ਸਬ ਡਵੀਜ਼ਨ ਭੁਲੱਥ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ
ਮਾਮਲਾ ਜੈਰਾਮਪੁਰ ਦੇ ਨੇੜੇ ਡੇਰੇ ਤੇ ਮਾਂ ਪੁੱਤਰ ਨੂੰ ਜਿਊਦਾ ਸਾੜ ਕੇ ਮਾਰਨ ਸਬੰਧੀ, ਇੱਕ ਦੋਸ਼ੀ ਗਿ੍ਫਤਾਰ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ , 4 ਦਸੰਬਰ2021- ਹਰਕਮਲਪ੍ਰੀਤ ਸਿੰਘ ਖੱਖ ਐਸ ਐਸ ਪੀ ਕਪੂਰਥਲਾ ਨੇ ਦੱਸਿਆ ਕਿ 14/ 15 ਮਾਰਚ 2021 ਨੂੰ ਪਿੰਡ ਜੈਰਾਮਪੁਰ ਥਾਣਾ ਸੁਭਾਨਪੁਰ ਦੇ ਬਾਹਰ-2 ਡੇਰੇ ਤੇ ਇਕ ਘਰ ਵਿੱਚ ਹਰਭਜਨ ਕੌਰ ਪਤਨੀ ਪੂਰਨ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀਆਨ ਭਗਵਾਨਪੁਰ ਥਾਣਾ ਭੁਲੱਥ ਜਿਲਾ ਕਪੂਰਥਲਾ ਘਰ ਵਿੱਚ ਅੱਗ ਲੱਗਣ ਕਰਕੇ ਸ਼ੱਕੀ ਹਾਲਤ ਵਿੱਚ ਸੜ ਗਏ ਸਨ। ਇਸ ਸਬੰਧੀ ਥਾਣਾ ਸੁਭਾਨਪੁਰ ਪੁਲਿਸ ਨੇ ਇਹਨਾਂ ਲਾਸ਼ਾਂ ਸਬੰਧੀ ਕਾਰਵਾਈ 174 ਤਹਿਤ ਕਾਰਵਾਈ ਕਰਕੇ ਦੋਹਾਂ ਲਾਸ਼ਾਂ ਦਾ ਪੋਸਟਮਾਰਟਮ ਕਰਾਇਆ ਸੀ। 2 ਦਸੰਬਰ ਨੂੰ ਗੁਰਜੀਤ ਕੌਰ ਪਤਨੀ ਗੁਰਦੀਪ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਜੱਲੂਪੁਰ ਖੇੜਾ ਥਾਣਾ ਖਲਚੀਆ ਜਿਲਾ ਅੰਮ੍ਰਿਤਸਰ ਨੇ ਸੁਰਜੀਤ ਸਿੰਘ ਮੁੱਖ ਅਫਸਰ ਥਾਣਾ ਸੁਭਾਨਪੁਰ ਪਾਸ ਆਪਣਾ ਬਿਆਨ ਲਿਖਾਇਆ ਸੀ ਕਿ ਉਸਦੀ ਮਾਤਾ ਹਰਭਜਨ ਕੌਰ ਅਤੇ ਭਰਾ ਹਰਵਿੰਦਰ ਸਿੰਘ ਦਾ ਕਤਲ ਹੋਇਆ ਹੈ। ਜਿਸ ਤੇ ਮੁਕੱਦਮਾ ਨੰਬਰ 197 ਮਿਤੀ 2.12.2021 ਅਧ 302,120- ਬੀ, 34 ਭ ਦ ਥਾਣਾ ਸੁਭਾਨਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ਡੀ.ਐਸ.ਪੀ. ਅਮਰੀਕ ਸਿੰਘ ਚਾਹਲ ਸਬ ਡਵੀਜਨ ਭੁਲੱਥ ਨੇ ਇਸ ਮੁਕੱਦਮਾ ਦੀ ਤਫਤੀਸ਼ ਲਈ ਆਪਣੀ ਨਿਗਰਾਨੀ ਹੇਠ ਸਰਕਲ ਇੰਸਪੈਕਟਰ ਹਰਮੇਲ ਸਿੰਘ, ਐਸ.ਆਈ. ਸੁਰਜੀਤ ਸਿੰਘ ਮੁੱਖ ਅਫਸਰ ਥਾਣਾ ਸੁਭਾਨਪੁਰ ਅਤੇ ਐਸ.ਆਈ. ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਢਿੱਲਵਾਂ ਟੀਮ ਬਣਾ ਕੇ ਤਫਤੀਸ਼ ਕਰਾਈ। ਦੌਰਾਨੇ ਤਫਤੀਸ਼ ਇਸ ਮੁਕੱਦਮਾ ਦੇ ਤੱਥ ਸਾਹਮਣੇ ਆਏ ਕਿ ਹਰਭਜਨ ਕੌਰ ਅਤੇ ਉਸਦੇ ਲੜਕੇ ਹਰਵਿੰਦਰ ਸਿੰਘ ਦਾ ਘਰੇਲੂ ਕਲੇਸ਼ ਆਪਣੀ ਨੂੰਹ ਸੁਰਿੰਦਰ ਕੌਰ ਪਤਨੀ ਹਰਵਿੰਦਰ ਸਿੰਘ ਅਤੇ ਪੋਤਰੇ ਨਵਰੂਪ ਸਿੰਘ ਅਤੇ ਚੰਨਵੀਰ ਸਿੰਘ ਪੁੱਤਰਾਨ ਹਰਵਿੰਦਰ ਸਿੰਘ ਵਾਸੀਆਨ ਭਗਵਾਨਪੁਰ ਥਾਣਾ ਭੁਲੱਥ ਨਾਲ ਚੱਲਦਾ ਸੀ ।
