ਪੂਰਨ ਆਜ਼ਾਦੀ ਹਰ ਥਾਂ ਜਾਂ ਮੌਕਿਆਂ 'ਤੇ ਮਿਲੇ ਜ਼ਰੂਰੀ ਨਹੀਂ, ਕੁਝ ਹੱਦਾਂ ਹਮੇਸ਼ਾ ਹੁੰਦੀਆਂ ਹਨ: ਸੀਨੀਅਰ ਪੱਤਰਕਾਰ ਬਲਜੀਤ ਬੱਲੀ
- ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਵਿਭਾਗ 'ਚ ਹੋਇਆ ਆਦਾਨ-ਪ੍ਰਦਾਨ
- ਵਿਦਿਆਰਥੀਆਂ ਨੂੰ ਕੱਲ੍ਹ, ਅੱਜ ਅਤੇ ਕੱਲ੍ਹ ਦੀ ਨੈਤਿਕ ਪੱਤਰਕਾਰੀ ਤੇ ਡਿਜਿਟਲ ਪੱਤਰਕਾਰੀ ਬਾਰੇ ਜਾਣਕਾਰੀ ਦਿੱਤੀ ਗਈ
ਜਲੰਧਰ/ਕਪੂਰਥਲਾ:, 4 ਨਵੰਬਰ 2021 - "ਸੰਪੂਰਨ ਆਜ਼ਾਦੀ ਹਰ ਜਗ੍ਹਾ ਨਹੀਂ ਮਿਲਦੀ, ਹਰ ਮੌਕੇ 'ਤੇ ਵੀ ਨਹੀਂ, ਹਮੇਸ਼ਾ ਕੁਝ ਸੀਮਾਵਾਂ ਹੁੰਦੀਆਂ ਹਨ। ਅਕਸਰ ਇੱਕ ਪੱਤਰਕਾਰ ਨੂੰ ਵੀ ਸੀਮਾ ਦੇ ਅੰਦਰ ਰਹਿ ਕੇ ਆਪਣਾ ਜਿੰਮੇਵਾਰੀ ਨਿਭਾਉਣੀ ਤੇ ਕੰਮ ਕਰਨਾ ਪੈਂਦਾ ਹੈ!
ਪੱਤਰਕਾਰ ਬਣਨਾ ਜਾਂ ਬਣਾਉਣ ਤੋਂ ਵੀ ਜਿਆਦਾ ਜਰੂਰੀ ਹੈ ਅੱਜ ਇਕ ਕਦਰਾਂ-ਕੀਮਤਾਂ (ਨੈਤਿਕਤਾ) ਵਾਲਾ ਪੱਤਰਕਾਰ ਬਣਾਉਣਾ ਜਾਂ ਬਣਨਾ! ਨੈਤਿਕਤਾ ਦੇ ਦਾਇਰੇ ਵਿੱਚ ਰਹਿ ਕੇ ਇੱਕ ਸਹੀ ਪੱਤਰਕਾਰ ਬਣਨਾ ਹੀ ਤੁਹਾਡਾ ਉਦੇਸ਼ ਹੋਣਾ ਚਾਹੀਂਦਾ ਹੈ! ਪਰ ਮੌਜੂਦਾ ਬਜ਼ਾਰਮੁਖੀ ਤੇ ਮੁਨਾਫਾਮੁਖੀ ਵਪਾਰਕ ਗਲੋਬਲ ਸਿਸਟਮ ਵਿੱਚ ਮੀਡੀਆ ਦੀਆਂ ਸੀਮਤਾਈਆਂ ਵਧ ਗਈਆਂ ਹਨ ਜਿਸ ਨੇ ਮੀਡੀਆ ਦੀ ਭਰੋਸੇਯੋਗਤਾ ਤੇ ਵੀ ਸਵਾਲ ਖੜ੍ਹੇ ਕੀਤੇ ਹਨ ।
ਇਹ ਵਿਚਾਰ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਦੇ ਹਨ।
ਉਹ ਸ਼ੁੱਕਰਵਾਰ ਨੂੰ ਕੱਲ੍ਹ, ਅੱਜ ਅਤੇ ਆਉਣ ਵਾਲੇ ਕੱਲ੍ਹ ਦੀ ਨੈਤਿਕ ਪੱਤਰਕਾਰੀ ਤੇ ਡਿਜਿਟਲ ਪੱਤਰਕਾਰੀ ਵਿਸ਼ੇ ‘ਤੇ ਲੈਕਚਰ ਦੇਣ ਲਈ ਮਾਹਿਰ ਵਜੋਂ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਇਕ ਸੱਦੇ ਤੇ ਪਹੁੰਚੇ ਸਨ। ਇਹ ਮਾਹਿਰ ਲੈਕਚਰ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਕਰਵਾਇਆ ਗਿਆ! ਉਨ੍ਹਾਂ ਨੇ 8 ਵੇਂ ਦਹਾਕੇ ਦੇ ਪੰਜਾਬੀ ਪੱਤਰਕਾਰੀ ਦੇ ਦੌਰ ਤੋਂ ਲੈਕੇ ਅਜੋਕੀ ਡਿਜਿਟਲ ਟਕਨੋਲੋਜੀ ਲੈਸ ਪੱਤਰਕਾਰੀ ਦੇ ਲੰਮੇ ਸਫ਼ਰ ਨੂੰ ਆਪਣੇ ਨਿੱਜੀ ਤਜਰਬੇ ਨਾਲ ਜੋੜ ਕੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ .
ਸੀਨੀਅਰ ਪੱਤਰਕਾਰ ਬੱਲੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਪੱਤਰਕਾਰੀ ਵਿਚ "ਤਿਰਛੀ ਨਜ਼ਰ" ਕਾਲਮ ਰਾਹੀਂ ਮਕਬੂਲ ਰਹੇ ਹਨ! ਪੰਜਾਬੀ ਪੱਤਰਕਾਰੀ ਵਿੱਚ ਵੀ ਉਹਨਾਂ ਦਾ ਨਾਮ ਹਮੇਸ਼ਾਂ ਜਿੰਮੇਵਾਰ ਪਤਰਕਾਰ ਦੇ ਤੌਰ ਤੇ ਸਿਖ਼ਰ ਤੇ ਰਿਹਾ ਹੈ! ਉਹਨਾਂ ਨੂੰ ਅੱਜ ਵੀ ਨੈਤਿਕ ਪੱਤਰਕਾਰੀ ਦੀ ਮਿਸਾਲ ਕਿਹਾ ਜਾਂਦਾ ਹੈ! ਉਨ੍ਹਾਂ ਨੇ ਵਿਭਾਗ ਦੇ ਵਿਦਿਆਰਥੀਆਂ ਨੂੰ ਮੀਡੀਆ ਵਿੱਚ ਨੈਤਿਕਤਾ ਅਤੇ ਭਰੋਸੇਯੋਗਤਾ ਦੀ ਮਹੱਤਤਾ 'ਤੇ ਮਹੱਤਵਪੂਰਨ ਪਹਿਲੂਆਂ ਤੋਂ ਜਾਣੂ ਕਰਵਾਇਆ।
ਉਹਨਾਂ ਅੱਗੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ ਅਤੇ ਡਿਜੀਟਲ ਮੀਡੀਆ ਦੀ ਵਰਤਮਾਨ ਵਿਚ ਜਰੂਰਤ ਦੇ ਨਾਲ-ਨਾਲ ਕੱਲ੍ਹ ਅਤੇ ਅੱਜ ਦੀ ਪ੍ਰਿੰਟ ਮੀਡਿਆ ਦੀ ਭੂਮਿਕਾ ਬਾਰੇ ਵੀ ਗੱਲ ਕੀਤੀ! ਸੀਨੀਅਰ ਪੱਤਰਕਾਰ ਬੱਲੀ ਵਰਤਮਾਨ ਵਿੱਚ ਬਾਬੂਸ਼ਾਹੀ ਡਾਟ ਕਾਮ ਨਾਮ ਦੇ ਡਿਜਿਟਲ ਮੀਡਿਆ ਪਲੇਟਫਾਰਮ ਦੇ ਮੁੱਖ ਸੰਪਾਦਕ ਵਜੋਂ ਕੰਮ ਕਰ ਰਹੇ ਹਨ! ਉਹ ਤਿਰਛੀ ਨਜ਼ਰ ਡਿਜੀਟਲ ਮੀਡੀਆ ਸਮੂਹ ਨੂੰ ਸੰਭਾਲ ਰਹੇ ਹਨ! ਉਹਨਾਂ ਵਿਦਿਆਰਥੀਆਂ ਨੂੰ ਇਸ ਔਨਲਾਈਨ ਪੋਰਟਲ 'ਤੇ ਗੈਸਟ ਰਿਪੋਰਟਰ ਵਜੋਂ ਕੰਮ ਕਰਨ ਦੀ ਪੇਸ਼ਕਸ਼ ਵੀ ਕੀਤੀ! ਉਨ੍ਹਾਂ ਵਿਦਿਆਰਥੀਆਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ!
