ਵਿਧਾਇਕ ਸੰਧਵਾਂ ਨੇ ਮੁੱਖ ਮੰਤਰੀ ਚੰਨੀ ਤੋਂ 21 ਸਵਾਲਾਂ ਦੇ ਜਵਾਬ ਮੰਗੇ
ਦੀਪਕ ਗਰਗ
ਕੋਟਕਪੂਰਾ, 30 ਨਵੰਬਰ 2021 - ਕੋਟਕਪੂਰਾ ਆਮਦ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਗੇ 21 ਸਵਾਲਾਂ ਦਾ ਪੁਲੰਦਾ ਰੱਖਦਿਆਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇਹਨਾਂ ਸਵਾਲਾਂ ਦਾ ਜਵਾਬ ਹਾਸਲ ਕਰਨ ਲਈ ਕੋਟਕਪੂਰਾ ਦੇ ਗੋਲ ਚੌਂਕ ਚ ਸਾਥੀਆਂ ਸਮੇਤ ਖੜਕੇ ਦੋ ਘੰਟੇ ਇੰਤਜ਼ਾਰ ਕੀਤਾ ਪਰ ਮੁੱਖ ਮੰਤਰੀ ਚੰਨੀ ਹੈਲੀਕਾਪਟਰ ਜਰੀਏ ਸਿੱਧੇ ਅਨਾਜ ਮੰਡੀ ਕੋਟਕਪੂਰਾ ਪੁੱਜੇ ਅਤੇ ਹਲਕੇ ਦੇ ਵਿਧਾਇਕ ਵੱਲੋਂ ਉਠਾਏ ਮੁੱਦਿਆਂ ਨੂੰ ਸੁਣਨ ਬਜਾਏ ਆਪਣੇ ਮਨ ਦੀ ਬਾਤ ਲੋਕਾਂ ਨੂੰ ਸੁਣਾਕੇ ਵਾਪਸ ਚਲੇ ਗਏ।
ਗੋਲ ਚੌਂਕ ਚ ਸਰਦਾਰ ਸੰਧਵਾਂ ਨੇ ਹਲਕੇ ਅਤੇ ਪੰਜਾਬ ਦੇ ਵੱਖ ਵੱਖ ਮਸਲਿਆਂ ਸਬੰਧੀ ਸਵਾਲ ਕਰਦਿਆਂ ਪੁੱਛਿਆ ਕਿ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀ ਲਗਪਗ ਸੱਤ ਸਾਲ ਬੀਤ ਜਾਣ ਉਪਰੰਤ ਵੀ ਖੁਲੇਆਮ ਕਿਉਂ ਘੁੰਮ ਰਹੇ ਹਨ?ਸ਼ਹਿਰ ਦਾ ਸੀਵਰੇਜ਼ ਅਤੇ ਗਲੀਆਂ ਨਾਲੀਆਂ ਦਾ ਕਾਰਜ ਮੁਕੰਮਲ ਨਾ ਹੋਣ ਤੇ ਜ਼ਿਮੇਵਾਰ ਕੌਣ ਹੈ?ਸੰਘਰਸ਼ ਦੇ ਰਾਹ ਪਏ ਠੇਕਾ ਮੁਲਾਜਮਾਂ, ਬਿਜਲੀ ਕਾਮਿਆਂ, ਕੱਚੇ ਅਧਿਆਪਕਾਂ, ਗੈਸਟ ਫੈਕਲਟੀ ਪ੍ਰੋਫੈਸਰਾਂ, ਰੋਡਵੇਜ਼ ਕਾਮਿਆਂ, ਆਉਟਸੌਰਸਿੰਗ ਵਰਕਰਾਂ, ਡੀਸੀ ਦਫ਼ਤਰ ਮੁਲਾਜਮਾਂ, ਆਸ਼ਾ ਵਰਕਰਾਂ, ਮੈਰੀਟੋਰੀਅਸ ਅਧਿਆਪਕਾਂ, ਸਿਹਤ ਵਿਭਾਗ ਚ ਕੰਮ ਕਰਦੇ ਵਰਕਰਾਂ, ਮਨਰੇਗਾ ਕਰਮਚਾਰੀਆਂ, ਪੰਚਾਇਤ ਸੈਕਟਰੀਆਂ, ਆਂਗਣਵਾੜੀ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕਰ ਰਹੀ ਹੈ ਚੰਨੀ ਸਰਕਾਰ?
