ਪੰਜਾਬੀ ਮਾਹ ਤਹਿਤ ਭਾਸ਼ਾ ਵਿਭਾਗ ਵਲੋਂ ਕਰਵਾਇਆ ਗਿਆ ਭਾਸ਼ਣ ਤੇ ਕਵੀ ਦਰਬਾਰ
ਬਾਬੂਸ਼ਾਹੀ ਨੈੱਟਵਰਕ
ਹੁਸ਼ਿਆਰਪੁਰ, 30 ਨਵੰਬਰ 2021: ਭਾਸ਼ਾ ਵਿਭਾਗ ਪੰਜਾਬ ਵਲੋਂ 30 ਨਵੰਬਰ ਤੱਕ ਮਨਾਏ ਜਾ ਰਹੇ ਪੰਜਾਬੀ ਮਾਹ ਤਹਿਤ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਭਾਸ਼ਣ ਤੇ ਕਵੀ ਦਰਬਾਰ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਵਿਭਾਗ ਦੇ ਸਹਾਇਕ ਡਾਇਰੈਕਟਰ ਹਰਭਜਨ ਕੌਰ ਤੇ ਕੰਵਲਜੀਤ ਕੌਰ ਵਲੋਂ ਕੀਤੀ ਗਈ ਜਦਕਿ ਮੁੱਖ ਮਹਿਮਾਨ ਵਜੋਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਕਰਮਜੀਤ ਸਿੰਘ ਨੇ ਕੀਤੀ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਬਾਰੇ ਚਾਨਣਾ ਪਾਇਆ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ: ਯੋਗੇਸ਼ ਨੇ ਸ਼ਿਰਕਤ ਕੀਤੀ।
ਸਹਾਇਕ ਡਾਇਰੈਕਟਰ ਕੰਵਲਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਮਦਨ ਵੀਰਾ ਨੇ ਆਮ ਜਨ ਜੀਵਨ ਵਿਚ ਪੰਜਾਬੀ ਦੇ ਵੱਧ ਤੋਂ ਵੱਧ ਪ੍ਰਯੋਗ ’ਤੇ ਜ਼ੋਰ ਦਿੱਤਾ ਅਤੇ ਬੱਚਿਆਂ ਨੂੰ ਪੰਜਾਬੀ ਸਾਹਿਤ ਪੜ੍ਹਨ ਲਈ ਪੇ੍ਰਰਨਾ ਦਿੱਤੀ। ਸਮਾਗਮ ਵਿਚ ਪ੍ਰੋ: ਹਰਵਿੰਦਰ ਸਿੰਘ, ਪ੍ਰੋ: ਕੁਲਤਾਰ ਸਿੰਘ, ਪ੍ਰੋ: ਨਵਤੇਜ਼, ਹਰਦਿਆਲ ਹੁਸ਼ਿਆਰਪੁਰੀ ਤੇ ਸੋਮ ਦੱਤ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।
ਸਮਾਗਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਜਸਵੰਤ ਰਾਏ ਨੇ ਨਿਭਾਈ। ਸਮਾਗਮ ਵਿਚ ਆਕਰਸ਼ਣ ਦਾ ਮੁੱਖ ਕੇਂਦਰ ਜ਼ਿਲ੍ਹਾ ਭਾਸ਼ਾ ਦਫਤਰ ਵਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਸੀ, ਜਿਸ ਦਾ ਮੁਕੰਮਲ ਕਾਰਜ ਜੁਗਲ ਕਿਸ਼ੋਰ ਨੇ ਕੀਤਾ। ਇਸ ਦੌਰਾਨ ਡਾ. ਭੂਪਿੰਦਰ ਕੌਰ, ਡਾ. ਸੁਖਦੀਪ ਕੌਰ, ਡਾ. ਸੁਮਨ ਤੇ ਵਿਦਿਆਰਥੀ ਸਤਵਿੰਦਰ ਸ਼ਾਮਲ ਹੋਏ। ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਅਵਿਨਾਸ਼ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।