ਐਚ ਐਫ ਡੀ ਸੀ ਬੈਂਕ 'ਚ 50 ਲੱਖ ਦੀ ਲੁੱਟ, ਹਾਈ ਅਲਰਟ ਦੇ ਬਾਵਜੂਦ ਲੁਟੇਰੇ ਨਕਦੀ ਲੁੱਟ ਕੇ ਫਰਾਰ
ਦੀਪਕ ਗਰਗ
ਤਰਨਤਾਰਨ, 5 ਦਸੰਬਰ 2021: ਵਿਸਫੋਟਕ ਸਮੱਗਰੀ ਅਤੇ ਅੱਤਵਾਦੀਆਂ ਦੀ ਗ੍ਰਿਫਤਾਰੀ ਕਾਰਨ ਹਾਈ ਅਲਰਟ 'ਤੇ ਰਹੇ ਪੰਜਾਬ 'ਚ ਸ਼ਨੀਵਾਰ ਨੂੰ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਤਰਨਤਾਰਨ ਦੇ ਜੰਡਿਆਲਾ ਰੋਡ 'ਤੇ ਸਥਿਤ ਐਚਐਫਡੀਐਸ ਬੈਂਕ 'ਚ ਦਾਖਲ ਹੋਏ ਦੋ ਲੁਟੇਰੇ ਡੇਢ ਮਿੰਟ 'ਚ ਹੀ 50 ਲੱਖ ਦੀ ਨਕਦੀ ਲੁੱਟ ਕੇ ਬਾਈਕ 'ਤੇ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਈ ਅਲਰਟ ਕਾਰਨ ਸ਼ਹਿਰ ਵਿੱਚ ਕੀਤੀ ਗਈ ਨਾਕਾਬੰਦੀ ਵੀ ਪੁਲੀਸ ਦੇ ਕੰਮ ਨਹੀਂ ਆਈ।
ਐਚ ਡੀ ਐਫ ਸੀ ਬੈਂਕ ਵਿੱਚ ਦੁਪਹਿਰ ਵੇਲੇ ਗਾਹਕਾਂ ਦੀ ਭਾਰੀ ਭੀੜ ਸੀ। ਬਾਈਕ 'ਤੇ ਆਏ ਦੋ ਲੁਟੇਰਿਆਂ ਨੇ ਬੈਂਕ 'ਚ ਦਾਖਲ ਹੁੰਦੇ ਹੀ ਪਿਸਤੌਲ ਕੱਢ ਲਿਆ। ਇੱਕ ਨੇ ਪੁਲਿਸ ਕਾਂਸਟੇਬਲ ਦੀ ਵਰਦੀ ਵਾਲੀ ਕਮੀਜ਼ ਪਾਈ ਹੋਈ ਸੀ ਜਦਕਿ ਦੂਜੇ ਲੁਟੇਰੇ ਨੇ ਖਾਕੀ ਪੱਗ ਪਾਈ ਹੋਈ ਸੀ। ਸਿਰਫ਼ ਡੇਢ ਮਿੰਟ 'ਚ ਹੀ ਉਸ ਨੇ ਬੈਂਕ ਦੇ ਸਟਾਫ਼ ਅਤੇ ਗਾਹਕਾਂ ਨੂੰ ਬੰਦੂਕ ਦੀ ਨੋਕ 'ਤੇ ਲੈ ਕੇ 50 ਲੱਖ ਦੀ ਰਕਮ ਇਕੱਠੀ ਕਰਕੇ ਬੈਗ 'ਚ ਪਾ ਦਿੱਤੀ ਅਤੇ ਬਾਈਕ 'ਤੇ ਫ਼ਰਾਰ ਹੋ ਗਿਆ |
ਦੱਸ ਦੇਈਏ ਕਿ ਬੈਂਕ ਵਿੱਚ ਇੱਕ ਗਾਰਡ ਸੁਰੱਖਿਆ ਵਜੋਂ ਤਾਇਨਾਤ ਸੀ ਪਰ ਉਸ ਕੋਲ ਕੋਈ ਹਥਿਆਰ ਨਹੀਂ ਸੀ। ਬੈਂਕ ਦੇ ਮੈਨੇਜਰ ਕੋਲ ਰਿਵਾਲਵਰ ਸੀ। ਦੱਸਿਆ ਜਾਂਦਾ ਹੈ ਕਿ ਇਹ ਰਿਵਾਲਵਰ ਮੈਨੇਜਰ ਨੇ ਆਪਣੀ ਕਾਰ ਵਿੱਚ ਰੱਖਿਆ ਹੋਇਆ ਸੀ। ਲੁੱਟ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਥਾਣਾ ਸਿਟੀ ਦੀ ਵਧੀਕ ਇੰਚਾਰਜ ਬਲਜੀਤ ਕੌਰ ਨੇ ਪਹਿਲਾਂ ਮੌਕੇ ’ਤੇ ਪਹੁੰਚ ਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲੀਸ ਨੇ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਗਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਲੁਟੇਰੇ ਜੰਡਿਆਲਾ ਰੋਡ ਰੇਲਵੇ ਫਾਟਕ ਨੇੜੇ ਭੀੜੀ ਗਲੀ 'ਚ ਦਾਖਲ ਹੋ ਗਏ। ਮੌਕੇ ’ਤੇ ਪੁੱਜੀ ਪੁਲੀਸ ਨੇ ਬੈਂਕ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਪਹਿਲਾਂ ਬੈਂਕ ਦੇ ਆਲੇ-ਦੁਆਲੇ ਰੇਕੀ ਕੀਤੀ ਸੀ। ਐਸਐਸਪੀ ਹਰਵਿੰਦਰ ਸਿੰਘ ਵਿਰਕ, ਐਸਪੀ ਵਿਸ਼ਾਲਜੀਤ ਸਿੰਘ, ਡੀਐਸਪੀ ਤਰਸੇਮ ਮਸੀਹ, ਬਰਜਿੰਦਰ ਸਿੰਘ ਤੋਂ ਇਲਾਵਾ ਸਾਈਬਰ ਕ੍ਰਾਈਮ ਸੈੱਲ ਅਤੇ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।