ਨਵਜੋਤ ਸਿੰਘ ਸਿੱਧੂ ਦੇ ਕਰੀਬੀ ਕੌਂਸਲਰ ਨੇ ਦਿੱਤਾ ਅਸਤੀਫਾ, ਵੇਖੋ ਕੀ ਲਾਏ ਗੰਭੀਰ ਦੋਸ਼
ਕੁਲਵਿੰਦਰ ਸਿੰਘ
ਅੰਮ੍ਰਿਤਸਰ, 4 ਦਸੰਬਰ, 2021: ਅੰਮ੍ਰਿਤਸਰ ਦੇ ਵਾਰਡ ਨੰਬਰ 76 ਦੇ ਕੌਂਸਲਰ ਸੁਖਦੇਵ ਸਿੰਘ ਚਾਹਲ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ। 2004 ਤੋਂ ਲੈ ਕੇ ਪਹਿਲੇ ਦਿਨ ਤੋਂ ਹੀ ਸੁਖਦੇਵ ਸਿੰਘ ਚਾਹਲ ਉਨ੍ਹਾਂ ਦੇ ਨਾਲ ਰਹੇ ਹਨ,ਪਰ ਇਹ ਨੇੜ੍ਹਤਾ ਅੱਜ ਦੂਰੀ ਵਿਚ ਤਬਦੀਲ ਨਜ਼ਰ ਹੁੰਦੀ ਆਈ ਜਦੋਂ ਸੁਖਦੇਵ ਸਿੰਘ ਚਾਹਲ ਨੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਕੌਂਸਲਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।ਇਸ ਦਾ ਕਾਰਨ ਪੁੱਛਣ ਤੇ ਉਨ੍ਹਾਂ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਮਨਦੀਪ ਸਿੰਘ ਵੱਲੋਂ ਉਨ੍ਹਾਂ ਦੇ ਵਾਰਡ ਜੋ ਕਿ ਹਲਕਾ ਪੱਛਮੀ ਵਿਚ ਪੈਂਦੀ ਹੈ ਅਤੇ ਜਿਸ ਦੇ ਮੌਜੂਦਾ ਵਿਧਾਇਕ ਡਾ ਰਾਜ ਕੁਮਾਰ ਵੇਰਕਾ ਹਨ, ਵਿੱਚ ਕਰੋੜਾਂ ਰੁਪਏ ਦੇ ਕੰਮ ਨੂੰ ਨਕਾਰ ਦਿੱਤਾ ਗਿਆ ਹੈ ਜੋ ਕਿ ਜਾਣ ਬੁੱਝ ਕੇ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਉਹ ਪਿਛਲੇ ਤਕਰੀਬਨ ਦੋ ਦਹਾਕਿਆਂ ਦੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੇ ਹਨ ਅਤੇ ਜਿਹੜੇ ਕੰਮ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਕਰਨ ਦਾ ਵਾਅਦਾ ਕੀਤਾ ਸੀ,ਅੱਜ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਉਨ੍ਹਾਂ ਕੰਮਾਂ ਨੂੰ ਕਰਨ ਤੋਂ ਨਕਾਰ ਦਿੱਤਾ ਹੈ ਜਿਸ ਕਾਰਨ ਰੋਸ ਵਜੋਂ ਅਤੇ ਭਾਰੀ ਮਨ ਨਾਲ ਉਨ੍ਹਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈl ਹਾਲਾਂਕਿ ਉਹ ਕਾਂਗਰਸ ਪਾਰਟੀ ਵਿੱਚ ਹੀ ਰਹਿਣਗੇ ਪਰ ਕੌਂਸਲਰ ਦੇ ਅਹੁਦੇ ਤੋਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ l
