ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਸੇਵਾ ਮੁਕਤ ਹੋਏ
ਲੁਧਿਆਣਾ 30 ਨਵੰਬਰ 2021 - ਅੱਜ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੂੰ ਸੇਵਾ ਮੁਕਤੀ ਤੇ ਭਾਵੁਕ ਵਿਦਾਇਗੀ ਦਿੱਤੀ ਗਈ । ਯੂਨੀਵਰਸਿਟੀ ਦੇ ਤਮਾਮ ਅਧਿਕਾਰੀ ਡਾ. ਨਵਤੇਜ ਸਿੰਘ ਬੈਂਸ ਨੂੰ ਉਨਾਂ ਦੀ ਸੇਵਾਮੁਕਤੀ ’ਤੇ ਸਨਮਾਨਿਤ ਕਰਨ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਕਮੇਟੀ ਰੂਮ ਵਿੱਚ ਇਕੱਠੇ ਹੋਏ।
ਡਾ. ਬੈਂਸ ਬਾਰੇ ਗੱਲ ਕਰਦਿਆਂ ਪੀਏਯੂ ਦੇ ਨਿਰਦੇਸਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਆਪਣੇ ਸਵਾਗਤੀ ਭਾਸਣ ਵਿੱਚ ਕਿਹਾ ਕਿ ਡਾ. ਬੈਂਸ ਇੱਕ ਚੱਲਦਾ ਵਿਸ਼ਵਕੋਸ਼, ਇੱਕ ਬੇਮਿਸਾਲ ਖੋਜਕਰਤਾ, ਮਾਰਗਦਰਸਕ ਅਤੇ ਆਗੂ ਵਜੋਂ ਜਾਣੇ ਜਾਣਗੇ । ਉਹਨਾਂ ਕਿਹਾ ਕਿ ਡਾ. ਬੈਂਸ ਖੇਤੀ ਵਿਗਿਆਨੀਆਂ ਦੀ ਬੇਮਿਸਾਲ ਪੀੜੀ ਦੇ ਖੋਜ ਕਰਤਾ ਹਨ । ਉਹਨਾਂ ਦੱਸਿਆ ਕਿ ਪੀ.ਏ.ਯੂ. ਦੇ ਖੋਜ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੇ ਮਾਹਿਰ ਤੋਂ ਇਲਾਵਾ ਡਾ. ਬੈਂਸ ਕਣਕ ਬਰੀਡਿੰਗ ਖੇਤਰ ਵਿੱਚ ਵਿਸ਼ਾਲ ਅੰਤਰਰਾਸਟਰੀ ਤਜਰਬੇ ਦੇ ਧਾਰਨੀ ਹੋਣ ਦੇ ਨਾਲ ਇੱਕ ਮਜਬੂਤ ਆਗੂ ਹਨ। ਯੂਨੀਵਰਸਿਟੀ ਦੇ ਕਣਕ ਬਰੀਡਿੰਗ ਪ੍ਰੋਗਰਾਮ ਅਤੇ ਇਸ ਦੇ ਨਿਰੰਤਰ ਸੁਧਾਰ ਵਿੱਚ ਉਨਾਂ ਦਾ ਯੋਗਦਾਨ ਬੇਮਿਸਾਲ ਹੈ। ਡਾ: ਬੈਂਸ ਦੇ ਨਵੀਆਂ ਤੇ ਠੇਠ ਕਿਸਮਾਂ ਉੱਪਰ ਕੀਤੇ ਕੰਮ ਨੂੰ ਦੇਸ ਭਰ ਦੇ ਕਿਸਾਨਾਂ ਦੁਆਰਾ ਅਪਣਾਇਆ ।