ਯੂਨੀਵਰਸਿਟੀ ਦੇ ਰਜਿਸਟਰਾਰ ਆਈ.ਏ.ਐਸ ਜਸਪ੍ਰੀਤ ਸਿੰਘ ਅਤੇ ਪੱਤਰਕਾਰੀ ਵਿਭਾਗ ਦੇ ਮੁਖੀ ਪ੍ਰੋ (ਡਾ.) ਰਣਬੀਰ ਸਿੰਘ ਨੇ ਉਨ੍ਹਾਂ ਦਾ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ। ਡਿਪਟੀ ਰਜਿਸਟਰਾਰ ਲੋਕ ਸੰਪਰਕ ਰਜਨੀਸ਼ ਸ਼ਰਮਾ ਨੇ ਮੰਚ ਸੰਚਾਲਨ ਕਰਦਿਆਂ ਪੱਤਰਕਾਰ ਬਲਜੀਤ ਬੱਲੀ ਦੀ ਪ੍ਰੋਫ਼ਾਈਲ ਪੜ੍ਹੀ! ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਏਕਤਾ ਮਹਾਜਨ ਨੇ ਇਸ ਮੌਕੇ ਵਿਭਾਗ ਦੀ ਜਾਣਕਾਰੀ ਸਾਂਝੀ ਕੀਤੀ! ਡਾ: ਏਕਤਾ ਮਹਾਜਨ ਨੇ ਦੱਸਿਆ ਕਿ ਵਿਭਾਗ ਦੀ ਸ਼ੁਰੂਆਤ ਪੀ.ਐਚ.ਡੀ., ਐਮ.ਏ ਅਤੇ ਐਮ.ਫਿਲ ਕੋਰਸਾਂ ਨਾਲ ਹੋਈ ਸੀ ਅਤੇ 2019 ਵਿੱਚ ਤਿੰਨ ਸਾਲਾਂ ਦਾ ਰੈਗੂਲਰ ਬੀ.ਏ ਡਿਗਰੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ! ਮੌਜੂਦਾ ਸੈਸ਼ਨ ਵਿੱਚ ਵਿਭਾਗ ਦੇ ਸਾਰੇ ਕੋਰਸਾਂ ਵਿੱਚ 100 ਫੀਸਦੀ ਦਾਖਲੇ ਹਨ।
ਅੰਤ ਵਿੱਚ ਵਿਭਾਗ ਮੁਖੀ ਡਾ. ਰਣਬੀਰ ਸਿੰਘ ਨੇ ਧੰਨਵਾਦ ਦਾ ਮਤਾ ਪੜ੍ਹਿਆ! ਵਿਭਾਗ ਦੀ ਗੈਸਟ ਫੈਕਲਟੀ ਮੰਗਲਾ ਸਾਹਨੀ ਅਤੇ ਸ਼ਿਵ ਏ ਰਾਜਾ ਨੇ ਸਾਰੇ ਵਿਦਿਆਰਥੀਆਂ ਅਤੇ ਬੱਲੀ ਵਿਚਕਾਰ ਲੈਕਚਰ ਦੌਰਾਨ ਇੱਕ ਸ਼ਾਨਦਾਰ ਸਵਾਲ-ਜਵਾਬ ਦੌਰ ਦਾ ਪ੍ਰਬੰਧ ਵੀ ਕੀਤਾ! ਅੰਤ ਵਿੱਚ ਬਲਜੀਤ ਬੱਲੀ ਨੇ ਵਿਦਿਆਰਥੀਆਂ ਨੂੰ ਇਹ ਵੀ ਪੇਸ਼ਕਸ਼ ਕੀਤੀ ਕਿ ਓਹ ਬਾਬੂਸ਼ਾਹੀ ਨੈਟਵਰਕ ਲਈ ਗੈਸਟ ਰਿਪਰੋਟਰ ਦੇ ਤੌਰ ਤੇ ਕੰਮ ਕਰ ਸਕਦੇ ਹਨ ਅਤੇ ਆਪਣੇ ਕੋਰਸ ਦੇ ਪ੍ਰੈਕਟਿਕਲ ਵਜੋਂ ਇਸ ਪਲੇਟਫਾਰਮ ਦਾ ਲਾਹਾ ਲਈ ਸਕਦੇ ਹਨ .