ਦਿੱਲੀ ਨਾਗਪੁਰ ਵਾਲੇ ਨਕਲੀ ਪੰਜਾਬ ਮਾਡਲ ਪੇਸ਼ ਕਰਕੇ ਪੰਜਾਬ ਨਾਲ ਠੱਗੀ ਮਾਰਨਾ ਚਾਹੁੰਦੈ – ਖਾਲੜਾ ਮਿਸ਼ਨ
ਕਾਂਗਰਸ ,ਭਾਜਪਾ,ਕੇਜਰੀਵਾਲ, ਬਾਦਲਕੇ ਪੰਜਾਬ ਵਿੱਚੋਂ ਸਿੱਖੀ ਨੂੰ ਮਨਫੀ ਕਰਨਾ ਚਾਹੁੰਦੈ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ , 04 ਦਸੰਬਰ 2021- ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਮੰਨੂਵਾਦੀ ਧਿਰਾਂ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਹੁਣ ਜਦੋਂ ਦਿੱਲੀ ਨਾਗਪੁਰ ਮਾਡਲ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ ਤਾਂ ਕਾਂਗਰਸ ਭਾਜਪਾ, ਬਾਦਲਕੇ, ਕੇਜਰੀਵਾਲ ਨਕਲੀ ਪੰਜਾਬ ਮਾਡਲ ਰਾਂਹੀ ਪੰਜਾਬ ਨਾਲ ਰਾਜਨੀਤਿਕ ਠੱਗੀ ਮਾਰਨਾ ਚਾਹੁੰਦੇ ਹਨ।
ਵਿਰਸਾ ਸਿੰਘ ਬਹਿਲਾ, ਪ੍ਰਵੀਨ ਕੁਮਾਰ ਤੇ ਬਾਬਾ ਦਰਸ਼ਨ ਸਿੰਘ ਨੇ ਜਾਰੀ ਬਿਆਨ ਵਿਚ ਕਿਹਾ ਕਿ ਕਿਹਾ ਕਿ ਗੁਰਾਂ ਦਾ ਪੰਜਾਬ ਦਿੱਲੀ ਨਾਗਪੁਰ ਵਾਲਿਆਂ ਦੀ ਅਸਲੀਅਤ ਪਛਾਣ ਚੁੱਕਾ ਹੈ ਕਿਵੇਂ ਇੰਨ੍ਹਾਂ ਧਿਰਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਫੌਜਾ ਚਾੜ ਕੇ ਹਜਾਰਾ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ, ਕਿਵੇਂ ਇਨ੍ਹਾਂ ਪੰਜਾਬ ਦੀ ਧਰਤੀ ਤੇ ਹਜਾਰਾ ਨਿਰਦੋਸ਼ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ। ਇਹ ਵੀ ਜਾਣਦਾ ਹੈ ਕਿ ਕਿਵੇਂ ਇਨ੍ਹਾਂ ਨਸ਼ਿਆਂ ਰਾਂਹੀ ਪੰਜਾਬ ਦੀਆਂ ਕਈ ਪੀੜੀਆਂ ਬਰਬਾਦ ਕੀਤੀਆਂ, ਕਿਵੇਂ ਇਨ੍ਹਾਂ ਧਿਰਾਂ ਨੇ ਜਾਇਦਾਦਾਂ ਦੇ ਅੰਬਾਰ ਲਾ ਕੇ ਆਪ ਮਾਲਾ ਮਾਲ ਹੋਏ ਅਤੇ ਪੰਜਾਬ ਨੂੰ ਕੰਗਾਲ ਕੀਤਾ। ਗੁਰਾਂ ਦਾ ਪੰਜਾਬ ਜਾਣ ਚੁੱਕਾ ਹੈ ਕਿ ਕਿਵੇਂ ਇਨ੍ਹਾਂ ਧਿਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਕੇ ਦੋਸ਼ੀਆਂ ਨੂੰ ਕਲੀਨ ਚਿੱਟਾਂ ਦਵਾਈਆਂ। ਗੁਰਾਂ ਦਾ ਪੰਜਾਬ ਜਾਣਦਾ ਹੈ ਕਿ ਕਾਂਗਰਸ ਪਾਰਟੀ ਅੱਜ ਵੀ ਇੰਦਰਾ ਅਤੇ ਰਾਜੀਵ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੀ ਹੈ।