ਡਾ. ਬੈਂਸ ਨੇ 16 ਐਮ ਐਸ ਸੀ ਅਤੇ ਪੀ ਐਚ ਡੀ ਵਿਦਿਆਰਥੀਆਂ ਦਾ ਮਾਰਗਦਰਸਨ ਕੀਤਾ ਹੈ। ਆਪਣੇ ਵਿਸਾਲ ਗਿਆਨ, ਭਰੋਸੇਮੰਦ ਮਾਰਗਦਰਸਨ ਅਤੇ ਦਿਆਲੂ ਸਖਸੀਅਤ ਦੀ ਬਦੌਲਤ ਉਹ ਹਮੇਸਾ ਵਿਦਿਆਰਥੀਆਂ, ਸਹਿਕਰਮੀਆਂ ਅਤੇ ਸਟਾਫ ਦੇ ਸਮੂਹਾਂ ਦਾ ਹਿੱਸਾ ਰਹੇ। ਉਹ ਹਮੇਸਾ ਆਪਣੀ ਸਖਤ ਮਿਹਨਤ, ਸਮਰਪਣ, ਪ੍ਰਸ਼ਾਸਕੀ ਹੁਨਰ ਅਤੇ ਇੱਕ ਪਿਆਰੀ ਮੁਸਕਰਾਹਟ ਨਾਲ ਯੂਨੀਵਰਸਿਟੀ ਵਿੱਚ ਵਿਚਰਦੇ ਰਹੇ । ਕਣਕ ਦੇ ਬਰੀਡਿੰਗ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਕੇਲੋਂਗ ਵਿਖੇ ਕਾਰਜਕਾਲ ਵੇਲੇ ਦੇ ਸਹਿਕਰਮੀ, ਸਟਾਫ ਅਤੇ ਵਿਦਿਆਰਥੀ ਉਨਾਂ ਵਰਗੇ ਮਹਾਨ ਵਿਗਿਆਨੀ ਨਾਲ ਜੁੜੇ ਹੋਣ ਨੂੰ ਆਪਣੀ ਖੁਸ਼ਨਸੀਬੀ ਸਮਝਦੇ ਹਨ।
ਡਾ ਬੈਂਸ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ 1991 ਵਿੱਚ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿੱਚ ਸਹਾਇਕ ਪਲਾਂਟ ਬਰੀਡਰ ਵਜੋਂ ਸਾਮਲ ਹੋਏ। ਉਹ ਪੋਸਟ ਡਾਕਟੋਰਲ ਫੈਲੋਸਿਪ ਤਹਿਤ ਇੰਟਰਨੈਸਨਲ ਰਾਈਸ ਰਿਸਰਚ ਇੰਸਟੀਚਿਊਟ (ਆਈਆਰਆਰਆਈ), ਫਿਲੀਪੀਨਜ ਗਏ। ਉਨਾਂ ਨੇ ਓਹੀਓ ਸਟੇਟ ਯੂਨੀਵਰਸਿਟੀ, ਅਮਰੀਕਾ ਵਿਖੇ ‘ਸਟੂਡੈਂਟ ਸੈਂਟਰਡ ਲਰਨਿੰਗ’ ਵਿੱਚ ਵੀ ਭਾਗ ਲਿਆ। ਉਨਾਂ ਨੇ ਕਿਸਾਨਾਂ, ਬੀਜ ਉਤਪਾਦਕਾਂ ਕਣਕ ਦੀਆਂ ਸੁਧਰੀਆਂ ਕਿਸਮਾਂ ਨੂੰ ਅਪਣਾਉਣ ਲਈ ਉਤਸਾਹਿਤ ਕਰਨ ਤੋਂ ਇਲਾਵਾ ਸਿੱਖਿਆ ਫੈਕਲਟੀ ਨਾਲ ਮਿਲ ਕੇ 100 ਖੋਜ/ਵਿਸਥਾਰ ਕਾਰਜਾਂ ਨੂੰ ਨੇਪਰੇ ਚਾੜਿਆ। ਆਪਣੀ ਟਿੱਪਣੀ ਵਿੱਚ, ਡਾ: ਬੈਂਸ ਨੇ ਉਹਨਾਂ ਦੇ ਪੇਸੇਵਰ ਸਫਰ ਨੂੰ ਸੁਚਾਰੂ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਯੂਨੀਵਰਸਿਟੀ ਦੇ ਸਮੂਹ ਅਧਿਕਾਰੀਆਂ, ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਡਾ: ਬੈਂਸ ਨੇ ਕਿਹਾ ਭਾਵੇਂ ਸਰਕਾਰੀ ਡਿਊਟੀਆਂ ਤੋਂ ਸੇਵਾਮੁਕਤ ਹੋ ਰਿਹਾ ਹਾਂ, ਮੈਂ ਸੰਸਥਾ ਦੀ ਬਿਹਤਰੀ ਲਈ ਜੋ ਵੀ ਮਦਦ ਦੇ ਸਕਦਾ ਹਾਂ, ਉਸ ਲਈ ਮੈਂ ਹਮੇਸਾ ਆਪਣੇ ਸਾਥੀਆਂ ਅਤੇ ਵਿਦਿਆਰਥੀਆਂ ਲਈ ਹਾਜਰ ਰਹਾਂਗਾ।
ਇਸ ਮੌਕੇ ਯੂਨੀਵਰਸਿਟੀ ਦੇ ਪ੍ਰਮੁੱਖ ਅਧਿਕਾਰੀ ਜਿਨਾਂ ਵਿੱਚ ਡਾ. ਐਮ.ਆਈ.ਐਸ. ਗਿੱਲ, ਡੀਨ ਕਾਲਜ ਆਫ ਹਾਰਟੀਕਲਚਰ ਐਂਡ ਫੋਰੈਸਟਰੀ, ਡਾ. ਸ਼ੰਮੀ ਕਪੂਰ, ਡੀਨ ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ, ਡਾ. ਅਸੋਕ ਕੁਮਾਰ, ਡੀਨ ਕਾਲਜ ਆਫ ਐਗਰੀਕਲਚਰਲ ਇੰਜੀਨੀਅਰਿੰਗ, ਡਾ. ਸੰਦੀਪ ਬੈਂਸ, ਡੀਨ ਕਾਲਜ ਆਫ ਕਮਿਊਨਿਟੀ ਸਾਇੰਸ, ਡਾ ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ, ਡਾ. ਜੀ.ਐਸ. ਬੁੱਟਰ, ਡਾ. ਜੀ.ਪੀ.ਐਸ. ਸੋਢੀ, ਵਧੀਕ ਨਿਰਦੇਸਕ ਪਸਾਰ ਸਿੱਖਿਆ, ਡਾ. ਜੀ.ਐਸ. ਮਾਂਗਟ, ਡਾ. ਗੁਰਸਾਹਿਬ ਸਿੰਘ ਮਨੇਸ, ਵਧੀਕ ਨਿਰਦੇਸਕ ਖੋਜ, ਡਾ. ਪਰਮਪਾਲ ਸਹੋਤਾ, ਲਾਇਬ੍ਰੇਰੀਅਨ ਅਤੇ ਡਾ. ਵੀ.ਐੱਸ.ਹਾਂਸ, ਇਸ ਵਿਦਾਇਗੀ ਸਮਾਰੋਹ ਵਿਚ ਸ਼ਾਮਲ ਹੋਏ। ਵਿਦਾਇਗੀ ਸਮਾਰੋਹ ਵਿੱਚ ਹਾਜ਼ਰ ਅਫਸਰਾਂ ਨੇ ਡਾ: ਬੈਂਸ ਨਾਲ ਉਨਾਂ ਦੀ ਸਾਂਝ ਨੂੰ ਯਾਦ ਕਰਦਿਆਂ ਧੰਨਵਾਦ ਪ੍ਰਗਟਾਇਆ ਅਤੇ ਉਨਾਂ ਦੇ ਚੰਗੇਰੇ ਭਵਿੱਖ ਸੁਭ ਕਾਮਨਾਵਾਂ ਦਿੱਤੀਆਂ।