ਮਾਣ-ਮੱਤਾ ਪੱਤਰਕਾਰ ਪੁਰਸਕਾਰ ਇਸ ਵਰ੍ਹੇ ਸਤਨਾਮ ਸਿੰਘ ਮਾਣਕ ਅਤੇ ਚਰਨਜੀਤ ਸਿੰਘ ਭੁੱਲਰ ਨੂੰ ਦੇਣ ਦਾ ਫੈਸਲਾ
ਬਾਬੂਸ਼ਾਹੀ ਨੈੱਟਵਰਕ
ਫਗਵਾੜਾ, 30 ਨਵੰਬਰ 2021- ਪੰਜਾਬ, ਪੰਜਾਬੀ, ਪੰਜਾਬੀਅਤ ਦੀ ਅਲੰਬਰਦਾਰ ਪ੍ਰਸਿੱਧ ਸੰਸਥਾ ਪੰਜਾਬੀ ਵਿਰਸਾ ਟਰੱਸਟ ਪਲਾਹੀ, ਫਗਵਾੜਾ ਵਲੋਂ ਸਾਲ 2021 ਦਾ ਮਾਣ-ਮੱਤਾ ਪੱਤਰਕਾਰ ਪੁਰਸਕਾਰ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਅਤੇ ਨੌਜਵਾਨ ਖੋਜ਼ੀ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ।
ਪੰਜਾਬੀ ਵਿਰਸਾ ਟਰੱਸਟ (ਰਜਿ:) ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਪੰਜਾਬੀ ਵਿਰਸਾ ਟਰੱਸਟ ਵਲੋਂ 2016 ਤੋਂ ਹਰ ਵਰ੍ਹੇ ਇਹ ਸਨਮਾਨ ਦਿੱਤਾ ਜਾਂਦਾ ਹੈ। 2016 ਵਿੱਚ ਇਹ ਸਨਮਾਨ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਅਤੇ ਪ੍ਰੋ: ਜਸਵੰਤ ਸਿੰਘ ਗੰਡਮ ਨੂੰ, 2017 ਵਿੱਚ ਪ੍ਰੋ: ਪਿਆਰਾ ਸਿੰਘ ਭੋਗਲ ਤੇ ਠਾਕਰ ਦਾਸ ਚਾਵਲਾ ਨੂੰ, 2018 ਵਿੱਚ ਡਾ: ਸਵਰਾਜ ਸਿੰਘ ਅਤੇ ਆਈ ਪੀ ਸਿੰਘ ਨੂੰ, 2019 ਵਿੱਚ ਡਾ: ਗਿਆਨ ਸਿੰਘ ਅਤੇ ਅਵਤਾਰ ਸਿੰਘ ਸ਼ੇਰਗਿੱਲ ਨੂੰ ਅਤੇ 2020 ਵਿੱਚ ਡਾ: ਐਸ.ਐਸ. ਛੀਨਾ ਅਤੇ ਗੁਰਚਰਨ ਸਿੰਘ ਨੂਰਪੁਰ ਨੂੰ ਪ੍ਰਦਾਨ ਕੀਤਾ ਗਿਆ ਸੀ।
ਇਸ ਪੁਰਸਕਾਰ ਵਿੱਚ ਮਾਣ-ਪੱਤਰ, ਸਨਮਾਨ ਲੋਈ ਅਤੇ ਨਕਦੀ ਰਾਸ਼ੀ ਲੇਖਕਾਂ, ਪੱਤਰਕਾਰਾਂ ਦੇ ਵੱਡੇ ਸਮਾਗਮ ਵਿੱਚ ਦਿੱਤੀ ਜਾਂਦੀ ਹੈ। ਇਸ ਵਰ੍ਹੇ ਇਹ ਸਮਾਗਮ 12 ਦਸੰਬਰ ਦਿਨ ਐਤਵਾਰ, ਫਗਵਾੜਾ ਵਿਖੇ ਕਰਵਾਇਆ ਜਾਏਗਾ।