ਜਿਸ ਕਰਕੇ ਹਰਭਜਨ ਕੌਰ ਆਪਣੇ ਲੜਕੇ ਹਰਵਿੰਦਰ ਸਿੰਘ ਸਮੇਤ ਆਪਣੇ ਪੇਕੇ ਘਰ ਪਿੰਡ ਜੈਰਾਮਪੁਰ ਵਿਖੇ ਰਹਿੰਦੀ ਸੀ ਅਤੇ ਫਰਵਰੀ 2021 ਵਿੱਚ 04 ਕਿਲੇ ਜਮੀਨ ਠੇਕੇ ਤੇ ਆਪਣੇ ਪੋਤਰਿਆਂ ਨੂੰ ਨਾ ਦੇਣ ਅਤੇ ਘਰ ਵਿੱਚ ਰੱਖੇ ਪਸ਼ੂਆਂ ਨੂੰ ਜੈਰਾਮਪੁਰ ਲੈ ਜਾਣ ਦਾ ਕਹਿਣ ਤੇ ਨਵਰੂਪ ਸਿੰਘ ਨੇ ਆਪਣੀ ਦਾਦੀ ਹਰਭਜਨ ਕੌਰ ਦੇ ਚਪੇੜਾਂ ਮਾਰ ਦਿੱਤੀਆਂ ਜਿਸ ਤੋਂ ਇਹ ਮਾਮਲਾ ਪੰਚਾਇਤ ਵਿੱਚ ਜਾਣ ਤੇ ਨਵਰੂਪ ਸਿੰਘ ਨੇ ਆਪਣੀ ਦਾਦੀ ਹਰਭਜਨ ਕੌਰ ਕੋਲੋਂ ਮੁਆਫੀ ਮੰਗੀ ਅਤੇ ਹਰਭਜਨ ਕੌਰ ਨੇ ਨਵਰੂਪ ਸਿੰਘ ਦੇ ਜੁੱਤੀਆਂ ਮਾਰੀਆਂ ਸੀ ਤਾਂ ਨਵਰੂਪ ਸਿੰਘ ਨੇ ਜੁੱਤੀਆਂ ਮਾਰਨ ਦੀ ਘਟਨਾ ਦਿਲ ਵਿੱਚ ਰੱਖ ਕੇ ਰੰਜਿਸ਼ ਰੱਖੀ ਅਤੇ ਆਪਣੀ ਬੇਇਜਤੀ ਮਹਿਸੂਸ ਕੀਤੀ। ਜਿਸ ਨੇ ਇਸ ਰੰਜਿਸ਼ ਵਿੱਚ ਅਤੇ ਘਰ ਦੀ ਤੰਗੀ ਕਾਰਨ ਆਪਣੇ ਜਿਗਰੀ ਦੋਸਤ ਹਰਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਭਗਵਾਨਪੁਰ ਨਾਲ ਮਿਲ ਕੇ ਅਤੇ ਹੋਰ 02 ਸਾਥੀਆਂ ਨਾਲ ਮਿਲ ਕੇ , ਸਲਾਹ ਕਰਕੇ ਮਿਤੀ 14/15/03.2021 ਦੀ ਦਰਮਿਆਨੀ ਰਾਤ ਨੂੰ ਪਿੰਡ ਜੈਰਾਮਪੁਰ ਡੇਰਿਆਂ ਤੇ ਜਾ ਕੇ ਆਪਣੀ ਦਾਦੀ ਹਰਭਜਨ ਕੌਰ ਅਤੇ ਪਿਤਾ ਹਰਵਿੰਦਰ ਸਿੰਘ ਨੂੰ ਵੱਢ ਕੇ ਕਤਲ ਕੀਤਾ ਅਤੇ ਇਹਨਾਂ ਲਾਸ਼ਾਂ ਲਾਗੇ ਗੈਸ ਦਾ ਭਰਿਆ ਸਿਲੰਡਰ ਰੱਖ ਕੇ ਟਰੈਕਟਰ ਵਿੱਚੋਂ ਤੇਲ ਕੱਢ ਕੇ ਲਾਸ਼ਾਂ ਅਤੇ ਕਮਰੇ ਵਿੱਚ ਛਿੜਕਾਅ ਕੇ ਅੱਗ ਲਗਾ ਦਿੱਤੀ ਤਾਂ ਜੋ ਸਿਲੰਡਰ ਫਟ ਕੇ ਇਹ ਘਟਨਾ ਕੁਦਰਤੀ ਹੋਈ ਜਾਪੇ। ਇਸ ਮੁਕੱਦਮਾ ਦੀ ਤਫਤੀਸ਼ ਤੇ ਹਰਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸਦੀ ਪੁੱਛ - ਗਿੱਛ ਤੇ ਮੁਕੱਦਮਾ ਵਿੱਚ ਉਕਤ ਆਏ ਹਾਲਾਤ ਸਹੀ ਪਾਏ ਗਏ।ਮੁਕੱਦਮਾ ਵਿੱਚ ਦੋਸ਼ੀ ਪਾਸੋਂ ਪੁੱਛ - ਗਿੱਛ ਜਾਰੀ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ।ਇਸ ਮੁਕੱਦਮਾ ਵਿੱਚ ਵਰਤੇ ਗਏ ਹਥਿਆਰਾਂ ਅਤੇ ਵਹੀਕਲਾਂ ਨੂੰ ਬਰਾਮਦ ਕੀਤਾ ਜਾਵੇਗਾ ।