ਦਿੱਲੀ ਦੇ ਸਿੱਖਿਆ ਤੰਤਰ ਨਾਲ ਮੁਕਾਬਲੇ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੀ ਖਸਤਾ ਹਾਲਤ, ਸਟਾਫ ਦੀ ਘਾਟ ਅਤੇ ਡਿਗਰੀਆਂ ਦੀ ਅਣਹੋਂਦ ਕਿਉਂ ਨਹੀਂ ਦੂਰ ਕਰ ਰਹੀ?ਬਰਜਿੰਦਰਾ ਕਾਲਜ ਫ਼ਰੀਦਕੋਟ ਚ ਬੀ.ਐੱਸ.ਸੀ ਐਗਰੀਕਲਚਰ ਖ਼ਤਮ ਕਰਨ ਤੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਵਿਦਿਆਰਥੀਆਂ ਦੀ ਗੱਲ ਕਿਉਂ ਨਹੀਂ ਸੁਣ ਰਹੇ?ਕਿਸਾਨ ਅੰਦੋਲਨ ਚ ਸ਼ਹੀਦ ਹੋਏ ਜ਼ਿਲਾ ਫਰੀਦਕੋਟ ਦੇ ਕਿਸਾਨਾਂ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਐਲਾਨੀ ਸਹਾਇਤਾ ਰਾਸ਼ੀ ਅਜੇ ਤੱਕ ਕਿਉਂ ਨਹੀਂ ਮਿਲੀ?ਪੰਜ ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਕਿੱਥੇ ਮਿਲ ਰਿਹਾ?ਪੁਲਿਸ ਕਾਂਸਟੇਬਲ ਦੀ ਭਰਤੀ ਚ ਹਿੱਸਾ ਲੈਣ ਵਾਲੇ ਨੌਜਵਾਨਾਂ ਨਾਲ ਬੇਇਨਸਾਫ਼ੀ ਦਾ ਜ਼ਿਮੇਵਾਰ ਕੌਣ ਹੈ?
ਸ਼ਹਿਰ ਕੋਟਕਪੂਰਾ ਚ ਪਾਣੀ ਦੀ ਕਿੱਲਤ ਕਰਕੇ ਪ੍ਰੇਸ਼ਾਨ ਲੋਕਾਂ ਦੀ ਸਮੱਸਿਆ ਲਈ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ?
ਸ਼ਹਿਰ ਦੇ ਜਿੰਨਾਂ ਹਿੱਸਿਆਂ ਚ ਸੀਵਰੇਜ਼ ਪੈ ਚੁੱਕਾ ਹੈ ਉਥੇ ਸਹੀ ਪਾਈਪਾਂ ਦੀ ਵਰਤੋਂ ਨਾ ਕਰਨ ਕਰਕੇ ਹੋ ਰਹੇ ਓਵਰਫਲੋ ਦੇ ਜਿੰਮੇਵਾਰ ਕੌਣ? ਕੋਟਕਪੂਰਾ ਦੇ ਸਿਵਲ ਹਸਪਤਾਲ ਦੇ ਹਸਪਤਾਲ ਚ ਪੂਰਨ ਸੁਵਿਧਾਵਾਂ ਕਿਉਂ ਨਹੀਂ?ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਤੋਂ ਫਿਰੌਤੀਆਂ ਮੰਗਣ ਵਾਲੇ ਗੁੰਡਾ ਅਨਸਰਾਂ ਨੂੰ ਨੱਥ ਕਿਉਂ ਨਹੀਂ ਪਾਈ ਜਾ ਰਹੀ? ਲੋਕ UREA ਅਤੇ DAP ਲੈਣ ਲਈ ਖੱਜਲ਼ ਹੋ ਰਹੇ ਹਨ ਪਰ ਚਿੱਟੇ ਦੀ ਹੋਮ ਡਿਲੀਵਰੀ ਹੋ ਰਹੀ ਹੈ, ਜਿੰਮੇਵਾਰ ਕੌਣ?ਸਰਕਾਰ ਵੱਲੋਂ ਸਮੇਂ ਸਿਰ ਸਕਾਲਰਸ਼ਿਪ ਜਾਰੀ ਨਾ ਕਰਨ ਕਰਕੇ ਪੂਰੇ ਪੰਜਾਬ ’ਚ 60 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀਆਂ ਡਿਗਰੀਆਂ ਰੁਕੀਆਂ ਹੋਈਆਂ ਨੇ, ਜਿੰਮੇਵਾਰ ਕੌਣ?