ਇੰਨ੍ਹਾਂ ਦਾ ਪੰਜਾਬ ਮਾਡਲ ਸਿੱਧੂ ਮੂਸੇਵਾਲਾ ਦੀ ਕਾਂਗਰਸ ਵਿੱਚ ਸ਼ਮੂਲੀਅਤ ਨਾਲ ਨੰਗਾ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ ਅਤੇ ਲੋਕਾਂ ਨੇ ਇਨ੍ਹਾਂ ਦਾ ਪੰਜਾਬ ਮਾਡਲ ਪਹਿਲਾਂ ਵੀ ਵੇਖਿਆ ਜਦੋਂ ਝੂਠੇ ਮੁਕਾਬਲਿਆਂ ਵਿੱਚ ਜਵਾਨੀ ਦਾ ਕਤਲ ਕਰਕੇ ਭੰਗੜੇ ਪਾਏ ਗਏ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸ਼ਹੀਦ ਕਿਸਾਨਾਂ ਦੀ ਲਿਸ਼ਟ ਜਾਰੀ ਕਰਦਾ ਹੈ ਪਰ ਉਹ ਇਹ ਨਹੀਂ ਦੱਸਦਾ ਕਿ ਲੱਖਾਂ ਕਿਸਾਨਾਂ-ਗਰੀਬਾਂ ਦੀਆਂ ਖੁਦਕੁਸ਼ੀਆਂ ਲਈ ਕਾਂਗਰਸ ਪਾਰਟੀ ਜਿੰਮੇਵਾਰ ਹੈ ਜਿਸਨੇ ਸਧਾਰਾ ਦੇ ਨਾਮ ਹੇਠ ਕਾਰਪੋਰੇਟ ਘਰਾਣਿਆਂ ਨੂੰ ਮਾਲੋ-ਮਾਲ ਕੀਤਾ। ਅੱਜ ਵੀ ਮੋਦੀ ਸਰਕਾਰ ਉਹ ਕਰ ਰਹੀ ਹੈ ਜੋ ਕਾਂਗਰਸ ਨੇ ਕੀਤਾ ਸੀ। ਰਾਹੁਲ ਨੂੰ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਚੜਾਈ ਸਮੇਂ ਅਤੇ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਹੋਣ ਵਾਲਿਆਂ ਦੀ ਲਿਸ਼ਟ ਜਾਰੀ ਕਰਨੀ ਚਾਹੀਦੀ ਸੀ।
ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੂੰ ਸੰਸਕ੍ਰਿਤ ਲਾਗੂ ਕਰਨ ਦਾ ਚੇਤਾ ਆ ਗਿਆ ਪਰ ਗੁਰਬਾਣੀ ਦੀ ਪੜਾਈ ਪਹਿਲੀ ਜਮਾਤ ਤੋਂ ਸ਼ੁਰੂ ਕਰਨ ਦਾ ਚੇਤਾ ਨਹੀਂ ਆਇਆ। ਕਾਂਗਰਸੀਏ ਦਾਅਵੇ ਗੁਰੂ ਸਾਹਿਬਾਨਾਂ ਦੀ ਸੇਂਧ ਤੇ ਚੱਲਣ ਦੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਜਣ ਠੱਗਾਂ ਅਤੇ ਬਨਾਰਸੀ ਠੱਗਾਂ ਨੇ ਪੰਜਾਬ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ ਪਰ ਪੰਜਾਬ ਦੀ ਬੇੜੇ ਕਰਤਾਰਪੁਰ ਸਾਹਿਬ ਮਾਡਲ ਨੇ ਪਾਰ ਕਰਨੇ ਹਨ। ਉੇਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਤਿਰੰਗਾ ਯਾਤਰਾ, ਪੰਜਾਬ ਦੀਆਂ ਧੀਆਂ-ਭੈਣਾਂ ਦੇ ਖਾਤਿਆਂ ਵਿੱਚ 1000-1000 ਰੁਪਏ ਪਾਉਣ ਦੀਆਂ ਗੱਲਾਂ ਪੰਜਾਬ ਨੂੰ ਬੇਪੱਤ ਕਰਕੇ ਸਿੱਖੀ ਨੂੰ ਮਨਫੀ ਕਰਨ ਦੀਆਂ ਹਨ। ਖਾਲੜਾ ਮਿਸ਼ਨ ਨੇ ਕਿਹਾ ਕਿ ਜੀਜਿਆ-ਸਾਲਿਆਂ, ਚਾਚਿਆਂ-ਭਤੀਜਿਆਂ ਵੱਲੋਂ ਪੰਜਾਬ ਦੀ ਲੁੱਟ ਕਰਨ ਤੋਂ ਬਾਅਦ ਕੇਜਰੀਵਾਲ ਨਕਲੀ ਭਰਾ ਬਣਕੇ ਰਾਜਨੀਤਿਕ ਠੱਗੀ ਮਾਰਨਾ ਚਾਹੁੰਦਾ ਹੈ। ਉਨ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਮੰਨੂਵਾਦੀਆਂ ਵਿੱਚ ਭੋਰਾ ਵੀ ਇਨਸਾਨੀਅਤ ਨਹੀਂ ਹੈ ਅਤੇ ਲਗਤਾਰ ਗੈਰ-ਕਾਨੂੰਨੀ ਤੌਰ ਤੇ ਸਿੱਖਾ ਨੂੰ ਜੇਲ੍ਹਾਂ ਵਿੱਚ ਰੋਲ ਕੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢ ਰਹੇ ਹਨ।