਲਗਾਓਂਦਿਆ ਮੰਗ ਕੀਤੀ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇਦੇ ਦੇ ਰੂਪ ਚ ਮੁੱਖ ਮੰਤਰੀ ਉਹਨਾਂ ਦੇ ਸਵਾਲਾਂ ਦੇ ਜਵਾਬ ਜਰੂਰ ਦੇਕੇ ਜਾਣ।
ਸਰਦਾਰ ਸੰਧਵਾਂ ਨੇ ਪਹਿਲੇ ਸਵਾਲ ਚ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀ ਲਗਪਗ ਸੱਤ ਸਾਲ ਬੀਤ ਜਾਣ ਉਪਰੰਤ ਵੀ ਖੁਲੇਆਮ ਕਿਉਂ ਘੁੰਮ ਰਹੇ ਹਨ, ਮੁੱਖ ਮੰਤਰੀ ਚੰਨੀ ਨੂੰ ਉਸੇ ਗੋਲ ਚੌਂਕ ਤੇ ਪੁੱਜਕੇ ਹੁਣ ਤੱਕ ਇਨਸਾਫ ਨਾ ਦੇ ਸਕਣ ਲਈ ਮਾਫ਼ੀ ਮੰਗਣੀ ਚਾਹੀਦੀ ਹੈ,
ਸ਼ਹਿਰ ਕੋਟਕਪੂਰਾ ਦੇ ਵੱਖ ਵੱਖ ਮੁਹੱਲਿਆਂ ਚ ਗਲਤ ਢੰਗ ਨਾਲ ਪਏ ਸੀਵਰੇਜ ਕਾਰਨ ਗਲੀਆਂ ਚ ਖੜੇ ਬਦਬੂਦਾਰ ਪਾਣੀ ਅਤੇ ਟੂਟੀਆਂ ਚ ਆ ਰਹੇ ਸੀਵਰੇਜ਼ ਦੇ ਪਾਣੀ ਬਾਰੇ ਸਵਾਲ ਕਰਦਿਆਂ ਸਰਦਾਰ ਸੰਧਵਾਂ ਨੇ ਪੁੱਛਿਆ ਕਿ ਪਹਿਲਾਂ 10 ਸਾਲ ਅਕਾਲੀ ਸਰਕਾਰ ਅਤੇ ਹੁਣ ਪੰਜ ਸਾਲ ਕਾਂਗਰਸ ਸਰਕਾਰ ਦੇ ਪੂਰੇ ਹੋ ਜਾਣ ਉਪਰੰਤ ਵੀ ਸ਼ਹਿਰ ਦੀਆਂ ਸੀਵਰੇਜ਼ ਅਤੇ ਗਲੀਆਂ ਨਾਲੀਆਂ ਦਾ ਕਾਰਜ ਮੁਕੰਮਲ ਨਾ ਹੋਣ ਤੇ ਜ਼ਿਮੇਵਾਰ ਕੌਣ ਹੈ?
ਸਰਦਾਰ ਸੰਧਵਾਂ ਨੇ ਅਗਲੇ ਸਵਾਲ ਰਾਹੀਂ ਪੁੱਛਿਆ ਕਿ ਸਾਰੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਚ ਆਈ ਕਾਂਗਰਸ ਮੁਲਾਜਮਾਂ ਨੂੰ ਪੱਕਾ ਕਰਨ ਦੇ ਇਸ਼ਤਿਹਾਰਾਂ ਤੇ ਤਾਂ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਪਰ ਸੰਘਰਸ਼ ਦੇ ਰਾਹ ਪਏ ਠੇਕਾ ਮੁਲਾਜਮਾਂ, ਬਿਜਲੀ ਕਾਮਿਆਂ, ਕੱਚੇ ਅਧਿਆਪਕਾਂ, ਗੈਸਟ ਫੈਕਲਟੀ ਪ੍ਰੋਫੈਸਰਾਂ, ਰੋਡਵੇਜ਼ ਕਾਮਿਆਂ, ਆਉਟਸੌਰਸਿੰਗ ਵਰਕਰਾਂ, ਡੀਸੀ ਦਫ਼ਤਰ ਮੁਲਾਜਮਾਂ, ਆਸ਼ਾ ਵਰਕਰਾਂ, ਮੈਰੀਟੋਰੀਅਸ ਅਧਿਆਪਕਾਂ, ਸਿਹਤ ਵਿਭਾਗ ਚ ਕੰਮ ਕਰਦੇ ਵਰਕਰਾਂ, ਮਨਰੇਗਾ ਕਰਮਚਾਰੀਆਂ, ਪੰਚਾਇਤ ਸੈਕਟਰੀਆਂ, ਆਂਗਣਵਾੜੀ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕਰ ਰਹੀ ਹੈ?
ਸਰਦਾਰ ਸੰਧਵਾਂ ਨੇ ਕਿਹਾ ਸਿੱਖਿਆ ਖੇਤਰ ਚ ਦਿੱਲੀ ਤੋਂ ਬਿਹਤਰ ਸੇਵਾਵਾਂ ਦੇਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚੰਨੀ ਸਾਹਿਬ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੀ ਖਸਤਾ ਹਾਲਤ,ਸਟਾਫ ਦੀ ਘਾਟ ਅਤੇ ਡਿਗਰੀਆਂ ਦੀ ਅਣਹੋਂਦ ਬਾਰੇ ਵੀ ਚਾਨਣ ਪਾਕੇ ਜਾਣ, ਆਮ ਲੋਕਾਂ ਦੀ ਗੱਲ ਸੁਣਨ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਚੰਨੀ ਬਰਜਿੰਦਰਾ ਕਾਲਜ ਫ਼ਰੀਦਕੋਟ ਚ ਬੀ ਐੱਸ ਸੀ ਐਗਰੀਕਲਚਰ ਖ਼ਤਮ ਕਰਨ ਤੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਵਿਦਿਆਰਥੀਆਂ ਦੀ ਗੱਲ ਕਿਉਂ ਨਹੀਂ ਸੁਣ ਰਹੇ, ਸਰਦਾਰ ਸੰਧਵਾਂ ਨੇ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਜ਼ਿਲਾ ਫਰੀਦਕੋਟ ਦੇ ਕਿਸਾਨਾਂ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਐਲਾਨੀ ਸਹਾਇਤਾ ਰਾਸ਼ੀ ਨਾ ਮਿਲਣ ਦਾ ਵੀ ਜਵਾਬ ਮੁੱਖ ਮੰਤਰੀ ਤੋਂ ਮੰਗਿਆ ਹੈ,