ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਭੱਠਲ ਦਾ ਕੈਪਟਨ ਅਮਰਿੰਦਰ ਨੂੰ ਲੈ ਕੇ ਵੱਡਾ ਬਿਆਨ
ਚੰਡੀਗੜ੍ਹ, 3 ਦਸੰਬਰ 2021 - ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਭੱਠਲ ਵੱਲੋਂ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਗਈ। ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸੀ ਮੁੱਦਿਆਂ ਨੂੰ ਲੈ ਕੇ ਮੀਟਿੰਗ ਹੋਈ ਹੈ। ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੀ ਸੋਨੀਆ ਗਾਂਧੀ ਨਾਲ ਕੋਰੋਨਾ ਕਾਰਨ ਮੁਲਾਕਾਤ ਨਹੀਂ ਹੋ ਸਕੀ ਸੀ।
ਗੱਲਬਾਤ ਦੌਰਾਨ ਬੀਬੀ ਭੱਠਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਵਿਚ ਲੈ ਕੇ ਆਏ ਸਨ। ਕੈਪਟਨ ਅਮਰਿੰਦਰ ਸਿੰਘ ਵਰਗੇ ਵੱਡੇ ਸ਼ਖ਼ਸ ਨੂੰ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।
ਉਹਨਾਂ ਕਿਹਾ ਕਿ ਸਾਡੀ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ। ਅਸੀਂ ਇਕੱਠੇ ਲੜਾਂਗੇ, ਬੇਸ਼ੱਕ ਕੁਝ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਸਾਡੀ ਲੜਾਈ ਕੋਈ ਧੜੇ ਦੀ ਨਹੀਂ, ਕੋਈ ਟੁੱਟਣ ਵਾਲੀ ਨਹੀਂ, ਇੱਕੋ ਸਟੇਜ 'ਤੇ ਲਗਾਤਾਰ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਇਕੱਠੇ ਨਜ਼ਰ ਆ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ਉਹਨਾਂ ਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ, ਉਹ ਉਸ ਨੂੰ ਜ਼ਿੰਮੇਵਾਰੀਆ ਅਤੇ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਹ ਕਾਂਗਰਸ ਦੀ ਸੇਵਾ ਕਰਨ ਲਈ ਤਿਆਰ ਹਨ।
ਇਸ ਦੇ ਨਾਲ ਹੀ ਉਨ੍ਹਾਂ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੋਈ ਇਕ ਵਾਅਦਾ ਦੱਸੋ ਜੋ ਉਨ੍ਹਾਂ ਨੇ ਦਿੱਲੀ 'ਚ ਪੂਰਾ ਕੀਤਾ ਹੋਵੇ, ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਦੋ ਵਾਰ ਸੱਤਾ ਦਿੱਤੀ ਪਰ ਉਨ੍ਹਾਂ ਨੇ ਇੱਥੇ ਇਕ ਵੀ ਕੰਮ ਨਹੀਂ ਕੀਤਾ, ਪੰਜਾਬ ਦੇ ਲੋਕ ਉਸ ਦੇ ਝਾਂਸੇ 'ਚ ਨਹੀਂ ਆਉਣਗੇ।