ਜਿਹੜੀ ਚਿੱਠੀ ਸੁਖਦੇਵ ਸਿੰਘ ਚਾਹਲ ਵੱਲੋਂ ਅਸਤੀਫ਼ੇ ਦੇ ਤੌਰ ’ਤੇ ਨਵਜੋਤ ਸਿੰਘ ਸਿੱਧੂ ਨੂੰ ਭੇਜੀ ਗਈ ਹੈ, ਉਹ ਉਨ੍ਹਾਂ ਵੱਲੋਂ ਕਾਫੀ ਭਾਵੁਕ ਹੋ ਕੇ ਲਿਖੀ ਗਈ ਹੈ ਜਿਸ ਵਿਚ ਉਨ੍ਹਾਂ ਦੀ ਨਾਰਾਜ਼ਗੀ ਘੱਟ ਅਤੇ ਲਾਚਾਰੀ ਜ਼ਿਆਦਾ ਨਜ਼ਰ ਆ ਰਹੀ ਹੈ। ਜਿਸ ਵਿਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਮਨਦੀਪ ਸਿੰਘ ਵੱਲੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਹੈ ਕਿ ਵਿਕਾਸ ਦੇ ਕੰਮਾਂ ਲਈ ਨਹੀਂ ਬਲਕਿ ਨਵਜੋਤ ਸਿੰਘ ਸਿੱਧੂ ਦੇ ਡਰੀਮ ਪ੍ਰਾਜੈਕਟ, ਰਣਜੀਤ ਐਵਨਿਊ ਵਿਖੇ ਪਲੇਅ ਗਰਾਊਂਡ ਬਣਾਉਣ ਵਾਸਤੇ ਫੰਡ ਜਾਰੀ ਕੀਤੇ ਗਏ ਹਨ ਜਦ ਕਿ 33 ਲੱਖ ਦੇ ਕੰਮ ਵਾਰਡ ਨੰਬਰ 3 ਹਲਕਾ ਪੱਛਮੀ ਵਿਚ ਪਾਏ ਗਏ ਪਰ ਉਨ੍ਹਾਂ ਦੀ ਵਾਰਡ ਵਿੱਚ ਇੱਕ ਵੀ ਕੰਮ ਨਹੀਂ ਪਾਇਆ ਗਿਆ।
ਜ਼ਿਕਰਯੋਗ ਹੈ ਕਿ ਹਲਕਾ ਪੂਰਬੀ ਦੇ ਕੌਂਸਲਰ ਅਤੇ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀ ਦਮਨਦੀਪ ਸਿੰਘ ਜੋ ਕਿ ਇੰਪਰੂਵਮੈਂਟ ਟਰੱਸਟ ਦੇ ਮੌਜੂਦਾ ਚੇਅਰਮੈਨ ਹਨ,ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਬਣੇ ਚਰਨਜੀਤ ਸਿੰਘ ਚੰਨੀ ਦੀ ਅੰਮ੍ਰਿਤਸਰ ਦੀ ਪਹਿਲੀ ਫੇਰੀ ਵਿਚ ਹੀ ਉਸ ਸਮੇਂ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਹਟਾ ਕੇ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾ ਦਿੱਤਾ ਸੀ। ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਕਰੀਬੀਆਂ ਦਾ ਕਹਿਣਾ ਸੀ ਕਿ ਦਿਨੇਸ਼ ਬੱਸੀ ਵੱਲੋਂ ਉਨ੍ਹਾਂ ਦੇ ਹਲਕੇ ਦੇ ਨਾਲ ਪੱਖਪਾਤ ਕੀਤਾ ਗਿਆ ਹੈ ਅਤੇ ਹਲਕਾ ਪੂਰਬੀ ਜਿਸਦੇ ਨਵਜੋਤ ਸਿੰਘ ਸਿੱਧੂ ਮੌਜੂਦਾ ਵਿਧਾਇਕ ਹਨ ਉਸ ਨਾਲ ਉਸ ਦਾ ਵਿਕਾਸ ਨਹੀਂ ਕੀਤਾ ਗਿਆ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਹੀ ਇਕ ਹੋਰ ਕਰੀਬੀ ਸੁਖਦੇਵ ਸਿੰਘ ਚਾਹਲ ਅੱਜ ਉਨ੍ਹਾਂ ਵੱਲੋਂ ਹੀ ਥਾਪੇ ਗਏ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਉੱਤੇ ਉਹੀ ਇਲਜ਼ਾਮ ਲਗਾ ਰਹੇ ਹਨ ਜੋ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਤੋਂ ਪਹਿਲੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਦੇ ਲਗਾਏ ਗਏ ਸਨ।