2017 ਦੀਆਂ ਚੋਣਾਂ ਚ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਦੀ ਮੱਦ ਨੰਬਰ 16 ਤੇ ਮੈਡੀਕਲ ਪ੍ਰੈਕਟੀਸ਼ਨਰਾ ਨਾਲ ਕੀਤਾ ਵਾਅਦਾ ਕਿਉਂ ਨਹੀਂ ਪੂਰਾ ਕੀਤਾ ਗਿਆ?
ਬੇਅਦਬੀ ਕਾਂਡ ਦਾ ਇਨਸਾਫ ਦੇਣ ਦੇ ਦਾਅਵੇ ਕਰਨ ਵਾਲੀ ਚੰਨੀ ਸਰਕਾਰ ਦੱਸੇ ਕਿ ਉਹ 2015 ਚ ਸੁਖਬੀਰ ਬਾਦਲ ਨਾਲ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਬੇਅਦਬੀ ਕਾਂਡ ਦਾ ਸਾਰਾ ਦੋਸ਼ ਦੋ ਸਿੱਖ ਨੌਜਵਾਨਾਂ ਸਿਰ ਮੜ੍ਹ ਕੇ ਸਿੱਖਾਂ ਨੂੰ ਹੀ ਦੋਸ਼ੀ ਠਹਿਰਾਉਣ ਵਾਲੇ ਇਕਬਾਲ ਪ੍ਰੀਤ ਸਹੋਤਾ ਨੂੰ ਡੀਜੀਪੀ ਲਗਾਕੇ ਬੇਅਦਬੀ ਕਾਂਡ ਦੇ ਇਨਸਾਫ ਦੀ ਝਾਕ ਚ ਬੈਠੇ ਪੰਜਾਬੀਆਂ ਦੇ ਜਖਮਾਂ ਤੇ ਨਮਕ ਕਿਉਂ ਛਿੜਕ ਰਹੀ ਹੈ?
