ਕੈਬਨਿਟ ਮੰਤਰੀ ਦੇ ਮੁੰਡੇ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 30 ਨਵੰਬਰ 2021- ਜਿਉਂ-ਜਿਉਂ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਇਲਜ਼ਾਮਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ ਅਤੇ ਸਭ ਤੋਂ ਵੱਧ ਸਿਆਸਤ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਹ ਇਲਜ਼ਾਮ ਕੋਈ ਵਿਰੋਧੀ ਪਾਰਟੀ ਨਹੀਂ ਬਲਕਿ ਇੱਕ ਹੀ ਪਾਰਟੀ ਦੇ ਦੋ ਕਾਂਗਰਸੀ ਨੇਤਾ ਹੀ ਇੱਕ ਦੂਜੇ ਤੇ ਲਗਾ ਰਹੇ ਹਨ। ਜਿੱਥੇ ਦੋ ਕਾਂਗਰਸੀ ਦਿੱਗਜ ਵਾਰ-ਵਾਰ ਆਹਮੋ-ਸਾਹਮਣੇ ਆ ਰਹੇ ਹਨ, ਉੱਥੇ ਇਹ ਕਾਂਗਰਸ ਪਾਰਟੀ ਦੀ ਲੜਾਈ ਅਤੇ ਖਿੱਚੋਤਾਣ ਉਸ ਵੇਲੇ ਹੋਰ ਵੱਧ ਗਈ ਜਦੋਂ ਇੱਕ ਕਾਂਗਰਸੀ ਮੰਤਰੀ ਦੇ ਮੁੰਡੇ ਨੇ ਲੋਕਾਂ ਨੂੰ ਲੈ ਕੇ ਦੂਜੇ ਕਾਂਗਰਸੀ ਆਗੂ ਦੇ ਵਿਰੁੱਧ ਬੀਤੇ ਦਿਨ ਡੀਸੀ ਦਫ਼ਤਰ ਅੱਗੇ ਵੱਡਾ ਧਰਨਾ ਦਿੱਤਾ।
ਆਟਾ ਦਾਲ ਸਕੀਮ ਤਹਿਤ ਸੁਲਤਾਨਪੁਰ ਲੋਧੀ ਵਿਖੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਦੀ ਅਗਵਾਈ ਹੇਠ ਡੀ.ਸੀ ਕਪੂਰਥਲਾ ਦੇ ਦਫਤਰ ਦੇ ਬਾਹਰ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ, ਜਿਸ ਨੇ ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਕਣਕ ਦੀ ਵੰਡ ਨੂੰ ਲੈਕੇ ਵੱਡੀ ਘਪਲੇਬਾਜੀ ਅਤੇ ਵੱਡੀ ਗੜਬੜੀ ਨੂੰ ਲੈ ਕੇ ਗੁੱਸੇ ਵਿੱਚ ਆਏ ਲੋਕਾਂ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਕਣਕ ਨਹੀਂ ਮਿਲੀ ਅਤੇ ਲੋਕ ਬਹੁਤ ਦੁਖੀ ਸਨ ਕਿਉਂਕਿ ਆਟਾ ਦਾਲ ਲੰਮੇ ਸਮੇਂ ਤੋਂ ਨਹੀਂ ਮਿਲ ਰਿਹਾ ਸੀ ਜੇਕਰ ਘਰ ਵਿੱਚ 7 ਵਿਅਕਤੀ ਹਨ ਤਾਂ ਸਿਰਫ 1 ਵਿਅਕਤੀ ਦੇ ਨਾਮ 'ਤੇ ਕਣਕ ਮਿਲੀ। ਕਈ ਲੋਕਾਂ ਨੂੰ 1 ਸਾਲ ਤੋਂ ਕਣਕ ਨਹੀਂ ਮਿਲੀ। ਬਹੁਤ ਸਾਰੇ ਲੋਕਾਂ ਦਾ ਦੋਸ਼ ਸੀ ਕਿ ਨਾ ਤਾਂ ਸਰਪੰਚ ਅਤੇ ਨਾ ਹੀ ਸਥਾਨਕ ਵਿਧਾਇਕ ਉਨ੍ਹਾਂ ਦੀ ਗੱਲ ਸੁਣ ਰਹੇ ਹਨ। ਜਿਸ ਕਾਰਨ ਅੱਜ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।
ਇਸ ਮੌਕੇ ਇਸ ਪੂਰੇ ਮਾਮਲੇ 'ਤੇ ਡੀਐਫਸੀ ਗੀਤਾ ਮੈਡਮ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ 6 ਮਹੀਨੇ ਪਹਿਲਾਂ ਆਇਆ ਸੀ। ਜਿਸ ਵਿੱਚ ਕਈ ਲੋਕਾਂ ਖਿਲਾਫ ਐਫ.ਆਈ.ਆਰ. ਵੀ ਦਰਜ ਹੈ ਜਿਸ ਵਿੱਚ ਕਈ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹਨ। ਜਿਸ 'ਤੇ ਐਕਸ਼ਨ ਲਿਆ ਹੋਇਆ ਹੈ। ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ।ਵਿਜੀਲੈਂਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਮੌਕੇ ਰਾਣਾ ਇੰਦਰਪ੍ਰਤਾਪ ਨੇ ਸਿੱਧੇ ਤੌਰ 'ਤੇ ਸੁਲਤਾਨਪੁਰ ਦੇ ਵਿਧਾਇਕ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਦੇ ਇਸ਼ਾਰੇ 'ਤੇ ਹੋਇਆ ਹੈ, ਹੁਣ ਲੋਕ ਦੁਖੀ ਹੋ ਕੇ ਬੋਲਣ ਲੱਗ ਪਏ ਹਨ
ਗੌਰਤਲਬ ਹੈ ਕਿ ਇਸ ਕਣਕ ਘਪਲੇ ਦੇ ਮੁੱਦੇ ਨੂੰ ਸਭ ਤੋਂ ਪਹਿਲਾਂ ਇੰਜਨੀਅਰ ਸਵਰਨ ਸਿੰਘ ਨੇ ਚੁੱਕਿਆ ਸੀ। ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜਾਂਚ ਦੇ ਹੁਕਮ ਦਿੱਤੇ ਸਨ । ਉਨ੍ਹਾਂ ਨੇ ਡੀ.ਐੱਫ .ਐੱਸ .ਸੀ . ਮੈਡਮ ਗੀਤਾ ਦੀ ਅਗਵਾਈ ਚ ਪੰਜ ਮੈਂਬਰੀ ਕਮੇਟੀ ਬਣਾ ਕੇ ਜਾਂਚ ਸ਼ੁਰੂ ਕਰਵਾਈ ਸੀ। ਇਸ ਤੋਂ ਬਾਅਦ ਹੀ ਇਨ੍ਹਾਂ ਅਧਿਕਾਰੀਆਂ ਦੀ ਘਪਲੇਬਾਜ਼ੀ ਸਬੂਤ ਸਾਹਮਣੇ ਆਏ ਸਨ।