ਸਰਕਾਰੀ ਸਿਹਤ ਕੇਂਦਰਾਂ, ਹਸਪਤਾਲਾਂ, ਮੈਡੀਕਲ ਕਾਲਜਾਂ ਚ ਪੂਰਾ ਸਟਾਫ ਨਾ ਹੋਣ ਕਰਕੇ ਪੰਜਾਬ ਦੇ ਬਹੁਤ ਸਾਰੇ ਗਰੀਬ ਅਤੇ ਆਮ ਲੋਕ ਸਰਕਾਰੀ ਸਿਹਤ ਸਹੂਲਤਾਂ ਲੈਣ ਤੋਂ ਵਾਂਝੇ ਰਹਿ ਜਾਂਦੇ ਨੇ,ਕਾਂਗਰਸ ਸਰਕਾਰ ਕਰੋਨਾ ਕਾਲ ਦੌਰਾਨ ਸਿਹਤ ਸੇਵਾਵਾਂ ਦੇਣ ਵਾਲੇ ਕੱਚੇ ਕਾਮਿਆਂ ਨੂੰ ਹਟਾਉਣ ਦਾ ਨਾਦਰਸ਼ਾਹੀ ਹੁਕਮ ਵਾਪਿਸ ਲੈਕੇ ਉਕਤ ਸਿਖਿਅਕ ਸਿਹਤ ਕਾਮਿਆਂ ਨੂੰ ਰੈਗੂਲਰ ਕਰਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਪ੍ਰਬੰਧ ਸੁਧਾਰਣ ਲਈ ਸੁਹਿਰਦ ਕਿਉਂ ਨਹੀਂ ਹੋ ਰਹੀ?ਕੇਂਦਰੀ ਸਹਿਕਾਰੀ ਬੈਂਕ ਫਰੀਦਕੋਟ ਦੇ ਰਿਟਾਇਰਡ ਬੈਂਕ ਮੁਲਾਜਮਾਂ ਦਾ 2006 ਤੋਂ 60% ਬਕਾਇਆ ਪੈਂਡਿੰਗ ਪਿਆ ਹੈ,ਉਕਤ ਪੁਰਾਣੇ ਕਰਮਚਾਰੀ ਪੈਨਸ਼ਨ ਅਤੇ ਮੈਡੀਕਲ ਸਹੂਲਤ ਤੋਂ ਵੀ ਵਾਂਝੇ ਹਨ, ਕਿਉਂ??ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੀ ਭਰਤੀ ਲਈ ਕੱਢੇ ਇਸ਼ਤਿਹਾਰ ਚੋਂ ਪੰਜਾਬ ਦੇ ਵਸਨੀਕ ਹੋਣ ਦੀ ਸ਼ਰਤ ਖ਼ਤਮ ਕਰਨੀ ਪੰਜਾਬੀਆਂ ਨਾਲ ਸਰਾਸਰ ਧੱਕਾ ਕਿਉਂ ਕਰ ਰਹੀ ਹੈ?
PAU ਵੱਲੋਂ ਬੀੜ ਵਿਚਲੀ 1225 ਏਕੜ ਜ਼ਮੀਨ ਸਿਰਫ 6 ਹਜ਼ਾਰ ਠੇਕਾ ਨਾ ਦੇਣ ਕਰਕੇ ਛੱਡ ਦਿੱਤੀ ਹੈ, ਕਿਸਾਨੀ ਨਾਲ ਜੁੜੇ ਇਸ ਵੱਡੇ ਮੁੱਦੇ ਤੇ ਸਰਕਾਰ ਅਵੇਸਲੀ ਕਿਉਂ? ਖੇਤੀ ਪ੍ਰਧਾਨ ਸੂਬੇ ਚ ਖੇਤੀਬਾੜੀ ਵਿਭਾਗ ਵਿਚਲੀਆਂ ਏ.ਡੀ.ਓ ਦੇ ਕਰੀਬ 500 ਅਤੇ ਸਹਾਇਕ ਸਬ ਇੰਸਪੈਕਟਰ ਦੀਆਂ 400 ਅਸਾਮੀਆਂ ਲੰਮੇਂ ਸਮੇਂ ਤੋਂ ਖ਼ਾਲੀ ਕਿਉਂ ਹਨ? ਮੁੱਖ ਮੰਤਰੀ ਵੱਲੋਂ ਉਕਤ ਸਵਾਲਾਂ ਦੇ ਜਵਾਬ ਨਾ ਦੇਣ ਕਰਕੇ ਹਾਜ਼ਰ ਆਪ ਵਰਕਰਾਂ ਨੇ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਨੂੰ ਡਰਾਮਾ ਮੰਤਰੀ ਅਤੇ ਐਲਣਮੰਤਰੀ ਦਾ ਖਿਤਾਬ ਦਿੰਦਿਆਂ ਕਿਹਾ ਕਿ ਉਪਰੋਕਤ ਸਭ ਮਸਲਿਆਂ ਦਾ ਹਿਸਾਬ 2022 ਦੀਆਂ ਚੋਣਾਂ ਚ ਸੂਬੇ ਦੇ ਲੋਕ ਜਰੂਰ ਲੈਣਗੇ।